Breaking News
Home / ਪੰਜਾਬ / ਹਰਸਿਮਰਤ, ਸੁਨੀਲ ਜਾਖੜ ਤੇ ਭੱਠਲ ਸਣੇ ਕਈ ਆਗੂਆਂ ਦੀ ਸੁਰੱਖਿਆ ਘਟਾਈ

ਹਰਸਿਮਰਤ, ਸੁਨੀਲ ਜਾਖੜ ਤੇ ਭੱਠਲ ਸਣੇ ਕਈ ਆਗੂਆਂ ਦੀ ਸੁਰੱਖਿਆ ਘਟਾਈ

ਪੰਜਾਬ ਦੇ ਸਿਆਸਤਦਾਨਾਂ ਨੂੰ ਵੱਡਾ ਸਿਆਸੀ ਝਟਕਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ ਨੇ ਸੂਬੇ ਦੇ ਕਈ ਵੱਡੇ ਸਿਆਸਤਦਾਨਾਂ ਨੂੰ ਸਿਆਸੀ ਝਟਕਾ ਦਿੰਦਿਆਂ 8 ਆਗੂਆਂ ਦੀ ਸੁਰੱਖਿਆ ਵਿੱਚ ਵੱਡੀ ਕਟੌਤੀ ਕੀਤੀ ਹੈ। ਜਿਨ੍ਹਾਂ ਸਿਆਸੀ ਆਗੂਆਂ ਦੀ ਸੁਰੱਖਿਆ ਘੱਟ ਕੀਤੀ ਗਈ ਹੈ ਉਨ੍ਹਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਸ਼ਾਮਲ ਹਨ। ਸਰਕਾਰ ਨੇ ਇਨ੍ਹਾਂ ਆਗੂਆਂ ਨੂੰ ਇੱਕ ਹੋਰ ਝਟਕਾ ਦਿੰਦਿਆਂ ਸੁਰੱਖਿਆ ਦੇ ਵਿਸ਼ੇਸ਼ ਵਰਗ ਤੋਂ ਵੀ ਵਾਂਝਾ ਕਰ ਦਿੱਤਾ ਹੈ।
ਹਰਸਿਮਰਤ ਕੌਰ ਬਾਦਲ ਅਤੇ ਰਾਜਿੰਦਰ ਕੌਰ ਭੱਠਲ ਨੂੰ ਦਿੱਤੀ ਵਿਸ਼ੇਸ਼ ਵਰਗ ਦੀ ਸੁਰੱਖਿਆ ਹੀ ਬਹਾਲ ਰੱਖੀ ਗਈ ਹੈ। ਸੁਰੱਖਿਆ ਵਿੱਚ ਕੀਤੀ ਕਟੌਤੀ ਵਿੱਚ ਸਭ ਤੋਂ ਜ਼ਿਆਦਾ ਪੁਲਿਸ ਕਰਮਚਾਰੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਨਾਲੋਂ ਹਟਾਏ ਗਏ ਹਨ। ਪੁਲਿਸ ਦੇ ਪੱਤਰ ਮੁਤਾਬਕ ਭੱਠਲ ਨੂੰ ਵਾਈ ਪਲੱਸ ਸੁਰੱਖਿਆ ਵਰਗ ਅਧੀਨ ਸੂਬਾ ਸਰਕਾਰ ਵੱਲੋਂ 36 ਪੁਲਿਸ ਕਰਮਚਾਰੀ ਅਤੇ ਵਾਹਨ ਦਿੱਤੇ ਹੋਏ ਸਨ।
ਸਰਕਾਰ ਨੇ ਇਨ੍ਹਾਂ ਵਿੱਚੋਂ 28 ਕਰਮਚਾਰੀ ਅਤੇ 3 ਵਾਹਨ ਵਾਪਸ ਬੁਲਾ ਲਏ ਹਨ ਤੇ ਹੁਣ 8 ਪੁਲਿਸ ਕਰਮਚਾਰੀ ਹੀ ਸੁਰੱਖਿਆ ਲਈ ਤਾਇਨਾਤ ਹਨ। ਹਰਸਿਮਰਤ ਕੌਰ ਬਾਦਲ ਨੂੰ ਜ਼ੈੱਡ ਸੁਰੱਖਿਆ ਅਧੀਨ ਰਾਜ ਸਰਕਾਰ ਵੱਲੋਂ 13 ਕਰਮਚਾਰੀ ਅਤੇ ਵਾਹਨ ਦਿੱਤੇ ਹੋਏ ਹਨ। ਸਾਬਕਾ ਕੇਂਦਰੀ ਮੰਤਰੀ ਦੀ ਸੁਰੱਖਿਆ ਛਤਰੀ ਵਿੱਚੋਂ 2 ਕਰਮਚਾਰੀ ਅਤੇ 1 ਵਾਹਨ ਘਟਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਦੂਜਾ ਵੱਡਾ ਝਟਕਾ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਦਿੱਤਾ ਗਿਆ ਹੈ। ਇਸ ਸਾਬਕਾ ਵਿਧਾਇਕ ਨੂੰ ਜ਼ੈੱਡ ਸੁਰੱਖਿਆ ਅਧੀਨ ਰਾਜ ਸਰਕਾਰ ਵੱਲੋਂ 28 ਸੁਰੱਖਿਆ ਕਰਮਚਾਰੀ ਦਿੱਤੇ ਹੋਏ ਸਨ। ਸਰਕਾਰ ਨੇ 26 ਕਰਮਚਾਰੀ ਅਤੇ ਇੱਕ ਵਾਹਨ ਵਾਪਸ ਬੁਲਾ ਲਿਆ ਤੇ ਨਾਲ ਹੀ ਜ਼ੈੱਡ ਸੁਰੱਖਿਆ ਦੇ ਵਰਗ ਨੂੰ ਖ਼ਤਮ ਕਰਦਿਆਂ ਦੋ ਕਰਮਚਾਰੀ ਹੀ ਦਿੱਤੇ ਹਨ ਤੇ ਪੁਲਿਸ ਦਾ ਦਾਅਵਾ ਹੈ ਕਿ ਇਸ ਕਾਂਗਰਸੀ ਆਗੂ ਨੂੰ ਕੋਈ ਖਾਸ ਖ਼ਤਰਾ ਨਹੀਂ ਹੈ।
ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਕੋਲ ਵੀ ਵਾਈ ਵਰਗ ਦੀ ਸੁਰੱਖਿਆ ਹਾਸਲ ਅਤੇ 11 ਪੁਲਿਸ ਕਰਮਚਾਰੀ ਸਨ ।
ਪੁਲਿਸ ਨੇ ਹੁਣ 11 ਕਰਮਚਾਰੀ ਅਤੇ ਇੱਕ ਵਾਹਨ ਵਾਪਸ ਬੁਲਾਉਣ ਦੇ ਹੁਕਮ ਦਿੱਤੇ ਹਨ। ਨਵਤੇਜ ਸਿੰਘ ਚੀਮਾ ਨਾਲੋਂ ਵੀ 11 ਕਰਮਚਾਰੀ ਤੇ ਇੱਕ ਵਾਹਨ ਵਾਪਸ ਬੁਲਾ ਕੇ ਦੋ ਕਰਮਚਾਰੀਆਂ ਦੀ ਹੀ ਸੁਰੱਖਿਆ ਦਿੱਤੀ ਹੈ। ਢਿੱਲੋਂ ਅਤੇ ਚੀਮਾ ਦੋਵੇਂ ਹੀ ਕਾਂਗਰਸ ਦੇ ਸਾਬਕਾ ਵਿਧਾਇਕ ਸੁਰੱਖਿਆ ਦਾ ਵਾਈ ਵਰਗ ਗੁਆ ਬੈਠੇ ਹਨ। ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਜ਼ੈੱਡ ਸੁਰੱਖਿਆ ਵਰਗ ‘ਚ ਰੱਖ ਕੇ 37 ਕਰਮਚਾਰੀ ਤਾਇਨਾਤ ਕੀਤੇ ਹੋਏ ਸਨ ਤੇ ਸਰਕਾਰ ਨੇ 19 ਸੁਰੱਖਿਆ ਕਰਮਚਾਰੀ ਘਟਾ ਕੇ 18 ਪੁਲਿਸ ਕਰਮੀਆਂ ਦੀ ਸੁਰੱਖਿਆ ਦਿੱਤੀ ਹੈ।
ਇਸੇ ਤਰ੍ਹਾਂ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸੁਰੱਖਿਆ ਲਈ ਤਾਇਨਾਤ 22 ਕਰਮਚਾਰੀਆਂ ਵਿੱਚ 18 ਅਤੇ ਇੱਕ ਵਾਹਨ ਵਾਪਸ ਲੈ ਲਿਆ ਹੈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ 10 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਸਿਆਸਤਦਾਨਾਂ, ਅਧਿਕਾਰੀਆਂ, ਡੇਰੇਦਾਰਾਂ ਅਤੇ ਸ਼ਿਵ ਸੈਨਿਕਾਂ ਆਦਿ ਦੀ ਸੁਰੱਖਿਆ ਲਈ ਹੀ ਤਾਇਨਾਤ ਹਨ।

 

Check Also

ਪਠਾਨਕੋਟ ਦਾ ਮਰਚੈਂਟ ਨੇਵੀ ਅਫਸਰ ਓਮਾਨ ਦੇ ਸਮੁੰਦਰ ’ਚ ਲਾਪਤਾ

ਪਿਛਲੇ ਦਿਨੀਂ ਓਮਾਨ ਦੇ ਸਮੁੰਦਰ ’ਚ ਪਲਟ ਗਿਆ ਸੀ ਤੇਲ ਵਾਲਾ ਸਮੁੰਦਰੀ ਟੈਂਕਰ ਨਵੀਂ ਦਿੱਲੀ/ਬਿਊਰੋ …