Breaking News
Home / ਪੰਜਾਬ / ਬਰੀ ਹੋਣ ‘ਤੇ ਬੀਬੀ ਜਗੀਰ ਕੌਰ ਪਰਤੇਗੀ ਸਿਆਸੀ ਪਿੜ ਵਿਚ

ਬਰੀ ਹੋਣ ‘ਤੇ ਬੀਬੀ ਜਗੀਰ ਕੌਰ ਪਰਤੇਗੀ ਸਿਆਸੀ ਪਿੜ ਵਿਚ

ਬੀਬੀ ਨੇ ਕਿਹਾ – 18 ਸਾਲ ਆਰਥਿਕ, ਮਾਨਸਿਕ ਅਤੇ ਸਮਾਜਿਕ ਤੌਰ ‘ਤੇ ਕਾਫੀ ਕੁਝ ਛੱਡਣਾ ਪਿਆ ਹੈ, ਦੇਰ ਨਾਲ ਹੀ ਸਹੀ ਪਰ ਤਾਂ ਨਿਆਂ ਤਾਂ ਮਿਲਿਆ
ਹਾਈਕੋਰਟ ਦੇ ਫੈਸਲੇ ਤੋਂ ਬਾਅਦ ਬੀਬੀ ਜਗੀਰ ਕੌਰ ਦੋਆਬਾ ਵਿਚ ਹੋਰ ਹੋਵੇਗੀ ਮਜ਼ਬੂਤ
ਕਪੂਰਥਲਾ : ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਦੇ ਪੱਖ ਵਿਚ ਆਏ ਫੇਸਲੇ ਤੋਂ ਬਾਅਦ ਦੋਆਬਾ ਵਿਚ ਹੁਣ ਤੱਕ ਉਸ ਨੂੰ ਆਪਣਾ ਨੇਤਾ ਨਾ ਮੰਨਣ ਵਾਲੇ ਪਾਰਟੀ ਨੇਤਾਵਾਂ ਨੂੰ ਇਕ ਵੱਡਾ ਝਟਕਾ ਲੱਗਾ ਹੈ। ਚਾਹੇ ਮੌਜੂਦਾ ਸਮੇਂ ਵਿਚ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਰਾਸ਼ਟਰੀ ਪ੍ਰਧਾਨ ਦੇ ਅਹੁਦੇ ‘ਤੇ ਵੀ ਹੈ, ਪਰ ਉਸ ‘ਤੇ ਚੋਣ ਲੜਨ ਦੀ ਰੋਕ ਲੱਗਣ ਕਰਕੇ ਇੱਥੋਂ ਦੇ ਜ਼ਿਆਦਾ ਨੇਤਾ ਉਸ ਨੂੰ ਅੰਦਰ ਹੀ ਅੰਦਰ ਦੋਆਬਾ ਦੀ ਦਿੱਗਜ਼ ਨੇਤਾ ਮੰਨਣ ਤੋਂ ਕਤਰਾਉਂਦੇ ਸਨ। ਹੁਣ ਅਦਾਲਤ ਨੇ ਉਸਦੀ ਸਜ਼ਾ ਮਾਫ ਕਰਕੇ ਇਹ ਰਸਤਾ ਵੀ ਸਾਫ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਜੀਤ ਸਿੰਘ ਕੋਹਾੜ ਨੂੰ ਦੋਆਬਾ ਦਾ ਜਰਨੈਲ ਮੰਨਿਆ ਜਾਂਦਾ ਸੀ, ਪਰ ਉਸਦੇ ਦੇਹਾਂਤ ਤੋਂ ਬਾਅਦ ਇਹ ਅਹੁਦਾ ਖਾਲੀ ਹੋ ਗਿਆ ਸੀ। ਹੁਣ ਇਹ ਅਹੁਦਾ ਕਿਸ ਨੂੰ ਮਿਲਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ। ਧਿਆਨ ਰਹੇ ਕਿ ਮਾਝਾ ਅਤੇ ਮਾਲਵਾ ਵਿਚ ਪਾਰਟੀ ਖਿਲਾਫ ਕੁਝ ਟਕਸਾਲੀ ਨੇਤਾਵਾਂ ਦੇ ਕਾਰਨ ਪਾਰਟੀ ਨੁਕਸਾਨ ਹੋ ਰਿਹਾ ਸੀ, ਪਰ ਦੋਆਬਾ ਵਿਚ ਅਜਿਹੇ ਹਾਲਾਤ ਤਾਂ ਨਹੀਂ ਬਣੇ, ਪਰ ਕੁਝ ਆਗੂ ਅੰਦਰ ਹੀ ਅੰਦਰ ਬਗਾਵਤ ਦੇ ਸੁਰ ਅਲਾਪਦੇ ਰਹੇ ਹਨ। ਬੀਬੀ ਜਗੀਰ ਕੌਰ ਦੇ ਬਰੀ ਹੋਣ ਤੋਂ ਬਾਅਦ ਪਾਰਟੀ ਨੂੰ ਮਜ਼ਬੂਤੀ ਮਿਲਣ ਦੀ ਸੰਭਾਵਨਾ ਹੈ।
ਇਹ ਮੇਰਾ ਨਵਾਂ ਜਨਮ, 18 ਸਾਲ ਤੋਂ ਸਹਿ ਰਹੀ ਸੀ ਪੀੜਾ : ਬੀਬੀ
ਮੈਂ 18 ਸਾਲ ਤੋਂ ਪੀੜਾ ਸਹਿ ਰਹੀ ਸੀ। ਇਹ ਸਭ ਵਿਰੋਧੀਆਂ ਦੀ ਸਾਜਿਸ਼ ਸੀ। ਮੈਨੂੰ ਪ੍ਰਮਾਤਮਾ ‘ਤੇ ਪੂਰਾ ਭਰੋਸਾ ਸੀ। ਲੱਗ ਰਿਹਾ ਹੈ ਜਿਸ ਤਰ੍ਹਾਂ ਮੇਰਾ ਨਵਾਂ ਜਨਮ ਹੋਇਆ ਹੋਵੇ।
-ਬੀਬੀ ਜਗੀਰ ਕੌਰ
ਇਹ ਸੀ ਸੀਬੀਆਈ ਦੀ ਚਾਰਜਸ਼ੀਟ ਵਿਚ
ਸੀਬੀਆਈ ਦੀ ਚਾਰਜਸ਼ੀਟ ਦੇ ਮੁਤਾਬਕ ਹਰਪ੍ਰੀਤ ਕੌਰ ਨੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਕਮਲਜੀਤ ਕੋਲੋਂ ਚੋਰੀ ਛਿੱਪੇ ਸ਼ਾਦੀ ਕਰ ਲਈ ਸੀ। ਇਹ ਗੱਲ ਬੀਬੀ ਜਗੀਰ ਕੌਰ ਨੂੰ ਨਾਗਵਾਰ ਗੁਜ਼ਰੀ। ਪਹਿਲਾਂ ਤਾਂ ਹਰਪ੍ਰੀਤ ‘ਤੇ ਕਮਲਜੀਤ ਤੋਂ ਅਲੱਗ ਹੋਣ ਦਾ ਦਬਾਅ ਪਾਇਆ ਗਿਆ, ਪਰ ਮਨ੍ਹਾਂ ਕਰਨ ‘ਤੇ ਉਸ ਨੂੰ ਜ਼ਬਰਨ ਫਗਵਾੜਾ ਦੇ ਇਕ ਫਾਰਮ ਹਾਊਸ ਵਿਚ ਰੱਖਿਆ ਗਿਆ, ਜਿਥੇ ਖਾਣੇ ਵਿਚ ਪੈਸਟੀਸਾਈਡ ਦੇ ਕੇ ਹਰਪ੍ਰੀਤ ਦੀ ਹੱਤਿਆ ਕਰ ਦਿੱਤੀ ਗਈ। ਮੌਤ ਦੇ ਸਮੇਂ ਉਹ ਗਰਭਪਤੀ ਸੀ। ਕਮਲਜੀਤ ਦੀ ਸ਼ਿਕਾਇਤ ‘ਤੇ ਹਾਈਕੋਰਟ ਨੇ ਸੀਬੀਆਈ ਜਾਂਚ ਦੇ ਆਦੇਸ਼ ਦਿੱਤੇ ਸਨ।
ਕਦੋਂ-ਕਦੋਂ ਕੀ ਹੋਇਆ
ਮਾਰਚ 2000 : ਚੰਡੀਗੜ੍ਹ ਦੇ ਇਕ ਹੋਟਲ ਵਿਚ ਜਗੀਰ ਕੌਰ ਦੀ ਬੇਟੀ ਹਰਪ੍ਰੀਤ ਕੌਰ ਅਤੇ ਕਮਲਜੀਤ ਦੀ ਮੰਗਣੀ ਹੋਈ।
20 ਅਪ੍ਰੈਲ 2000 : ਹਰਪ੍ਰੀਤ ਕੌਰ ਦੀ ਭੇਦਭਰੀ ਹਾਲਤ ਵਿਚ ਮੌਤ।
21 ਅਪ੍ਰੈਲ 2000 : ਬੀਬੀ ਦੇ ਜੱਦੀ ਪਿੰਡ ਬੇਗੋਵਾਲ ਵਿਚ ਹਰਪ੍ਰੀਤ ਦਾ ਸਸਕਾਰ।
27 ਅਪ੍ਰੈਲ 2000 : ਕਮਲਜੀਤ ਨੇ ਹਾਈਕੋਰਟ ਵਿਚ ਅਰਜ਼ੀ ਦਾਇਰ ਕੀਤੀ।
9 ਜੂਨ 2000 : ਹਾਈਕੋਰਟ ਨੇ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪੀ।
10 ਅਕਤੂਬਰ 2000 : ਸੀਬੀਆਈ ਨੇ ਬੀਬੀ, ਉਸਦੀ ਸਹਿਯੋਗੀ ਦਲਵਿੰਦਰ ਕੌਰ ਢੇਸੀ, ਪਰਮਜੀਤ ਸਿੰਘ ਰਾਏਪੁਰ, ਏਐਸਆਈ ਨਿਸ਼ਾਨ ਸਿੰਘ, ਸੱਤਿਆ ਦੇਵੀ, ਹਰਵਿੰਦਰ ਸਿੰਘ,ਮਨਜੀਤ,ਡਾ. ਬਲਵਿੰਦਰ ਸਿੰਘ ਸੋਹਲ ਦੇ ਖਿਲਾਫ ਹੱਤਿਆ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।
ਜਨਵਰੀ 2001 : ਪਟਿਆਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿਚ ਟ੍ਰਾਇਲ ਸ਼ੁਰੂ।
30 ਮਾਰਚ 2012 : ਬੀਬੀ, ਪਰਮਜੀਤ, ਦਲਵਿੰਦਰ ਕੌਰ ਢੇਸੀ ਅਤੇ ਨਿਸ਼ਾਨ ਸਿੰਘ ਨੂੰ ਪੰਜ-ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਬਾਕੀ ਅਰੋਪੀ ਬਰੀ।
ਅਦਾਲਤ ਨੇ ਕਿਸ ‘ਤੇ ਕੀ ਕਿਹਾ
ੲ ਹੱਤਿਆ ‘ਤੇ … ਗਰਭਪਾਤ 20 ਮਾਰਚ ਨੂੰ ਕਰਵਾਇਆ ਗਿਆ, ਜਦਕਿ ਮੌਤ ਇਕ ਮਹੀਨਾ ਬਾਅਦ 20 ਅਪ੍ਰੈਲ ਨੂੰ ਹੋਈ। ਫਿਰ ਜਾਨ ਤੋਂ ਮਾਰਨ ਲਈ ਇਕ ਮਹੀਨੇ ਦਾ ਇੰਤਜ਼ਾਰ ਕਿਉਂ ਕੀਤਾ ਗਿਆ।
ੲ ਗਰਭਪਾਤ ‘ਤੇ… ਡਾਕਟਰ ਦੇ ਅਨੁਸਾਰ ਭਰੂਣ ਦੀ ਗਰਭ ਵਿਚ ਹੀ ਮੌਤ ਹੋ ਚੁੱਕੀ ਸੀ। ਅਜਿਹੇ ਵਿਚ ਗਰਭਪਾਤ ਕਰਵਾਉਣਾ ਜ਼ਰੂਰੀ ਸੀ ਅਤੇ ਇਹ ਕੋਈ ਅਪਰਾਧ ਨਹੀਂ ਹੈ।
ਖਹਿਰਾ ਲਈ ਵੀ ਬਣੇਗੀ ਚੁਣੌਤੀ
ਹਰ ਚੋਣ ਵਿਚ ਸਜ਼ਾ ਦਾ ਮੁੱਦਾ ਬਣਾ ਕੇ ਬੀਬੀ ਜਗੀਰ ਕੌਰ ‘ਤੇ ਨਿਸ਼ਾਨਾ ਸਾਧਣ ਵਾਲੇ ‘ਆਪ’ ਨੇਤਾ ਸੁਖਪਾਲ ਸਿੰਘ ਖਹਿਰਾ ਲਈ ਵੀ ਇਕ ਵੱਡੀ ਚੁਣੌਤੀ ਬਣੇਗੀ। ਖਹਿਰਾ ਦਾ ਇਹ ਮੁੱਦਾ ਖਤਮ ਹੋ ਗਿਆ ਹੈ ਅਤੇ ਬੀਬੀ ਜਗੀਰ ਕੌਰ ‘ਤੇ ਚੋਣ ਲੜਨ ਲਈ ਲਗਾਈ ਰੋਕ ਵੀ ਹਟ ਗਈ ਹੈ। ਅਜਿਹੇ ਵਿਚ ਅਗਾਮੀ ਚੋਣਾਂ ਵਿਚ ਖਹਿਰਾ ਨੂੰ ਖੂਬ ਪਸੀਨਾ ਵਹਾਉਣਾ ਪੈ ਸਕਦਾ ਹੈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …