Breaking News
Home / ਪੰਜਾਬ / ਮਹਿਲਾ ਦਿਵਸ ਮੌਕੇ ਕਿਸਾਨੀ ਮੋਰਚਿਆਂ ‘ਤੇ ਬੀਬੀਆਂ ਦੀ ਸਰਦਾਰੀ

ਮਹਿਲਾ ਦਿਵਸ ਮੌਕੇ ਕਿਸਾਨੀ ਮੋਰਚਿਆਂ ‘ਤੇ ਬੀਬੀਆਂ ਦੀ ਸਰਦਾਰੀ

ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਬੀਬੀਆਂ ਵੀ ਮਰਦਾਂ ਦੇ ਬਰਾਬਰ ਡਟਣਗੀਆਂ
ਸਿੰਘੂ, ਟਿੱਕਰੀ, ਗਾਜ਼ੀਪੁਰ ਅਤੇ ਪਲਵਲ ਬਾਰਡਰ ‘ਤੇ ਮਹਿਲਾਵਾਂ ਦੀ ਭਰਵੀਂ ਹਾਜ਼ਰੀ
ਨਵੀਂ ਦਿੱਲੀ : ਕੌਮਾਂਤਰੀ ਮਹਿਲਾ ਦਿਵਸ ਮੌਕੇ ਦਿੱਲੀ ਦੇ ਬਾਰਡਰਾਂ ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਪਲਵਲ ‘ਤੇ ਲੱਗੇ ਮੋਰਚਿਆਂ ‘ਚ ਬੀਬੀਆਂ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਸਮੇਤ ਮਹਿਲਾਵਾਂ ਦੀ ਬਰਾਬਰੀ ਦੇ ਹੱਕ ਦਾ ਹੋਕਾ ਦਿੱਤਾ। ਉਨ੍ਹਾਂ ਵੱਡੀ ਗਿਣਤੀ ‘ਚ ਹਾਜ਼ਰੀ ਲੁਆ ਕੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਵਿੱਚ ਡਟਣ ਦਾ ਇਰਾਦਾ ਜ਼ਾਹਿਰ ਕੀਤਾ। ਹਰਿਆਣਵੀ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਮੋਰਚਿਆਂ ‘ਤੇ ਸ਼ਾਮਲ ਹੋ ਕੇ ਮੋਦੀ ਸਰਕਾਰ ਹਟਾਉਣ ਦੇ ਨਾਅਰੇ ਲਾਏ। ਗਾਜ਼ੀਪੁਰ ਮੋਰਚੇ ‘ਤੇ ਇਸ ਅੰਦੋਲਨ ਦੀ ਜਿੱਤ ਮਗਰੋਂ ਈਵੀਐੱਮਜ਼ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਦੀ ਵਰਤੋਂ ਬੰਦ ਕਰਨ ਲਈ ਇੰਨਾ ਹੀ ਵੱਡਾ ਮੋਰਚਾ ਲਾਉਣ ਦਾ ਸੱਦਾ ਦਿੱਤਾ ਗਿਆ। ਮਹਿਲਾਵਾਂ ਨੇ ਆਪਣੀਆਂ ਭਾਵਨਾਵਾਂ ਭਾਸ਼ਣਾਂ, ਲੋਕ ਨਾਚਾਂ, ਗੀਤਾਂ, ਕਵਿਤਾਵਾਂ ਰਾਹੀਂ ਪੇਸ਼ ਕੀਤੀਆਂ ਅਤੇ ਦਰਸਾਇਆ ਕਿ ਉਹ ਵੀ ਕਿਸਾਨ ਘੋਲ ਵਿੱਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਕਈ ਬੀਬੀਆਂ ਟਰੈਕਟਰ ਚਲਾ ਕੇ ਮੋਰਚਿਆਂ ਵਿੱਚ ਸ਼ਾਮਲ ਹੋਈਆਂ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਦੱਖਣੀ ਰਾਜਾਂ ਤੋਂ ਵੀ ਦਿੱਲੀ ਦੇ ਮੋਰਚਿਆਂ ਵਿੱਚ ਹਜ਼ਾਰਾਂ ਮਹਿਲਾਵਾਂ ਨੇ ਹਾਜ਼ਰੀ ਭਰੀ। ਭਾਸ਼ਣਾਂ ਦੌਰਾਨ ਮਹਿਲਾਵਾਂ ਨੇ ਮੋਦੀ ਸਰਕਾਰ ਖ਼ਿਲਾਫ਼ ਸੁਰ ਤਿੱਖੀ ਰੱਖੀ। ਕਿਸਾਨ ਆਗੂ ਕਵਿਤਾ ਕੁਰੂੰਗਟੀ ਨੇ ਦੱਸਿਆ ਕਿ ਔਰਤਾਂ ਨੇ ਮੰਚ ਸੰਚਾਲਨ, ਵਾਲੰਟੀਅਰ ਅਤੇ ਭਾਸ਼ਣਾਂ ਦੀ ਕਮਾਨ ਸੰਭਾਲੀ। ਉਨ੍ਹਾਂ ਕਿਹਾ ਕਿ ਜਨਤਕ ਸੰਘਰਸ਼ਾਂ ਅੰਦਰ ਖੇਤ ਮਜ਼ਦੂਰ ਤੇ ਕਿਸਾਨ ਔਰਤਾਂ ਦੀਆਂ ਲਾਮਬੰਦੀਆਂ ਨੇ ਮਹਿਲਾ ਹੱਕਾਂ ਦੀ ਲਹਿਰ ਲਈ ਵੀ ਇੱਕ ਨਿੱਗਰ ਆਧਾਰ ਸਿਰਜਿਆ ਹੈ ਜਿਸ ਰਾਹੀਂ ਮਹਿਲਾ ਹੱਕਾਂ ਦੀ ਗੱਲ ਚੱਲਣ ਦਾ ਹਾਂਪੱਖੀ ਮਾਹੌਲ ਉਸਰਦਾ ਹੈ। ਮਹਿਲਾ ਜਥੇਬੰਦੀਆਂ ਦੀਆਂ ਕਈ ਆਗੂਆਂ ਨੇ ਔਰਤਾਂ ਦੇ ਹੱਕ ਦੀ ਬਾਤ ਪਾਈ। ਉਨ੍ਹਾਂ ਕਿਹਾ ਕਿ ਸਾਮਰਾਜੀ ਕੰਪਨੀਆਂ ਔਰਤਾਂ ਦੀ ਦਾਬੇ ਵਾਲੀ ਹਾਲਤ ਦਾ ਲਾਹਾ ਲੈਂਦਿਆਂ ਉਨ੍ਹਾਂ ਦੀ ਕਿਰਤ ਲੁੱਟਦੀਆਂ ਹਨ ਅਤੇ ਨਾਲ ਹੀ ਆਪਣਾ ਮਾਲ ਵੇਚਣ ਵਾਸਤੇ ਔਰਤਾਂ ਨੂੰ ਇੱਕ ਵਸਤੂ ਵਜੋਂ ਪੇਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਾਰਪੋਰੇਟਾਂ ਖਿਲਾਫ ਸੰਘਰਸ਼ ਔਰਤ ਹੱਕਾਂ ਦੇ ਸੰਘਰਸ਼ ਦਾ ਜੁੜਵਾਂ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਹੱਕਾਂ ਦੀ ਲਹਿਰ ਸਾਮਰਾਜਵਾਦ ਖ਼ਿਲਾਫ਼ ਕੌਮੀ ਮੁਕਤੀ ਲਹਿਰ ਦਾ ਅਹਿਮ ਅੰਗ ਬਣਦੀ ਹੈ ਅਤੇ ਜਗੀਰੂ ਲੁੱਟ-ਖਸੁੱਟ ਦੇ ਖ਼ਾਤਮੇ ਲਈ ਔਰਤਾਂ ਵੀ ਸੰਘਰਸ਼ ‘ਚ ਸ਼ਾਮਲ ਹਨ। ਬੁਲਾਰੀਆਂ ਨੇ ਕਿਹਾ ਕਿ ਮੌਜੂਦਾ ਫਾਸ਼ੀਵਾਦੀ ਹਕੂਮਤ ਔਰਤ ਹੱਕਾਂ ‘ਤੇ ਪਹਿਲਾਂ ਨਾਲੋਂ ਜ਼ਿਆਦਾ ਤਿੱਖੇ ਹਮਲੇ ਕਰ ਰਹੀ ਹੈ। ਇਸ ਘੋਰ ਪਿਛਾਖੜੀ ਹਕੂਮਤ ਦਾ ਧਰਮ ਆਧਾਰਿਤ ਰਾਜ ਦਾ ਨਾਅਰਾ ਔਰਤਾਂ ਨੂੰ ਮੱਧਯੁਗੀ ਗ਼ੁਲਾਮੀ ਵੱਲ ਧੱਕਣ ਵਾਲਾ ਹੈ ਅਤੇ ਇਸ ਹੱਲੇ ਖ਼ਿਲਾਫ਼ ਔਰਤਾਂ ਨੂੰ ਸਮਾਜ ਦੇ ਹੋਰ ਤਬਕਿਆਂ ਜਿਵੇਂ ਦਲਿਤਾਂ, ਆਦਿਵਾਸੀਆਂ ਤੇ ਘੱਟ ਗਿਣਤੀਆਂ ਨਾਲ ਰਲ ਕੇ ਇਕਜੁੱਟ ਸੰਘਰਸ਼ ਕਰਨ ਦੀ ਲੋੜ ਹੈ। ਟਿਕਰੀ ਬਾਰਡਰ ‘ਤੇ ਮਰਹੂਮ ਪੰਜਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਧੀ ਨਵਸ਼ਰਨ ਕੌਰ ਨੇ ਮੁਲਕ ਦੇ ਇਤਿਹਾਸ ਅੰਦਰ ਲੋਕ ਸੰਘਰਸ਼ਾਂ ਵਿੱਚ ਔਰਤਾਂ ਦੇ ਯੋਗਦਾਨ ਦੀ ਚਰਚਾ ਕੀਤੀ। ਸਾਬਕਾ ਵਿਦਿਆਰਥਣ ਆਗੂ ਤੇ ਇਨਕਲਾਬੀ ਕਾਰਕੁਨ ਸ਼ਿਰੀਨ ਨੇ ਕਿਹਾ ਕਿ ਜਿਨ੍ਹਾਂ ਸਾਮਰਾਜੀ ਬਹੁਕੌਮੀ ਕੰਪਨੀਆਂ ਤੇ ਕਾਰਪੋਰੇਟ ਜਗਤ ਖਿਲਾਫ ਕਿਸਾਨ ਸੰਘਰਸ਼ ਦਾ ਮੱਥਾ ਲੱਗਿਆ ਹੋਇਆ ਹੈ, ਉਸ ਦਾ ਔਰਤਾਂ ਨਾਲ ਵੀ ਘੋਰ ਦੁਸ਼ਮਣੀ ਵਾਲਾ ਰਿਸ਼ਤਾ ਵੀ ਹੈ।
ਮਹਿਲਾਵਾਂ ਨੇ ਕਿਸਾਨੀ ਸੰਘਰਸ਼ ‘ਚ ਭਰਿਆ ਹੋਰ ਜੋਸ਼
ਔਰਤਾਂ ਦੇ ਬਿਨਾਂ ਕੋਈ ਵੀ ਸੰਘਰਸ਼ ਕਾਮਯਾਬ ਨਹੀਂ ਹੋ ਸਕਦਾ : ਜੋਗਿੰਦਰ ਸਿੰਘ ਉਗਰਾਹਾਂ
ਨਵੀਂ ਦਿੱਲੀ : ਟਿਕਰੀ ਬਾਰਡਰ ‘ਤੇ ਵਿਸ਼ਾਲ ਮਹਿਲਾ ਕਾਨਫਰੰਸ ਕੀਤੀ ਗਈ ਜਿਸ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਹਜ਼ਾਰਾਂ ਮਹਿਲਾਵਾਂ ਨੇ ਪੂਰੇ ਜੋਸ਼ੋ-ਖਰੋਸ਼ ਨਾਲ ਸ਼ਮੂਲੀਅਤ ਕੀਤੀ। ਟਿਕਰੀ ਬਾਰਡਰ ‘ਤੇ ਵਸਾਏ ਗਏ ਗ਼ਦਰੀ ਗੁਲਾਬ ਕੌਰ ਨਗਰ ਵਿੱਚ ਆਏ ਔਰਤਾਂ ਦੇ ਹੜ੍ਹ ਨੇ ਚੱਲ ਰਹੇ ਮੋਰਚੇ ਅੰਦਰ ਨਵੀਂ ਰੂਹ ਫੂਕ ਦਿੱਤੀ। ਮਹਿਲਾ ਕਿਸਾਨ ਆਗੂ ਕੁਲਦੀਪ ਕੌਰ ਕੁੱਸਾ ਵੱਲੋਂ ਦੋ ਅਹਿਮ ਮਤੇ ਪਾਸ ਕੀਤੇ ਗਏ। ਇਕ ਮਤੇ ਰਾਹੀਂ ਜੇਲ੍ਹ ਵਿੱਚ ਬੰਦ ਜਮਹੂਰੀ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀਆਂ ਔਰਤਾਂ ਸਮੇਤ ਸਾਰੇ ਕਾਰਕੁਨਾਂ ਦੀ ਰਿਹਾਈ ਮੰਗੀ ਗਈ। ਦੂਸਰੇ ਮਤੇ ਰਾਹੀਂ ਫਾਸ਼ੀਵਾਦੀ ਮੋਦੀ ਹਕੂਮਤ ਦੇ ਫਿਰਕੂ-ਫਾਸ਼ੀ ਹਮਲੇ ਦਾ ਸੱਚ ਉਘਾੜ ਰਹੀਆਂ ਬਹਾਦਰ ਪੱਤਰਕਾਰ ਔਰਤਾਂ ਨੂੰ ਸਲਾਮ ਕੀਤਾ ਗਿਆ। ਕਾਨਫਰੰਸ ਦੀ ਸ਼ੁਰੂਆਤ ਕੌਮੀ ਮੁਕਤੀ ਲਹਿਰ ਤੇ ਕਿਸਾਨ ਸੰਘਰਸ਼ਾਂ ਦੌਰਾਨ ਸ਼ਹਾਦਤ ਪਾਉਣ ਵਾਲੀਆਂ ਔਰਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ ਜਿਨ੍ਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ। ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਹਰਿੰਦਰ ਕੌਰ ਬਿੰਦੂ ਅਤੇ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਔਰਤਾਂ ਦਾ ਰੋਲ ਮਿਸਾਲੀ ਹੈ ਕਿਉਂਕਿ ਉਹ ਪਹਿਲਾਂ ਹੀ ਖੇਤੀ ਸੰਕਟ ਦੀ ਸਭ ਤੋਂ ਵੱਧ ਮਾਰ ਹੰਢਾ ਰਹੀਆਂ ਹਨ। ਇਸੇ ਦੌਰਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਔਰਤਾਂ ਦੇ ਬਿਨਾਂ ਕੋਈ ਵੀ ਸੰਘਰਸ਼ ਕਾਮਯਾਬ ਨਹੀਂ ਹੋ ਸਕਦਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਤਰਫੋਂ ਕ੍ਰਿਸ਼ਨਾ ਦੇਵੀ ਨੇ ਕਿਹਾ ਕਿ ਦਲਿਤ ਔਰਤਾਂ ਸਮਾਜ ਅੰਦਰ ਤੀਹਰੇ ਦਾਬੇ ਦਾ ਸ਼ਿਕਾਰ ਹਨ। ਉਹ ਲੁਟੇਰੀਆਂ ਜਮਾਤਾਂ, ਮਰਦਾਵੇਂ ਦਾਬੇ ਅਤੇ ਅਖੌਤੀ ਉੱਚ ਜਾਤੀ ਦਾਬੇ ਦਾ ਵੀ ਸ਼ਿਕਾਰ ਹਨ। ਦਿੱਲੀ ਦੀਆਂ ਮਹਿਲਾ ਜਥੇਬੰਦੀਆਂ ਦੇ ਇੱਕ ਵਫ਼ਦ ਵੱਲੋਂ ਸ਼ਬਨਮ ਹਾਸ਼ਮੀ ਨੇ ਸੰਬੋਧਨ ਕੀਤਾ ਅਤੇ ਕਿਸਾਨ ਸੰਘਰਸ਼ ਨਾਲ ਆਪਣੀ ਇਕਜੁੱਟਤਾ ਜਤਾਈ। ਉੱਘੀ ਕਲਾਕਾਰ ਮਾਇਆ ਰਾਏ ਨੇ ਕਲਾ ਕਿਰਤ ਰਾਹੀਂ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ। ਹਰਿਆਣਾ ਤੋਂ ਸ਼ਵੇਤਾ, ਪੂਨਮ ਰਾਣੀ ਤੇ ਪੰਜਾਬ ਤੋਂ ਵਕੀਲ ਰਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਨਾਟਕ ‘ਜੇ ਹੁਣ ਵੀ ਨਾ ਬੋਲੇ’ ਪੇਸ਼ ਕੀਤਾ ਗਿਆ।
ਬਰਨਾਲਾ ‘ਚ ਮਹਿਲਾਵਾਂ ਨੇ ਸੰਭਾਲੀ ਧਰਨੇ ਦੀ ਸਮੁੱਚੀ ਕਮਾਨ
ਬਰਨਾਲਾ : ਬਰਨਾਲਾ ਰੇਲਵੇ ਸਟੇਸ਼ਨ ‘ਤੇ ਲੱਗੇ ਕਿਸਾਨ ਧਰਨੇ ਨੂੰ ਪੰਜ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਕਿ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਧਰਨੇ ਦਾ ਸਮੁੱਚਾ ਸੰਚਾਲਨ ਔਰਤਾਂ ਦੇ ਹੱਥ ਰਿਹਾ। ਸਟੇਜ ਦੀ ਜ਼ਿੰਮੇਵਾਰੀ ਪ੍ਰੇਮਪਾਲ ਕੌਰ ਨੇ ਸੰਭਾਲੀ। ਧਰਨੇ ਨੂੰ ਅਮਰਜੀਤ ਕੌਰ, ਐੱਲਬੀਐੱਸ ਕਾਲਜ ਤੋਂ ਅਰਚਨਾ, ਮਨਜੀਤ ਕੌਰ ਰਾਣੀ, ਮਨਵੀਰ ਕੌਰ ਰਾਹੀ, ਗਮਦੂਰ ਕੌਰ, ਪਰਮਜੀਤ ਕੌਰ ਜੋਧਪੁਰ ਤੇ ਮਹਿਕਦੀਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਚਪਨ ਤੋਂ ਹੀ ਕੁੜੀਆਂ ਨੂੰ ਗੁਲਾਮੀ ਸਹਿਣ ਦੀ ਆਦਤ ਪਾਈ ਜਾਂਦੀ ਹੈ, ਉਨ੍ਹਾਂ ਨਾਲ ਪੈਰ-ਪੈਰ ‘ਤੇ ਵਿਤਕਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਔਰਤ ਨੂੰ ਅਬਲਾ ਤੇ ਕਮਜ਼ੋਰ ਸਮਝਿਆ ਜਾਂਦਾ ਹੈ, ਜਦੋਂ ਕਿ ਉਸ ਨੇ ਆਪਣੇ-ਆਪ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਿਹਤਰੀਨ ਸਿੱਧ ਕੀਤਾ ਹੈ। ਪੁਲਾੜ ਯਾਤਰਾ, ਮੈਡੀਕਲ, ਖੇਡਾਂ, ਸਿਵਲ ਪ੍ਰਸ਼ਾਸਨ, ਸਿਆਸੀ ਅਗਵਾਈ ਆਦਿ ਹਰ ਖੇਤਰ ਵਿੱਚ ਸਫ਼ਲ ਔਰਤਾਂ ਦੀਆਂ ਅਨੇਕਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਭਾਗੀਦਾਰੀ ਨੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਉਹ ਧਰਨਿਆਂ ਵਿੱਚ ਮਰਦ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਆਪਣੀਆਂ ਫ਼ਸਲਾਂ ਤੇ ਨਸਲਾਂ ਦੀ ਰਾਖੀ ਲਈ ਲੜ ਰਹੀਆਂ ਹਨ। ਇਸ ਮੌਜੂਦਾ ਅੰਦੋਲਨ ਦੌਰਾਨ ਔਰਤਾਂ ਦੇ ਬੋਲਾਂ ਨੇ ਸਰਕਾਰਾਂ ਨੂੰ ਵਖਤ ਪਾਇਆ ਹੋਇਆ ਹੈ ਫਿਰ ਚਾਹੇ ਉਹ ਔਰਤ ਰਿਆਨਾ ਹੋਵੇ, ਗਰੇਟਾ, ਰਵੀ ਦਿਸ਼ਾ, ਮੀਆ ਖਲੀਫਾ, ਨੌਦੀਪ ਜਾਂ ਕੋਈ ਹੋਰ ਹੋਵੇ। ਇਸ ਮੌਕੇ ਐੱਲਬੀਐੱਸ ਕਾਲਜ ਦੀ ਵਿਦਿਆਰਥਣ ਲਕਸ਼ਮੀ ਨੇ ਸੁਰਜੀਤ ਪਾਤਰ ਦੀ ਕਵਿਤਾ ‘ਇਹ ਬਾਤ ਨਿਰੀ ਐਨੀ ਹੀ ਨਹੀਂ’ ਸੁਣਾ ਕੇ ਕਾਲੇ ਖੇਤੀ ਕਾਨੂੰਨਾਂ ਦੇ ਦੁਰ-ਪ੍ਰਭਾਵਾਂ ‘ਤੇ ਝਾਤ ਪੁਆਈ। ਅਮਨ ਨੇ ਆਪਣੀ ਲਿਖੀ ਹੋਈ ਭਾਵਪੂਰਤ ਕਵਿਤਾ ਸੁਣਾਈ। ਇਸ ਮਗਰੋਂ ਸ਼ਹਿਰ ਰੋਹ ਭਰਪੂਰ ਮੁਜ਼ਾਹਰਾ ਕਰਕੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ।
ਪੰਜਾਬ ਤੇ ਹਰਿਆਣਾ ਵਿਚ ਮਹਿਲਾ ਦਿਵਸ ਨੂੰ ‘ਮਹਿਲਾ ਕਿਸਾਨ ਦਿਵਸ’ ਵਜੋਂ ਮਨਾਇਆ
ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਚੰਡੀਗੜ੍ਹ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਘੋਲ ਵਿੱਚ ਕੌਮਾਂਤਰੀ ਮਹਿਲਾ ਦਿਵਸ ਨੂੰ ‘ਔਰਤ ਕਿਸਾਨ ਦਿਵਸ’ ਵਜੋਂ ਮਨਾਇਆ ਗਿਆ। ਪੰਜਾਬ ਅਤੇ ਹਰਿਆਣਾ ਵਿੱਚੋਂ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਕਿਸਾਨੀ ਧਰਨਿਆਂ ਦੀ ਅਗਵਾਈ ਕਰਦਿਆਂ ਖੇਤੀ ਕਾਨੂੰਨ ਰੱਦ ਹੋਣ ਤੱਕ ਕੇਂਦਰ ਸਰਕਾਰ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਪਿਛਲੇ 5 ਮਹੀਨਿਆਂ ਤੋਂ ਚੱਲ ਰਹੇ ਰੋਸ ਪ੍ਰਦਰਸ਼ਨ ਅਤੇ ਪੱਕੇ ਮੋਰਚੇ ਟੌਲ ਪਲਾਜ਼ਿਆਂ, ਰੇਲਵੇ ਪਾਰਕਾਂ, ਰਿਲਾਇੰਸ ਪੰਪਾਂ, ਕਾਰਪੋਰੇਟ ਘਰਾਣਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਜਾਰੀ ਰਹੇ। ਧਰਨਿਆਂ ਨੂੰ ਸੰਬੋਧਨ ਕਰਦਿਆਂ ਮਹਿਲਾ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਦਿੱਤੀ ਕਿ ਦਿੱਲੀ ਵਿੱਚ ਜਾਰੀ ਕਿਸਾਨ ਅੰਦੋਲਨ ਦੌਰਾਨ ਔਰਤਾਂ-ਪੁਰਸ਼ਾਂ ਦੇ ਬਰਬਾਰ ਸਹਿਯੋਗ ਦੇਣਗੀਆਂ। ਕਿਸਾਨ ਯੂਨੀਅਨਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਦਿੱਤੇ ਗਏ ਧਰਨਿਆਂ ਨੂੰ ਜਸਪ੍ਰੀਤ ਕੌਰ ਮੋਗਾ, ਪਰਮਜੀਤ ਕੌਰ ਲੰਡੇਕੇ, ਬਲਜੀਤ ਕੌਰ ਸ਼ੇਖਾਕਲਾਂ, ਰਮਨ ਕੌਰ ਗਿੱਲ, ਜਸਪਾਲ ਕੌਰ ਰਾਮਪੁਰਾ, ਕਰਮਜੀਤ ਕੌਰ ਬਠਿੰਡਾ, ਕਮਲਜੀਤ ਕੌਰ ਬਰਨਾਲਾ, ਕਰਮਜੀਤ ਕੌਰ ਕੱਟੂ, ਕਰਮਜੀਤ ਕੌਰ ਭੁਟਾਲ ਅਤੇ ਆਸ਼ਾ ਰਾਣੀ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਸਮਾਜ ਵਿੱਚ ਔਰਤਾਂ ਨਾਲ ਹੁੰਦੇ ਆਰਥਿਕ ਵਿਤਕਰਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਔਰਤਾਂ ਕਿਸੇ ਵੀ ਕੰਮ ਵਿੱਚ ਪੁਰਸ਼ਾਂ ਨਾਲੋਂ ਪਿੱਛੇ ਨਹੀਂ ਹਨ। ਇਸੇ ਤਹਿਤ ਉਹ ਘਰ ਦੇ ਕੰਮ ਦੇ ਨਾਲ-ਨਾਲ ਕਿਸਾਨੀ ਸੰਘਰਸ਼ ਵਿੱਚ ਬਰਾਬਰ ਹਿੱਸਾ ਪਾਉਣਗੀਆਂ।
ਇਸੇ ਤਰ੍ਹਾਂ ਹਰਿਆਣਾ ਵਿੱਚ ਵੀ ਵੱਖ-ਵੱਖ ਥਾਵਾਂ ‘ਤੇ ਚੱਲ ਰਹੇ ਧਰਨਿਆਂ ਦੀ ਅਗਵਾਈ ਔਰਤਾਂ ਨੇ ਕੀਤੀ।
ਮਹਿਲਾ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਜ਼ਬਰੀ ਕਿਸਾਨਾਂ ‘ਤੇ ਖੇਤੀ ਵਿਰੋਧੀ ਕਾਨੂੰਨ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ, ਜਦ ਕਿ ਇਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਇਕ ਪਾਸੇ ਕੌਮਾਂਤਰੀ ਔਰਤ ਦਿਵਸ ‘ਤੇ ਔਰਤਾਂ ਲਈ ਵੱਡੇ-ਵੱਡੇ ਦਾਅਵੇ ਕਰਦੀ ਹੈ ਉੱਥੇ ਹੀ ਨੌਦੀਪ ਕੌਰ ਵਰਗੀਆਂ ਲੜਕੀਆਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।

Check Also

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੇ ਪਾਸਪੋਰਟ ਦਫਤਰ ਖਿਲਾਫ ਕੀਤੀ ਸ਼ਿਕਾਇਤ

ਸਰਕਾਰ ਦੇ ਨਿਯਮਾਂ ਦੀ ਅਣਦੇਖੀ ਹੋਣ ਦੇ ਵੀ ਸੰਤ ਸੀਚੇਵਾਲ ਨੇ ਲਗਾਏ ਆਰੋਪ ਜਲੰਧਰ/ਬਿਊਰੋ ਨਿਊਜ਼ …