ਪੰਜਾਬ ‘ਚੋਂ ਨਸ਼ਿਆਂ ਦੇ ਖਾਤਮੇ ਲਈ ਘਰ-ਘਰ ਤੱਕ ਪਹੁੰਚਾਉਣਗੇ ਸੰਦੇਸ਼; ਸੂਬਾਈ ਪ੍ਰਧਾਨ ਅਮਨ ਅਰੋੜਾ ਨੇ ਜਾਰੀ ਕੀਤੀ ਸੂਚੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਾਲ ‘ਨਸ਼ਾ ਮੁਕਤੀ ਮੋਰਚਾ’ ਦਾ ਗਠਨ ਕੀਤਾ ਗਿਆ ਹੈ। ਇਸ ਮੋਰਚੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ।
‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਅਤੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਸੂਬੇ ਵਿੱਚ 28 ਜ਼ਿਲ੍ਹਾ ਕੋਆਰਡੀਨੇਟਰਾਂ ਦਾ ਐਲਾਨ ਕਰ ਦਿੱਤਾ ਗਿਆ। ਇਹ ਕੋਆਰਡੀਨੇਟਰ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਘਰ-ਘਰ ਤੱਕ ਪਹੁੰਚ ਕਰਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਗੇ।
ਅਮਨ ਅਰੋੜਾ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਸਤਵੰਤ ਸਿਆਨ ਨੂੰ ਹੁਸ਼ਿਆਰਪੁਰ, ਹਰਦੀਪ ਸਿੰਘ ਸੋਨੂੰ ਨੂੰ ਜਲੰਧਰ ਦਿਹਾਤੀ, ਅਤਿਨ ਅਗਨੀਹੋਤਰੀ ਨੂੰ ਜਲੰਧਰ ਸ਼ਹਿਰੀ, ਪ੍ਰਦੀਪ ਥਿੰਦ ਨੂੰ ਕਪੂਰਥਲਾ, ਸੇਠੀ ਉਦਨੋਵਾਲ ਨੂੰ ਨਵਾਂਸ਼ਹਿਰ, ਕੁਲਦੀਪ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ, ਦੀਕਸ਼ਿਤ ਧਵਨ ਨੂੰ ਅੰਮ੍ਰਿਤਸਰ ਸ਼ਹਿਰੀ, ਮਾਨਿਤ ਮਹਿਤਾ ਨੂੰ ਗੁਰਦਾਸਪੁਰ, ਰੋਹਿਤ ਸਿਆਲ ਨੂੰ ਪਠਾਨਕੋਟ, ਅਮਿੰਦਰ ਸਿੰਘ ਅੰਮੀ ਨੂੰ ਤਰਨਤਾਰਨ, ਗਗਨ ਧਾਲੀਵਾਲ ਨੂੰ ਫਰੀਦਕੋਟ, ਓਮਕਾਰ ਚੌਹਾਨ ਨੂੰ ਫਤਹਿਗੜ੍ਹ ਸਾਹਿਬ, ਮਨਜੀਤ ਰਾਏਕੋਟ ਨੂੰ ਲੁਧਿਆਣਾ ਦਿਹਾਤੀ-1, ਹੇਮਰਾਜ ਨੂੰ ਲੁਧਿਆਣਾ ਦਿਹਾਤੀ-2, ਬਲਬੀਰ ਚੌਧਰੀ ਨੂੰ ਲੁਧਿਆਣਾ ਸ਼ਹਿਰੀ, ਸਿਮਰਨਜੀਤ ਸ਼ਰਮਾ ਨੂੰ ਮੋਗਾ, ਨਿਸ਼ਾਰ ਅਹਿਮਦ ਨੂੰ ਮਾਲੇਰਕੋਟਲਾ, ਯਾਦਵਿੰਦਰ ਨੂੰ ਪਟਿਆਲਾ ਦਿਹਾਤੀ, ਗੁਰਵਿੰਦਰ ਸਿੰਘ ਹੈਪੀ ਨੂੰ ਪਟਿਆਲਾ ਸ਼ਹਿਰੀ, ਹਰਪ੍ਰੀਤ ਕਾਹਲੋਂ ਨੂੰ ਰੂਪਨਗਰ, ਲਵਦੀਪ ਸ਼ਰਮਾ ਨੂੰ ਸੰਗਰੂਰ, ਅਨੂੰ ਬੱਬਰ ਨੂੰ ਮੁਹਾਲੀ ਦਾ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ।
ਨਸ਼ਿਆਂ ਖਿਲਾਫ ਲੜਾਈ ‘ਚ ਫਰੀਦਕੋਟ ਮੋਹਰੀ : ਡੀਜੀਪੀ
ਫਰੀਦਕੋਟ : ਪੰਜਾਬ ਦੇ ਡੀਜੀਪੀ ਪੁਲਿਸ ਗੌਰਵ ਯਾਦਵ ਨੇ ਫਰੀਦਕੋਟ ‘ਚ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਵਿੱਚ ਫਰੀਦਕੋਟ ਜ਼ਿਲ੍ਹਾ ਪੰਜਾਬ ਭਰ ਵਿੱਚੋਂ ਅੱਵਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਨੇ ਜਿੱਥੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਉੱਥੇ ਹੀ ਨਸ਼ੇ ਤੋਂ ਪੀੜਤ ਨੌਜਵਾਨਾਂ ਨੂੰ ਮੁੜ ਵਸੇਬਾ ਕੇਂਦਰਾਂ ਵਿੱਚ ਭਰਤੀ ਕਰਵਾਇਆ ਹੈ ਅਤੇ ਜ਼ਿਲ੍ਹੇ ਵਿੱਚ ਛੇ ਗੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ਬੰਦ ਕੀਤੇ ਹਨ ਅਤੇ ਨਸ਼ਾ ਤਸਕਰਾਂ ਦੀ ਪੰਜ ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰਕੇ 2 ਕਰੋੜ ਤੋਂ ਵੱਧ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਡੀਜੀਪੀ ਨੇ ਜ਼ਿਲ੍ਹੇ ਦੇ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਨਗਦ ਇਨਾਮ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਿਨ੍ਹਾਂ ਨੇ ਨਸ਼ਿਆਂ ਖਿਲਾਫ ਸ਼ਲਾਘਾਯੋਗ ਲੜਾਈ ਲੜੀ। ਇਸ ਮੌਕੇ ਉਨ੍ਹਾਂ ਪੁਲਿਸ ਲਾਈਨ ਵਿੱਚ ਖੋਲ੍ਹੇ ਗਏ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਦਾ ਉਦਘਾਟਨ ਕੀਤਾ ਅਤੇ ਇਸ ਦੇ ਨਾਲ ਹੀ ਪੁਲਿਸ ਲਾਈਨ ਵਿੱਚ ਬਣਾਈਆਂ ਗਈਆਂ ਦੋ ਹੋਰ ਨਵੀਆਂ ਇਮਾਰਤਾਂ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਪੁਲਿਸ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਪੰਜਾਬ ਸਰਕਾਰ ਅਤੇ ਕੇਂਦਰੀ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ।
ਪੰਜਾਬ ‘ਚ ਨਸ਼ਾ ਮੁਕਤੀ ਲਈ ਹਰ ਜ਼ਿਲ੍ਹੇ ਨੂੰ 10 ਲੱਖ ਰੁਪਏ ਦੇਣ ਦਾ ਫੈਸਲਾ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਸਾਰਥਕ ਬਣਾਉਣ ਲਈ ਅਤੇ ਨਸ਼ੀਲੇ ਪਦਾਰਥਾਂ ਦੀ ਮੰਗ ਘਟਾਉਣ ਲਈ ਲਗਪਗ 10 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਇਸ ਦੌਰਾਨ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਲਈ ਹਰੇਕ ਜ਼ਿਲ੍ਹੇ ਨੂੰ 10 ਲੱਖ ਰੁਪਏ ਦਿੱਤੇ ਜਾਣਗੇ। ਜਿਹੜਾ ਜ਼ਿਲ੍ਹਾ ਇਸ ਸਬੰਧੀ ਵਧੀਆ ਉਪਰਾਲੇ ਕਰੇਗਾ ਉਸ ਦੀ ਰਾਸ਼ੀ 10 ਲੱਖ ਤੋਂ ਵਧਾਈ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।
Check Also
ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਆਨਲਾਈਨ ਮਿਲਣੀ
ਪੰਜਵੀਂ ਮਿਲਣੀ ‘ਚ 82 ਸ਼ਿਕਾਇਤਾਂ ‘ਤੇ ਹੋਈ ਸੁਣਵਾਈ ਚੰਡੀਗੜ੍ਹ/ਬਿਊਰੋ ਨਿਊਜ਼ : ਐੱਨਆਰਆਈ ਮਾਮਲਿਆਂ ਬਾਰੇ ਮੰਤਰੀ …