ਕਿਸਾਨ ਜਥੇਬੰਦੀਆਂ ਨੂੰ ਪੰਜਾਬ ’ਚ ਚੋਣਾਂ ਲੜਨ ਵਾਸਤੇ ਉਕਸਾਇਆ ਜਾ ਰਿਹੈ : ਡਾ. ਪਿਆਰਾ ਲਾਲ ਗਰਗ
ਚੰਡੀਗੜ੍ਹ/ਬਿੳੂਰੋ ਨਿੳੂਜ਼
ਕਿਸਾਨਾਂ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਪਰ ਇਹ ਅਫਵਾਹਾਂ ਹੀ ਹਨ। ਇਸ ਸਬੰਧੀ ਡਾ. ਪਿਆਰਾ ਸਿੰਘ ਲਾਲ ਗਰਗ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਵਿਚ ਚੋਣ ਲੜਨ ਵਾਸਤੇ ਉਕਸਾਇਆ ਜਾ ਰਿਹਾ ਹੈ। ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਦੀ ਇਹ ਨਵੀਂ ਚਾਲ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਵਾਪਿਸ ਕਰਵਾਉਣ ਤੋਂ ਬਿਨਾ ਜਾਂ ਅੰਦੋਲਨ ਸਮੇਟਣ ਤੋਂ ਪਹਿਲਾਂ ਜੇ ਅਜਿਹਾ ਕਰਨਗੀਆਂ ਤਾਂ ਉਹ ਸਿਆਸੀ ਲਾਲਚ ਹੋਵੇਗਾ ਅਤੇ ਏਨੇ ਵੱਡੇ ਇਤਿਹਾਸਕ ਅੰਦੋਲਨ ਦੀ ਪ੍ਰਾਪਤੀ ਉਪਰ ਮਿਟੀ ਪੈ ਜਾਵੇਗੀ। ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਕਾਨੂੰਨ ਵਾਪਿਸ ਕਰਾਉਣ ਦੇ ਮੁੱਦੇ ’ਤੇ ਇਕਜੁੱਟ ਹੋਈਆਂ ਹਨ ਨਾ ਕਿ ਚੋਣਾਂ ਲੜਨ ਵਾਸਤੇ। ਚੋਣਾਂ ਵਿਚ ਖੜੇ੍ਹ ਹੋਣ ਨਾਲ ਅੰਦੋਲਨ ਖੱਖੜੀਆਂ ਕਰੇਲੇ ਹੋ ਜਾਵੇਗਾ। ਮੋਦੀ, ਸ਼ਾਹ ਅਤੇ ਤੋਮਰ ਹੱਸਣਗੇ, ‘ਦੁਬਿਧਾ ਮੇਂ ਦੋਨੋ ਗਏ ਨਾ ਮਾਇਆ ਮਿਲੀ ਨਾ ਰਾਮ’। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੀਜੇਪੀ ਨੂੰ ਘਟਾ ਕੇ ਨਾ ਵੇਖੋ। ਲੋੜ ਹੈ ਕਿ ਬੀਜੇਪੀ ਇੱਕ ਵੀ ਸੀਟ ਨਾ ਜਿੱਤ ਸਕੇ, ਇੱਕ ਪ੍ਰਤੀਸ਼ਤ ਵੋਟ ਨਾ ਲੈ ਸਕੇ। ਉਨ੍ਹਾਂ ਕਿਹਾ ਕਿ ਸਹਿਰੀ ਚੋਣਾਂ ਵਿੱਚ ਭਾਜਪਾ ਨੇ 49 ਸੀਟਾਂ ਜਿਤੀਆਂ ਹਨ ਅਤੇ ਪੰਜਾਬ ਵਿੱਚ ਵੀ ਬੀਜੇਪੀ ਦਾ ਵਿਰੋਧ ਡੱਟ ਕੇ ਕਰਨ ਦੀ ਲੋੜ ਹੈ। ਧਿਆਨ ਰਹੇ ਪਿਛਲੇ ਦਿਨੀ ਗੁਰਨਾਮ ਸਿੰਘ ਚੜੂਨੀ ਦਾ ਬਿਆਨ ਸਾਹਮਣੇ ਆਇਆ ਸੀ ਕਿ ਕਿਸਾਨਾਂ ਨੂੰ ਪੰਜਾਬ ਵਿਚ ਵਿਧਾਨ ਸਭਾ ਚੋਣ ਲੜਨੀ ਚਾਹੀਦੀ ਹੈ ਅਤੇ ਪੰਜਾਬ ਵਿਚ ਕਿਸਾਨਾਂ ਦੀ ਸਰਕਾਰ ਬਣਾ ਕੇ ਮਸਲੇ ਹੱਲ ਕੀਤੇ ਜਾ ਸਕਦੇ ਹਨ। ਇਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨ ਪਾਲ ਨੇ ਸਪੱਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਚੋਣਾਂ ਲੜਨ ਦਾ ਕੋਈ ਵੀ ਵਿਚਾਰ ਨਹੀਂ ਹੈ ਅਤੇ ਇਹ ਗੁਰਨਾਮ ਸਿੰਘ ਚੜੂਨੀ ਦੇ ਆਪਣੇ ਨਿੱਜੀ ਵਿਚਾਰ ਹਨ।