ਜਲੰਧਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਕਠੂਆ ਤੋਂ ਮਾਲਗੱਡੀ ਬਿਨਾ ਡਰਾਈਵਰ-ਗਾਰਡ ਤੋਂ ਚੱਲ ਕੇ ਲੰਘੇ ਕੱਲ੍ਹ ਪੰਜਾਬ ਪਹੁੰਚ ਗਈ ਸੀ ਅਤੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੇ ਇਸ ਮਾਮਲੇ ਵਿਚ ਕਠੂਆ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ, ਲੋਕੋ ਪਾਇਲਟ, ਸਹਾਇਕ ਲੋਕੋ ਪਾਇਲਟ ਸਣੇ 6 ਵਿਅਕਤੀਆਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਫਿਰੋਜ਼ਪੁਰ ਮੰਡਲ ਦੇ ਡੀ.ਆਰ.ਐਮ. ਸੰਜੇ ਸਾਹੂ ਨੇ ਇਸ ਗੱਲ ਪੁਸ਼ਟੀ ਕੀਤੀ ਹੈ। ਡੀ.ਆਰ.ਐਮ. ਨੇ ਕਿਹਾ ਕਿ ਇਸ ਮਾਮਲੇ ਸਬੰਧੀ ਜੋ ਕਮੇਟੀ ਬਣਾਈ ਗਈ ਹੈ ਉਹ ਜਾਂਚ ਕਰਨ ਵਿਚ ਜੁਟ ਗਈ ਹੈ ਕਿ ਇਹ ਮਾਲਗੱਡੀ ਇੰਜਣ ਬੰਦ ਹੋਣ ਦੇ ਬਾਵਜੂਦ ਕਿਸ ਤਰ੍ਹਾਂ ਕਠੂਆ ਰੇਲਵੇ ਸਟੇਸ਼ਨ ਤੋਂ ਚੱਲ ਕੇ ਉਚੀ ਬੱਸੀ ਤੱਕ ਪਹੁੰਚ ਗਈ। ਧਿਆਨ ਰਹੇ ਕਿ ਇਹ ਰੇਲ ਗੱਡੀ ਬਿਨਾ ਡਰਾਈਵਰ ਤੋਂ 70 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਮੁਕੇਰੀਆਂ ਨੇੜੇ ਉਚੀ ਬਸੀ ਦੇ ਕੋਲ ਆ ਕੇ ਰੋਕੀ ਗਈ।