ਪਹਿਲੀ ਵਾਰ ਤਿੰਨਾਂ ਸੈਨਾਵਾਂ ਦੀਆਂ ਟੁਕੜੀਆਂ ਨੂੰ ਮਹਿਲਾ ਅਫਸਰਾਂ ਨੇ ਕੀਤਾ ਲੀਡ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਨੇ ਅੱਜ ਆਪਣਾ 75ਵਾਂ ਗਣਤੰਤਰ ਦਿਵਸ ਮਨਾਇਆ। ਇਸ ਮੌਕੇ ਪਰੇਡ ਦੌਰਾਨ ਤਿੰਨਾਂ ਸੈਨਾਵਾਂ ਦੀਆਂ ਟੁਕੜੀਆਂ ਨੂੰ ਮਹਿਲਾ ਅਫਸਰਾਂ ਨੇ ਲੀਡ ਕੀਤਾ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਵਿਖੇ ਵਾਰ ਮੈਮੋਰੀਅਲ ਪਹੁੰਚੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਪੀਐਮ ਮੋਦੀ ਨੇ ਦੋ ਮਿੰਟ ਦਾ ਮੋਨ ਵੀ ਰੱਖਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਗਣਤੰਤਰ ਦਿਵਸ ਦੀ ਪਰੇਡ ਵਿਚ ਸ਼ਾਮਲ ਹੋਏ। ਉਧਰ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਬੱਘੀ ਵਿਚ ਸਵਾਰ ਹੋ ਕੇ ਕਰਤੱਬਯ ਪੱਥ ਪਹੁੰਚੇ। ਕਰੀਬ 40 ਸਾਲਾਂ ਬਾਅਦ ਕੋਈ ਰਾਸ਼ਟਰਪਤੀ ਗਣਤੰਤਰ ਦਿਵਸ ਦੇ ਸਮਾਗਮ ਦੇ ਲਈ ਬੱਘੀ ਵਿਚ ਬੈਠ ਕੇ ਪਹੁੰਚਿਆ ਹੈ। ਇਸੇ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੂਜੀ ਵਾਰ ਰਾਜਪਥ ’ਤੇ ਤਿਰੰਗਾ ਲਹਿਰਾਇਆ। ਗਣਤੰਤਰ ਦਿਵਸ ਸਮਾਗਮਾਂ ਲਈ 13 ਹਜ਼ਾਰ ਸਪੈਸ਼ਲ ਗੈਸਟ ਵੀ ਪਹੁੰਚੇ ਹੋਏ ਸਨ। ਇਸ ਵਾਰ ਗਣਤੰਤਰ ਦਿਵਸ ਦੀ ਥੀਮ ‘ਵਿਕਸਿਤ ਭਾਰਤ’ ਰਹੀ।