-5.9 C
Toronto
Monday, January 5, 2026
spot_img
HomeਕੈਨੇਡਾFrontਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ 4 ਬਿਲ ਹੋਏ ਪਾਸ

ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ 4 ਬਿਲ ਹੋਏ ਪਾਸ

ਕਾਂਗਰਸ ਦੇ ਵਾਕਆਊਟ ਮਗਰੋਂ ਸ਼ੈਸ਼ਨ ਨੂੰ ਅਣਮਿੱਥੇ ਸਮੇਂ ਲਈ ਕੀਤਾ ਗਿਆ ਮੁਲਤਵੀ


ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਅਤੇ ਆਖਰੀ ਦਿਨ ਇਕ ਵਾਰ ਫਿਰ ਤੋਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਹੰਗਾਮਾ ਹੋਇਆ। ਮਤਾ ਪੇਸ਼ ਕੀਤੇ ਜਾਣ ਦੌਰਾਨ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਦਿਆਂ ਨੂੰ ਚੁੱਕਣ ਲਈ ਵਾਧੂ ਸਮੇਂ ਦੀ ਮੰਗ ਕੀਤੀ। ਪ੍ਰੰਤੂ ਇਸ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਪੱਸ਼ਟ ਕੀਤਾ ਕਿ ਸਬੰਧਤ ਮੁੱਦੇ ਵਿਧਾਨ ਸਭਾ ’ਚ ਉਠਾਏ ਜਾ ਚੁੱਕੇ ਹਨ ਇਸ ਤੋਂ ਬਾਅਦ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਕਾਂਗਰਸ ਦੇ ਵਾਕਆਊਟ ਤੋਂ ਬਾਅਦ ਵਿਧਾਨ ਸਭਾ ’ਚ ਨਵੇਂ ਸੋਧ ਬਿਲ ਪੇਸ਼ ਕੀਤੇ ਗਏ ਅਤੇ ਉਨ੍ਹਾਂ ਦੇ ਪਾਸ ਹੁੰਦਿਆਂ ਹੀ ਵਿਧਾਨ ਸਭਾ ਦੇ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਦੌਰਾਨ ਤਿੰਨ ਮਨੀ ਬਿਲਾਂ ਸਮੇਤ ਕੁੱਲ ਚਾਰ ਬਿਲ ਸਦਨ ’ਚ ਪਾਸ ਕੀਤੇ ਗਏ। ਇਨ੍ਹਾਂ ’ਚ ਟਰਾਂਸਫਰ ਆਫ਼ ਪ੍ਰਾਪਰਟੀ ਸੋਧ ਬਿਲ 2023, ਰਜਿਸਟ੍ਰੇਸ਼ਨ ਸੋਧ ਬਿਲ 2023, ਇੰਡੀਅਨ ਸਟੰਪ ਬਿਲ 2023 ਅਤੇ ਪੰਜਾਬ ਕਨਾਲ ਐਂਡ ਡ੍ਰੇਨੇਜ਼ ਬਿਲ 2023 ਨੂੰ ਪਾਸ ਕੀਤਾ ਗਿਆ। ਇਸ ਤੋਂ ਪਹਿਲਾਂ ਸਿਫਰ ਕਾਲ ਦੌਰਾਨ ਕਾਂਗਰਸੀ ਵਿਧਾਇਕ ਪਰਗਟ ਸਿੰਘ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਉਠਾਇਆ ਗਿਆ ਅਤੇ ਉਨ੍ਹਾਂ ਕਿਹਾ ਕਿ ਇਸ ’ਤੇ ਵਿਧਾਨ ਸਭਾ ’ਚ ਲੰਬੀ ਚਰਚ ਕਰਵਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਸ ਬਾਰੇ ਸਰਬ ਪਾਰਟੀ ਮੀਟਿੰਗ ਬੁਲਾ ਕੇ ਚਰਚਾ ਕੀਤੀ ਜਾਵੇ ਅਤੇ ਇਸ ’ਚ ਮਾਹਿਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 1982 ਤੋਂ ਬਾਅਦ ਪਾਣੀ ’ਤੇ ਕੋਈ ਵ੍ਹਾਈਟ ਪੇਪਰ ਨਹੀਂ ਆਇਆ ਅਤੇ ਇਸ ਸਬੰਧੀ ਨਵਾਂ ਵ੍ਹਾਈਟ ਪੇਪਰ ਲਿਆਂਦਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਜੇਲ੍ਹ ਵਿਚੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ’ਤੇ ਵੀ ਸਵਾਲ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਇਸ ਮਾਮਲੇ ਦੀ 15 ਦਿਨਾਂ ’ਚ ਜਾਂਚ ਪੂਰੀ ਕਰ ਲਈ ਜਾਵੇਗੀ ਪੰ੍ਰਤੂ 8 ਮਹੀਨੇ ਬੀਤਣ ਮਗਰੋਂ ਵੀ ਜਾਂਚ ਰਿਪੋਰਟ ਸਾਹਮਣੇ ਨਹੀਂ ਆਈ। ਵਿਧਾਨ ਸਭਾ ਮੁਲਤਵੀ ਹੋਣ ਮਗਰੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਦਾ ਧੰਨਵਾਦ ਕਰਨਾ ਚਾਹੁੰਦੇ ਸੀ ਕਿ ਸ਼ੈਸ਼ਨ ਸ਼ਾਂਤੀਪੂਰਨ ਖਤਮ ਹੋਇਆ ਪ੍ਰੰਤੂ ਕਾਂਗਰਸ ਪਾਰਟੀ ਧੰਨਵਾਦ ਕਰਨ ਤੋਂ ਪਹਿਲਾਂ ਸਦਨ ’ਚੋਂ ਵਾਕਆਊਟ ਕਰ ਗਈ।

RELATED ARTICLES
POPULAR POSTS