Breaking News
Home / ਪੰਜਾਬ / ਫਿਰੋਜ਼ਪੁਰ ‘ਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ‘ਚ ਹੋਇਆ ਸਮਾਗਮ

ਫਿਰੋਜ਼ਪੁਰ ‘ਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ‘ਚ ਹੋਇਆ ਸਮਾਗਮ

ਸਾਰਾਗੜ੍ਹੀ ਦੇ ਇਤਿਹਾਸ ਬਾਰੇ ਲੋਕਾਂ ਨੂੰ ਕਰਵਾਇਆ ਜਾਣੂ
ਫ਼ਿਰੋਜ਼ਪੁਰ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਫਿਰੋਜ਼ਪੁਰ ‘ਚ ਇਤਿਹਾਸਿਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸਾਰਾਗੜ੍ਹੀ ਦੀ ਲੜਾਈ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸਾਧੂ ਸਿੰਘ ਧਰਮਸੋਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਤੋਂ ਪਹਿਲਾਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਦੇ ਦੀਵਾਨ ਹਾਲ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਹਜ਼ੂਰੀ ਰਾਗੀਆਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਹੀਦਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾਂ, ਫ਼ੌਜ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਸਾਰਾਗੜ੍ਹੀ ਦੇ ਬਲੀਦਾਨ ਦੀ ਮਿਸਾਲ ਕੁੱਲ ਆਲਮ ਵਿੱਚ ਨਹੀਂ ਮਿਲਦੀ ਜਦੋਂ 21 ਸਿੱਖ ਸੈਨਿਕਾਂ ਨੇ 10 ਹਜ਼ਾਰ ਪਠਾਣਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਕੇ ਸ਼ਹਾਦਤ ਦਾ ਜਾਮ ਪੀਤਾ। ਉਨ੍ਹਾਂ ਐਲਾਨ ਕੀਤਾ ਕਿ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਨ ਵਾਲੇ ਸਮਾਰਕ, ਮਿਊਜ਼ੀਅਮ ਆਦਿ ‘ਤੇ ਜਿੰਨੀ ਵੀ ਰਾਸ਼ੀ ਦੀ ਲੋੜ ਹੋਵੇਗੀ, ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ। ਸਾਰਾਗੜ੍ਹੀ ਦੇ ਇਤਿਹਾਸ ਸਬੰਧੀ ਰਾਜ ਦੇ ਵਿਦਿਆਰਥੀਆਂ ਤੇ ਦੇਸ਼ ਦੇ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਵਾਰਸਾਂ, ਬ੍ਰਿਟਿਸ਼ ਆਰਮੀ ਦੇ ਬ੍ਰਿਗੇਡੀਅਰ ਟਿਮੱਬੀ ਜੌਨ ਸੀਲ ਤੇ ਸਾਥੀਆਂ, ਇਤਿਹਾਸਕਾਰ ਗੁਰਿੰਦਰਪਾਲ ਸਿੰਘ ਜੋਸਨ, 4 ਸਿੱਖ ਰੈਜੀਮੈਂਟ ਦੇ ਸਾਬਕਾ ਅਧਿਕਾਰੀ ਬ੍ਰਿਗੇਡੀਅਰ ਕਮਲਜੀਤ ਸਿੰਘ, ਕਰਨਲ ਬੀ.ਐਸ.ਚਾਹਲ, ਕੈਪਟਨ ਅਮਰਜੀਤ ਸਿੰਘ ਜੇਜੀ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਸ਼੍ਰੋਮਣੀ ਕਮੇਟੀ ਨੇ ਵੀ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਕੀਤਾ ਯਾਦ
ਫ਼ਿਰੋਜ਼ਪੁਰ : ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ਵਿੱਚ ਫਿਰੋਜ਼ਪੁਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਗੁਰੂਸਰ ਜ਼ਾਮਨੀ ਸਾਹਿਬ ਬਜੀਦਪੁਰ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਰਾਇ ਸਿੰਘ ਨੇ ਕੀਰਤਨ ਸਰਵਣ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ ਤੇ ਗਿਆਨੀ ਜਸਵੰਤ ਸਿੰਘ ਨੇ ਸੰਗਤ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਆ। ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਾਂ ਦਾ ਸਮੁੱਚਾ ਇਤਿਹਾਸ ਕੁਰਬਾਨੀਆਂ ਦੀ ਵਿਲੱਖਣ ਗਾਥਾ ਹੈ। ਸਾਰਾਗੜ੍ਹੀ ਜੰਗ ਦੇ 21 ਸਿੱਖ ਫ਼ੌਜੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਦੁਸ਼ਮਣਾਂ ਦਾ ਦਲੇਰੀ ਨਾਲ ਮੁਕਾਬਲਾ ਕਰ ਕੇ ਦਰਸਾ ਦਿੱਤਾ ਸੀ ਕਿ ਸਿੱਖ ਮੈਦਾਨ-ਏ-ਜੰਗ ਵਿੱਚੋਂ ਕਦੇ ਪਿੱਛੇ ਨਹੀਂ ਹਟਦੇ। ਇਸ ਇਤਿਹਾਸ ਨੂੰ ਨੌਜਵਾਨ ਪੀੜ੍ਹੀ ਤੱਕ ਲਿਜਾਣਾ ਸਮੇਂ ਦੀ ਮੁੱਖ ਲੋੜ ਹੈ।

 

Check Also

ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਮਾਮਲੇ ’ਚ ਸ਼੍ਰੋਮਣੀ ਕਮੇਟੀ ਨੇ ਭੇਜਿਆ ਨੋਟਿਸ

  ਅੰਮਿ੍ਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਧੀ ਦੇ …