![](https://parvasinewspaper.com/wp-content/uploads/2024/02/Chief-Khalsa-300x140.jpg)
ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਹਨ ਡਾ. ਇੰਦਰਬੀਰ ਸਿੰਘ ਨਿੱਝਰ
ਅੰਮਿ੍ਰਤਸਰ/ਬਿਊਰੋ ਨਿਊਜ਼
ਦੁਨੀਆ ਭਰ ’ਚ ਨਾਮਵਰ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੀ ਜਨਰਲ ਕਮੇਟੀ ਦੀਆਂ ਅੰਮਿ੍ਰਤਸਰ ’ਚ ਹੋਈਆਂ ਚੋਣਾਂ ਵਿਚ ਇਕ ਵਾਰ ਫਿਰ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਉਨ੍ਹਾਂ ਦੀ ਟੀਮ ਨੇ ਜਿੱਤ ਹਾਸਲ ਕੀਤੀ ਹੈ। ਡਾ. ਇੰਦਰਬੀਰ ਸਿੰਘ ਨਿੱਝਰ 247 ਵੋਟਾਂ ਲੈ ਕੇ ਦੂਜੀ ਵਾਰ ਸੰਸਥਾ ਦੇ ਪ੍ਰਧਾਨ ਬਣੇ ਹਨ ਅਤੇ ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਸੁਰਿੰਦਰ ਸਿੰਘ ਪਾਲ ਨੂੰ 97 ਵੋਟਾਂ ਦੇ ਫਰਕ ਨਾਲ ਹਰਾਇਆ। ਡਾ. ਇੰਦਰਬੀਰ ਸਿੰਘ ਨਿੱਝਰ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਹਨ। ਡਾ. ਇੰਦਰਬੀਰ ਸਿੰਘ ਨਿੱਝਰ ਧੜੇ ਵੱਲੋਂ ਜਿੱਤਣ ਵਾਲੇ ਉਮੀਦਵਾਰਾਂ ਵਿੱਚ ਮੀਤ ਪ੍ਰਧਾਨ ਦੇ ਦੋ ਅਹੁਦਿਆਂ ਲਈ ਸੰਤੋਖ ਸਿੰਘ ਸੇਠੀ ਅਤੇ ਜਗਜੀਤ ਸਿੰਘ ਬੰਟੀ ਚੋਣ ਜਿੱਤੇ ਹਨ। ਇਸੇ ਤਰ੍ਹਾਂ ਸਥਾਨਕ ਪ੍ਰਧਾਨ ਲਈ ਕੁਲਜੀਤ ਸਿੰਘ ਸਾਹਨੀ ਜੇਤੂ ਰਹੇ ਹਨ ਅਤੇ ਸਵਿੰਦਰ ਸਿੰਘ ਕੱਥੂਨੰਗਲ ਆਨਰੇਰੀ ਸਕੱਤਰ ਲਈ ਜੇਤੂ ਰਹੇ। ਇਸ ਮੌਕੇ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਚੀਫ ਖਾਲਸਾ ਦੀਵਾਨ ਦੀ ਚੜ੍ਹਦੀ ਕਲਾ ਲਈ ਸਾਰਿਆਂ ਦੇ ਸਹਿਯੋਗ ਨਾਲ ਇਕਮੁੱਠ ਹੋ ਕੇ ਕੰਮ ਕਰਾਂਗੇ।