ਕਿਹਾ : ਮੈਂ ਇਨ੍ਹਾਂ ਝੂਠੇ ਕੇਸਾਂ ਤੋਂ ਡਰਨ ਵਾਲਾ ਨਹੀਂ
ਪਟਿਆਲਾ/ਬਿਊਰੋ ਨਿਊਜ਼ : ਡਰੱਗ ਤਸਕਰੀ ਮਾਮਲੇ ’ਚ ਸੀਨੀਅਰ ਅਕਾਲੀ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ ਵਿਖੇ ਸਿੱਟ ਅੱਗੇ ਪੇਸ਼ ਹੋਏ। ਜਿੱਥੇ ਡਰੱਗ ਤਸਕਰੀ ਮਾਮਲੇ ’ਚ ਸਿੱਟ ਵੱਲੋਂ ਮਜੀਠੀਆ ਕੋਲੋਂ ਪੁੱਛਗਿੱਛ ਕੀਤੀ ਗਈ। ਮਜੀਠੀਆ ਸਿੱਟ ਸਾਹਮਣੇ ਅੱਜ ਚੌਥੀ ਵਾਰ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਤਿੰਨ ਵਾਰ ਡਰੱਗ ਤਸਕਰੀ ਮਾਮਲੇ ’ਚ ਸਿੱਟ ਉਨ੍ਹਾਂ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ। ਪ੍ਰੰਤੂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਿਚ ਬਣੀ ਨਵੀਂ ਸਿੱਟ ਅੱਗੇ ਬਿਕਰਮ ਮਜੀਠੀਆ ਅੱਜ ਪਹਿਲੀ ਵਾਰ ਪੇਸ਼ ਹੋਏ। ਜਦਕਿ ਇਸ ਤੋਂ ਪਹਿਲਾਂ ਉਹ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੀ ਸਿੱਟ ਅੱਗੇ ਪੇਸ਼ ਹੁੰਦੇ ਰਹੇ ਹਨ। ਧਿਆਨ ਰਹੇ ਕਿ ਮੁੱਖਵਿੰਦਰ ਸਿੰਘ ਛੀਨਾ ਲੰਘੀ 31 ਦਸੰਬਰ ਨੂੰ ਅਹੁਦੇ ਤੋਂ ਰਿਟਾਇਰ ਹੋ ਚੁੱਕੇ ਹਨ। ਸਿੱਟ ਅੱਗੇ ਪੇਸ਼ ਤੋਂ ਹੋਣ ਤੋਂ ਪਹਿਲਾ ਬਿਕਰਮ ਸਿੰਘ ਮਜੀਠੀਆ ਨੇ ਇਸ ਕੇਸ ਨੂੰ ਝੂਠਾ ਦੱਸਦੇ ਹੋਏ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਚਾਹੇ ਮੇਰੇ ’ਤੇ ਇਕ-ਦੋ ਝੂਠੇ ਪਰਚੇ ਹੋਰ ਦਰਜ ਕਰ ਦੇਵੇ ਪ੍ਰੰਤੂ ਮੈਂ ਇਨ੍ਹਾਂ ਝੂਠੇ ਕੇਸਾਂ ਤੋਂ ਡਰਨ ਵਾਲਾ ਨਹੀਂ।