ਟਰੱਕ ਨੇ ਕਾਰ ਨੂੰ ਪਿੱਛੋਂ ਮਾਰੀ ਸੀ ਟੱਕਰ, ਟਰੱਕ ਡਰਾਈਵਰ ਵੀ ਹੋਇਆ ਗੰਭੀਰ ਜ਼ਖਮੀ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਲੰਘੀ ਦੇਰ ਰਾਤ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਪੰਜ ਨੌਜਵਾਨਾਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ। ਇਹ ਪੰਜੋ ਵਿਅਕਤੀ ਇਕ ਵਾਰ ਵਿਚ ਸਵਾਰ ਸਨ ਅਤੇ ਇਨ੍ਹਾਂ ਦੀ ਕਾਰ ਨੂੰ ਜਲੰਧਰ ਪਠਾਨਕੋਟ ਹਾਈਵੇ ’ਤੇ ਦਸੂਹਾ ਨੇੜੇ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਤੋਂ ਬਅਦ ਕਾਰ ਵਿਚ ਇਕ ਧਮਾਕਾ ਹੋਇਆ ਅਤੇ ਕਾਰ ਨੂੰ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਵੀ ਆਪਣਾ ਸੰਤੁਲਨ ਖੋਹ ਬੈਠਿਆ ਅਤੇ ਟਰੱਕ ਵੀ ਪਲਟ ਗਿਆ। ਇਸ ਹਾਦਸੇ ਦੌਰਾਨ ਟਰੱਕ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਟਰੱਕ ਤੋਂ ਬਾਹਰ ਕੱਢਿਆ। ਹਾਦਸੇ ਦੌਰਾਨ ਮਾਰੇ ਗਏ ਪੰਜੋ ਵਿਅਕਤੀ ਜਲੰਧਰ ਦੇ ਰਹਿਣ ਵਾਲੇ ਸਨ ਜਿਨ੍ਹਾਂ ਦੀ ਪਹਿਚਾਣ ਰਿਸ਼ਭ ਮਿਨਹਾਸ, ਇੰਦਰਜੀਤ ਕੌਂਡਲ, ਅੰਕਿਤ, ਸੁਰਜੀਤ ਅਤੇ ਰਾਜੂ ਵਜੋਂ ਹੋਈ ਹੈ। ਇਹ ਸਾਰੇ ਕਾਰ ’ਚ ਜਲੰਧਰ ਤੋਂ ਪਠਾਨਕੋਟ ਜਾ ਰਹੇ ਸਨ ਅਤੇ ਰਸਤੇ ਵਿਚ ਇਹ ਭਿਆਨਕ ਹਾਦਸਾ ਵਾਪਰ ਗਿਆ। ਮੌਕੇ ’ਤੇ ਪਹੁੰਚੀ ਪੁਲਿਸ ਮਿ੍ਰਤਕ ਦੇਹਾਂ ਅਤੇ ਹਾਦਸੇ ’ਚ ਨੁਕਸਾਨੇ ਗਏ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ।