ਲੰਘੇ 24 ਘੰਟਿਆਂ ‘ਚ ਸਾਹਮਣੇ ਆਏ 8171 ਨਵੇਂ ਮਾਮਲੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਭਾਰਤ ‘ਚ ਕਰੋਨਾ ਦੇ ਮਰੀਜ਼ਾਂ ਦੀ ਕੁਲ ਗਿਣਤੀ 2 ਲੱਖ ਹੋ ਗਈ ਹੈ। ਲੰਘੇ 24 ਘੰਟਿਆਂ ਦੌਰਾਨ 8171 ਨਵੇਂ ਕਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਜਦਕਿ 204 ਲੋਕਾਂ ਦੀ ਕਰੋਨਾ ਵਾਇਰਸ ਨੇ ਜਾਨ ਲੈ ਲਈ।ਅੱਜ ਦਿੱਲੀ ਦੇ ਉਪ ਰਾਜਪਾਲ ਦੇ ਦਫ਼ਤਰ ‘ਚ ਕੰਮ ਕਰਨ ਵਾਲੇ 13 ਵਿਅਕਤੀਆਂ ਨੂੰ ਕਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਅਤੇ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ। ਉਧਰ ਦਿੱਲੀ ਦੇ ਮੁੱਖ ਅਰਵਿੰਦ ਕੇਜਰੀਵਾਲ ਨੇ ‘ਦਿੱਲੀ ਕਰੋਨਾ’ ਨਾਂ ਦਾ ਐਪ ਵੀ ਲਾਂਚ ਕੀਤਾ ਹੈ। ਇਥੇ ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਭਾਰਤ ਜਰਮਨੀ ਅਤੇ ਫਰਾਂਸ ਨੂੰ ਪਛਾੜ ਕੇ ਕਰੋਨਾ ਮਾਮਲੇ ਵਿਚ 7 ਨੰਬਰ ‘ਤੇ ਪਹੁੰਚਿਆ ਗਿਆ ਸੀ। ਦੂਜੇ ਪਾਸੇ ਦੁਨੀਆ ਭਰ ਵਿਚ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 64 ਲੱਖ ਨੂੰ ਪੁੱਜ ਗਈ ਹੈ ਜਦਕਿ ਕਰੋਨਾ ਵਾਇਰਸ ਕਾਰਨ 3 ਲੱਖ 77 ਹਜ਼ਾਰ ਤੋਂ ਵੱਧ ਵਿਅਕਤੀ ਦੁਨੀਆ ਭਰ ਵਿਚ ਜਾਨ ਗੁਆ ਚੁੱਕੇ ਹਨ। ਇਸ ਦੌਰਾਨ ਰਾਹਤ ਵਾਲੀ ਖਬਰ ਇਹ ਹੈ ਕਿ 29 ਲੱਖ 26 ਹਜ਼ਾਰ ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਉਧਰ ਨਿਊਜ਼ੀਲੈਂਡ ‘ਚ ਲੰਘੇ 11 ਦਿਨਾਂ ਤੋਂ ਕਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਨੇ ਕਿਹਾ ਕਿ ਕਰੋਨਾ ਵਾਇਰਸ ਨੂੰ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਨੂੰ ਅਗਲੇ ਹਫ਼ਤੇ ਤੱਕ ਹਟਾ ਲਿਆ ਜਾਵੇਗਾ।