Breaking News
Home / ਪੰਜਾਬ / ਭਾਜਪਾ ਆਗੂ ਸ਼ਵੇਤ ਮਲਿਕ ਦੇ ਘਰ ਮੂਹਰੇ ਗਰਜੀਆਂ ਬੀਬੀਆਂ

ਭਾਜਪਾ ਆਗੂ ਸ਼ਵੇਤ ਮਲਿਕ ਦੇ ਘਰ ਮੂਹਰੇ ਗਰਜੀਆਂ ਬੀਬੀਆਂ

ਮੋਦੀ ਸਰਕਾਰ ਖਿਲਾਫ ਜੰਮ ਕੇ ਕੀਤੀ ਗਈ ਨਾਅਰੇਬਾਜ਼ੀ
ਅੰਮ੍ਰਿਤਸਰ/ਬਿਊਰੋ ਨਿਊਜ਼
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਅੱਗੇ ਚੱਲ ਰਹੇ ਧਰਨੇ ਵਿੱਚ ਵੱਡੀ ਗਿਣਤੀ ‘ਚ ਮਹਿਲਾਵਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਔਰਤਾਂ ਵੀ ਸ਼ਾਮਲ ਸਨ। ਬੁਲਾਰਿਆਂ ਨੇ ਆਖਿਆ ਕਿ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿੱਚ ਲਾਏ ਮੋਰਚੇ ਨੂੰ 100 ਤੋਂ ਵੱਧ ਦਿਨ ਹੋ ਗਏ ਹਨ ਅਤੇ ਇਸ ਸੰਘਰਸ਼ ਵਿੱਚ 235 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਪਰ ਮੋਦੀ ਸਰਕਾਰ ਨੇ ਕਿਸਾਨਾਂ ਪ੍ਰਤੀ ਚੁੱਪ ਧਾਰੀ ਹੋਈ ਹੈ।
ਉਨ੍ਹਾਂ ਕਿਹਾ ਕਿ ਕਾਨੂੰਨ ਰੱਦ ਕਰਨ ਦੀ ਥਾਂ ਭਾਜਪਾ ਦੇ ਮੰਤਰੀ ਵੱਖ ਵੱਖ ਸੂਬਿਆਂ ਵਿੱਚ ਇਨ੍ਹਾਂ ਕਾਨੂੰਨਾਂ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ। ਬੁਲਾਰਿਆਂ ਨੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਆਮ ਆਦਮੀ ‘ਤੇ ਵਾਧੂ ਬੋਝ ਪਿਆ ਹੈ। ਸਰਕਾਰ ਵੱਲੋਂ ਲਗਾਏ ਗਏ ਵੈਟ ਅਤੇ ਆਬਕਾਰੀ ਡਿਊਟੀ ਦੀ ਵਾਧੂ ਦਰ ਕਾਰਨ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਰੇਲਵੇ ਸਟੇਸ਼ਨ ਅਤੇ ਹਵਾਈ ਅੱਡਿਆਂ ਦੇ ਕੀਤੇ ਜਾ ਰਹੇ ਨਿੱਜੀਕਰਨ ਦੀ ਵੀ ਨਿਖੇਧੀ ਕੀਤੀ। ਬੁਲਾਰਿਆਂ ਨੇ ਔਰਤ ਦਿਵਸ ਦੇ ਸਬੰਧੀ ਗੱਲ ਕਰਦਿਆਂ ਔਰਤਾਂ ਦੇ ਸਮੂਹ ਮਸਲੇ ਹੱਲ ਕਰਨ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ। ਧਰਨੇ ਨੂੰ ਕਾਮਰੇਡ ਆਗੂ ਬਲਕਾਰ ਦੁਧਾਲਾ, ਡਾ. ਇੰਦਰਜੀਤ ਸਿੰਘ, ਪ੍ਰੋ. ਰੁਪਿੰਦਰ ਕੌਰ, ਬਲਵਿੰਦਰ ਦੁਧਾਲਾ, ਹਰਜੀਤ ਸਿੰਘ ਝੀਤਾ, ਜਗਜੀਤ ਸਿੰਘ, ਸਵਿੰਦਰ ਸਿੰਘ ਮੀਰਾਂਕੋਟ, ਰਤਨ ਸਿੰਘ ਰੰਧਾਵਾ, ਹੁਸ਼ਿਆਰ ਸਿੰਘ ਤੇ ਹੋਰਨਾਂ ਨੇ ਸੰਬੋਧਨ ਕੀਤਾ।
ਐੱਨਐੱਸਯੂਆਈ ਵੱਲੋਂ ਪ੍ਰਦਰਸ਼ਨ
ਵਿਦਿਆਰਥੀ ਜਥੇਬੰਦੀ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨਐੱਸਯੂਆਈ) ਨੇ ਭਾਜਪਾ ਦੀ ਕੇਂਦਰ ਸਰਕਾਰ ‘ਤੇ ਪੰਜਾਬ ਨਾਲ ਸਿਆਸੀ ਵਿਤਕਰੇ ਦੇ ਦੋਸ਼ ਹੇਠ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠ ਦੱਬਣ ਦੇ ਮਾਮਲੇ ਸਬੰਧੀ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਰੋਸ ਵਿਖਾਵਾ ਕੀਤਾ। ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਪਰ ਇਸ ਦੌਰਾਨ ਵਿਦਿਆਰਥੀ ਸੰਗਠਨ ਕੋਲੋਂ ਕੋਈ ਵੀ ਮੰਗ ਪੱਤਰ ਲੈਣ ਨਹੀਂ ਆਇਆ। ਐੱਨਐੱਸਯੂਆਈ ਦੇ ਪ੍ਰਧਾਨ ਅਕਸ਼ੈ ਕੁਮਾਰ ਨੇ ਆਰੋਪ ਲਾਇਆ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵੇਲੇ ਜਾਣ-ਬੁੱਝ ਕੇ ਕੀਤੇ ਇਕ ਗਲਤ ਫ਼ੈਸਲੇ ਨਾਲ ਫੂਡ ਡੈਫੀਸਿਟ ਅਕਾਊਂਟ ਤਹਿਤ ਸੂਬੇ ‘ਤੇ 31 ਹਜ਼ਾਰ ਕਰੋੜ ਰੁਪਏ ਦਾ ਬੋਝ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਭਾਜਪਾ ਲੀਡਰਸ਼ਿਪ ਸਾਰੇ ਦਸਤਾਵੇਜ਼ ਜਨਤਕ ਕਰੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਸ ਮਾਮਲੇ ਦੀ ਸੱਚਾਈ ਪਤਾ ਲਗ ਸਕੇ। ਪ੍ਰਦਰਸ਼ਨਕਾਰੀਆਂ ਨੇ ਦੇਸ਼ ਵਿੱਚ ਮਹਿਲਾ ਸੁਰੱਖਿਆ ਦਾ ਮੁੱਦਾ ਵੀ ਚੁੱਕਿਆ।
ਕਿਸਾਨ ਆਪਣੀ ਲੜਾਈ ਖੁਦ ਲੜਨ ਦੇ ਸਮਰੱਥ : ਰਾਜੇਵਾਲ
ਚੰਡੀਗੜ੍ਹ : ਕਈ ਸਿਆਸੀ ਦਲ ਕਿਸਾਨ ਅੰਦੋਲਨ ਦਾ ਫਾਇਦਾ ਚੁੱਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸੇ ਵੀ ਸਿਆਸੀ ਆਗੂ ਨੂੰ ਕਿਸਾਨੀ ਅੰਦੋਲਨ ਦਾ ਫਾਇਦਾ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਲੜਾਈ ਖੁਦ ਲੜਨ ਦੇ ਸਮਰੱਥ ਹਨ। ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਤਹਿਤ ਦੇਸ਼ ਭਰ ਵਿਚ ਕਿਸਾਨ ਮਹਾਂਪੰਚਾਇਤਾਂ ਦਾ ਸਿਲਸਿਲਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਖਣ ਵਿਚ ਆਇਆ ਕਿ ਕਈ ਸਿਆਸੀ ਦਲ ਆਪਣੇ ਫਾਇਦੇ ਲਈ ਮਹਾਂਪੰਚਾਇਤਾਂ ਕਰਾਉਣ ਵਿਚ ਲੱਗੇ ਹੋਏ ਹਨ।

Check Also

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ

ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …