Breaking News
Home / ਪੰਜਾਬ / ’84 ਮਾਮਲੇ ‘ਚ ਫਿਰ ਬੱਝੀ ਇਨਸਾਫ਼ ਦੀ ਆਸ

’84 ਮਾਮਲੇ ‘ਚ ਫਿਰ ਬੱਝੀ ਇਨਸਾਫ਼ ਦੀ ਆਸ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਆਪਣਾ ਪਿਛਲਾ ਹੁਕਮ ਬਦਲਦਿਆਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ 186 ਮਾਮਲਿਆਂ ਦੀ ਅਗਲੇਰੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵਿਚ ਦੋ ਮੈਂਬਰ ਹੀ ਹੋਣਗੇ ਕਿਉਂਕਿ ਪਹਿਲਾਂ ਨਿਯੁਕਤ ਕੀਤੇ ਇਕ ਮੈਂਬਰ ਨੇ ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਮਦਨ ਬੀ ਲੋਕੁਰ ਦੀ ਅਗਵਾਈ ਹੇਠਲੇ ਇਕ ਬੈਂਚ ਨੇ ਇਹ ਹੁਕਮ ਜਾਰੀ ਕੀਤਾ ਜਦਕਿ ਕੇਂਦਰ ਨੇ ਪਹਿਲਾਂ ਅਦਾਲਤ ਨੂੰ ਇਤਲਾਹ ਦਿੱਤੀ ਸੀ ਕਿ ਐਸਆਈਟੀ ਲਈ ਨਿਯੁਕਤ ਕੀਤੇ ਇਕ ਮੈਂਬਰ ਸੇਵਾਮੁਕਤ ਆਈਪੀਐਸ ਅਫ਼ਸਰ ਰਾਜਦੀਪ ਸਿੰਘ ਨੇ ‘ਨਿੱਜੀ ਅਧਾਰ’ ਉੱਤੇ ਇਸ ਦਾ ਮੈਂਬਰ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਐਸਆਈਟੀ ਦੇ ਦੋ ਹੋਰਨਾਂ ਮੈਂਬਰਾਂ ਵਿਚ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਐਸ ਐਨ ਢੀਂਗਰਾ ਤੇ ਆਈਪੀਐਸ ਅਫ਼ਸਰ ਅਭਿਸ਼ੇਕ ਦੁਲਾਰ ਸ਼ਾਮਲ ਹਨ। ਕੇਂਦਰ ਅਤੇ ਪਟੀਸ਼ਨਰਾਂ ਦੇ ਵਕੀਲ ਨੇ ਸੋਮਵਾਰ ਨੂੰ ਅਦਾਲਤ ਵਿਚ ਦੱਸਿਆ ਸੀ ਕਿ ਰਾਜਦੀਪ ਸਿੰਘ ਦੀ ਥਾਂ ਹੋਰ ਮੈਂਬਰ ਲਾਉਣ ਦੀ ਲੋੜ ਨਹੀਂ ਤੇ ਦੋ ਮੈਂਬਰੀ ਸਿੱਟ ਨੂੰ ਹੀ ਕੰਮ ਕਰਨ ਲਈ ਆਖਿਆ ਜਾਣਾ ਚਾਹੀਦਾ ਹੈ। ਸੁਣਵਾਈ ਕਰ ਰਹੇ ਬੈਂਚ ਜਿਸ ਵਿਚ ਜਸਟਿਸ ਦੀਪਕ ਗੁਪਤਾ ਤੇ ਹੇਮੰਤ ਗੁਪਤਾ ਸ਼ਾਮਲ ਹਨ, ਨੇ ਕਿਹਾ ”ਸਬੰਧਤ ਧਿਰਾਂ ਦੇ ਵਕੀਲ ਇਸ ਗੱਲ ਲਈ ਸਹਿਮਤ ਹਨ ਕਿ 11 ਜਨਵਰੀ ਦੇ ਹੁਕਮ ਵਿਚ ਇਸ ਤੱਥ ਦੇ ਮੱਦੇਨਜ਼ਰ ਸੋਧ ਕੀਤੀ ਜਾਵੇ ਕਿ ਸੇਵਾਮੁਕਤ ਆਈਪੀਐਸ ਅਫ਼ਸਰ ਰਾਜਦੀਪ ਸਿੰਘ ਨੇ ਜ਼ਾਤੀ ਆਧਾਰ ‘ਤੇ ਕਮੇਟੀ ਦਾ ਮੈਂਬਰ ਬਣਨ ਤੋਂ ਇਨਕਾਰ ਕਰ ਦਿੱਤਾ ਹੈ।” ਲੰਘੀ 5 ਫਰਵਰੀ ਨੂੰ ਕੇਂਦਰ ਨੇ ਅਦਾਲਤ ਵਿਚ ਅਰਜ਼ੀ ਦਾਖ਼ਲ ਕਰ ਕੇ ਬੇਨਤੀ ਕੀਤੀ ਸੀ ਕਿ ਐਸਆਈਟੀ ਵਿਚ ਰਾਜਦੀਪ ਸਿੰਘ ਦੀ ਥਾਂ ਸਾਬਕਾ ਡੀਜੀ ਰੈਂਕ ਦੇ ਅਫ਼ਸਰ ਨਵਨੀਤ ਰਾਜਨ ਵਾਸਨ ਜੋ ਪਹਿਲਾਂ ਡਾਇਰੈਕਟਰ ਜਨਰਲ ਆਫ਼ ਬਿਉਰੋ ਆਫ਼ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਵਿਚ ਸੇਵਾ ਨਿਭਾ ਚੁੱਕੇ ਹਨ, ਨੂੰ ਸ਼ਾਮਲ ਕੀਤਾ ਜਾਵੇ। ਸੁਪਰੀਮ ਕੋਰਟ ਨੇ ਗ੍ਰਹਿ ਮੰਤਰਾਲੇ ਤੇ ਪਟੀਸ਼ਨਰਾਂ ਦੇ ਵਕੀਲ ਐਸਜੀਐਸ ਕਾਹਲੋਂ ਵਿਚਕਾਰ ਨਵੇਂ ਸਿਰਿਓਂ ‘ਸਿੱਟ’ ਕਾਇਮ ਕਰਨ ਬਾਰੇ ਸਹਿਮਤੀ ਬਣਨ ਤੋਂ ਬਾਅਦ ਤਿੰਨ ਮੈਂਬਰੀ ਸਿੱਟ ਕਾਇਮ ਕੀਤੀ ਗਈ ਸੀ।
ਅਦਾਲਤ ਦੇ ਫੈਸਲੇ ਤੋਂ ਬੱਝੀ ਆਸ : ਆਰ ਪੀ ਸਿੰਘ
ਤੀਜਾ ਮੈਂਬਰ ਨਾ ਹੋਣ ਕਾਰਨ ਰੁਕਿਆ ਸੀ ਜਾਂਚ ਦਾ ਕੰਮ
ਨਵੀਂ ਦਿੱਲੀ : ਭਾਜਪਾ ਦੇ ਕੌਮੀ ਸਕੱਤਰ ਆਰਪੀ ਸਿੰਘ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਦਾਲਤ ਦੇ ਇਸ ਹੁਕਮ ਪਿੱਛੋਂ ਹੁਣ 1984 ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਜਲਦੀ ਹੀ ਇਨਸਾਫ ਮਿਲੇਗਾ। ਨਾਲ ਹੀ ਦੋਸ਼ੀਆਂ ਵਿਰੋਧ ਸਖਤ ਕਾਰਵਾਈ ਹੋਣ ਦੀ ਉਮੀਦ ਬੱਝੀ ਹੈ। ਲਗਭਗ ਇਕ ਸਾਲ ਤੋਂ ਐਸਆਈਟੀ ਵਿਚ ਤੀਜੇ ਮੈਂਬਰ ਦੀ ਨਿਯੁਕਤੀ ਨਾ ਹੋਣ ਕਾਰਨ ਮਾਮਲਾ ਲਗਾਤਾਰ ਅੱਗੇ ਖਿਸਕ ਰਿਹਾ ਸੀ। ਆਰਪੀ ਸਿੰਘ ਨੇ ਇਕ ਵਫਦ ਨਾਲ ਪਿਛਲੇ ਦਿਨੀਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਢੁੱਕਵਾਂ ਦਖਲ ਦੇਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਐਸਆਈਟੀ ਵਿਚ ਤੀਜੇ ਮੈਂਬਰ ਦੀ ਨਾਮਜ਼ਦਗੀ ਤੋਂ ਬਿਨਾ ਹੀ ਜਾਂਚ ਕੀਤੇ ਜਾਣ ਸਬੰਧੀ ਫੈਸਲਾ ਦੇ ਕੇ 1984 ਦੇ ਕਤਲੇਆਮ ਪੀੜਤਾਂ ਨੂੰ ਰਾਹਤ ਦਿਵਾਉਣ ਸਬੰਧੀ ਢੁੱਕਵਾਂ ਕੰਮ ਕੀਤਾ ਹੈ। ਸਾਡੀ ਲੀਗਲ ਟੀਮ ਦੇ ਅਣਥੱਕ ਯਤਨਾਂ ਨਾਲ ਸਿੱਖ ਭਾਈਚਾਰੇ ਦੀ ਆਸ ਮੁੜ ਤੋਂ ਜਾਗ੍ਰਿਤ ਹੋ ਗਈ ਹੈ। ਨਿਆਂ ਪਾਲਿਕਾ ਪ੍ਰਤੀ ਸਿੱਖ ਭਾਈਚਾਰੇ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ।
ਸਿੱਧੂ ਦਾ ਓਵਰ ਕੌਨਫੀਡੈਂਸ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਦੋਂ ਵੀ ਪਾਕਿਸਤਾਨ ਗਏ ਹਨ, ਉਨ੍ਹਾਂ ਦੇ ਨਾਲ ਵਾਦ-ਵਿਵਾਦ ਵੀ ਜੁੜਨ ਲੱਗੇ। ਪਹਿਲਾਂ ਜਿੱਥੇ ਉਹ ਆਪਣੇ ਬੜਬੋਲੇਪਣ ਦੇ ਕਾਰਨ ਅਲੱਗ-ਅਲੱਗ ਬਿਆਨਾਂ ਦੇ ਚਲਦੇ ਵਿਵਾਦਾਂ ‘ਚ ਘਿਰੇ ਰਹਿੰਦੇ ਹਨ, ਉਥੇ ਹੁਣ ਓਵਰ ਕੌਨਫੀਡੈਂਸ ‘ਚ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ। ਇਥੋਂ ਤੱਕ ਕਿ ਪੰਜਾਬ ਦੇ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੂੰ ਵੀ ਹੁਣ ਆਪਣੇ ਸਾਹਮਣੇ ਕੁਝ ਨਹੀਂ ਸਮਝ ਰਹੇ। ਉਨ੍ਹਾਂ ਨੇ ਮੁੱਖ ਮੰਤਰੀ ਤੱਕ ਦੇ ਬਾਰੇ ਕਹਿ ਦਿੱਤਾ ਕਿ ਕੌਣ ਕੈਪਟਨ, ਉਨ੍ਹਾਂ ਦੇ ਕੈਪਟਨ ਰਾਹੁਲ ਗਾਂਧੀ ਹਨ। ਉਨ੍ਹਾਂ ਦੇ ਇਸ ਬਿਆਨ ਤੋਂ ਪੰਜਾਬ ਦੇ ਲਗਭਗ ਸਾਰੇ ਮੰਤਰੀ ਅਤੇ ਵਿਧਾਇਕ ਸਿੱਧੂ ਨਾਲ ਨਾਰਾਜ਼ ਹੋ ਗਏ। ਉਨ੍ਹਾਂ ਦਾ ਮੰਨਣਾ ਹੈ ਕਿ ਜੋ ਵਿਅਕਤੀ ਆਪਣੇ ਓਵਰ ਕੌਨਫੀਡੈਂਸ ਦੇ ਚਲਦੇ ਮੁੱਖ ਮੰਤਰੀ ਤੱਕ ਨੂੰ ਕੁਝ ਨਹੀਂ ਸਮਝ ਰਿਹਾ, ਉਹ ਬਾਕੀਆਂ ਨੂੰ ਕੀ ਸਮਝਣਗੇ।
ਜਾਖੜ ਦੀ ਚੁੱਪੀ ਨੇ ਕੀਤਾ ਹੈਰਾਨ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਨੂੰ ਅਣਦੇਖਿਆਂ ਕਰਦੇ ਹੋਏ ਪਾਕਿਸਤਾਨ ਚਲੇ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਹੈਦਰਾਬਾਦ ‘ਚ ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਕੈਪਟਨ ਅਮਰਿੰਦਰ ਸਿੰਘ ਦਾ ਮਜ਼ਾਕ ਉਡਾਇਆ ਅਤੇ ਕਿਹਾ ਕਿ ਉਹ ਸਿਰਫ਼ ਸੈਨਾ ਦੇ ਕੈਪਟਨ ਹਨ, ਉਨ੍ਹਾਂ ਦੇ ਨਹੀਂ। ਮੁੱਖ ਮੰਤਰੀ ਦੇ ਬਾਰੇ ‘ਚ ਇਸ ਤਰ੍ਹਾਂ ਦੇ ਵਿਵਾਦਤ ਬਿਆਨ ਦੇਣ ‘ਤੇ ਜਿੱਥੇ ਕਈ ਮੰਤਰੀ ਅਤੇ ਵਿਧਾਇਕ ਸਿੱਧੂ ਨਾਲ ਨਾਰਾਜ਼ ਹੋ ਗਏ ਅਤੇ ਉਨ੍ਹਾਂ ਦੇ ਖਿਲਾਫ ਬਿਆਨ ਦੇ ਰਹੇ ਹਨ, ਉਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਇਸ ਮਾਮਲੇ ‘ਚ ਚੁੱਪੀ ਧਾਰੀ ਬੈਠੇ ਹਨ। ਉਨ੍ਹਾਂ ਦੀ ਇਸ ਚੁੱਪੀ ਤੋਂ ਮੰਤਰੀ ਅਤੇ ਵਿਧਾਇਕ ਹੈਰਾਨ ਹਨ ਕਿ ਉਹ ਸਿੱਧੂ ਨੂੰ ਇਸ ਮਾਮਲੇ ‘ਚ ਕੁੱਝ ਕਿਉਂ ਨਹੀਂ ਕਹਿ ਰਹੇ।
ਚੀਮਾ ਨੂੰ ਵੀ ਸਮਝ ਆਉਣ ਲੱਗੀ ਰਾਜਨੀਤੀ
ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਜੇ ਤੱਕ ਬਿਆਨਬਾਜ਼ੀ ਕਰਨ ਦੇ ਲਈ ਜ਼ਿਆਦਾ ਮੀਡੀਆ ਦੇ ਸਾਹਮਣੇ ਨਹੀਂ ਆਉਂਦੇ ਸਨ। ਅਜਿਹੇ ‘ਚ ਇਸ ਦਾ ਫਾਇਦਾ ਪਾਰਟੀ ਦੇ ਕੁੱਝ ਹੋਰ ਆਗੂਆਂ ਨੇ ਉਠਾਉਣਾ ਸ਼ੁਰੂ ਕਰ ਦਿੱਤਾ ਪ੍ਰੰਤੂ ਹੁਣ ਚੀਮਾ ਖੁਦ ਨੂੰ ਪਾਰਟੀ ਦੇ ਵੱਡੇ ਆਗੂ ਦੇ ਰੂਪ ‘ਚ ਦਿਖਾਉਣ ਦੇ ਲਈ ਮੀਡੀਆ ਦੇ ਸਾਹਮਣੇ ਜਾ ਕੇ ਬਿਆਨਬਾਜ਼ੀ ਕਰਨ ਲੱਗੇ ਤਾਂ ਕਿ ਹਾਈ ਕਮਾਂਡ ਨੂੰ ਲੱਗੇ ਉਹ ਚੰਗੇ ਬੁਲਾਰੇ ਹਨ ਅਤੇ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਸਿੱਧੇ-ਸਾਦੇ ਹੋਣ ਦੇ ਕਾਰਨ ਅਜੇ ਉਹ ਬਿਆਨਬਾਜ਼ੀ ਦੀ ਇਸ ਖੇਡ ‘ਚ ਉਤਰਨ ਦੇ ਮਾਹਿਰ ਨਹੀਂ ਪ੍ਰੰਤੂ ਉਨ੍ਹਾਂ ਦੇ ਜਨੂੰਨ ਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਉਹ ਆਉਣ ਵਾਲੇ ਸਮੇਂ ‘ਚ ਉਹ ਵੀ ਪਾਰਟੀ ਦੇ ਚੰਗੇ ਬੁਲਾਰੇ ਬਣ ਕੇ ਸਾਹਮਣੇ ਆਉਣਗੇ।
ਅਸਲੀ ‘ਆਪ’ ਨੂੰ ਲੈ ਕੇ ਆਹਮਣੇ-ਸਾਹਮਣੇ
ਪੰਜਾਬ ‘ਚ ਅਸਲੀ ਆਮ ਆਦਮੀ ਪਾਰਟੀ ਕਿਸਦੀ ਹੈ, ਇਸ ਨੂੰ ਲੈ ਕੇ ਹੁਣ ਸੁਖਪਾਲ ਸਿੰਘ ਖਹਿਰਾ ਅਤੇ ਭਗਵੰਤ ਮਾਨ ਆਹਮਣੇ-ਸਾਹਮਣੇ ਹੋ ਗਏ ਹਨ। ਇਕ ਪਾਸੇ ਪੰਜਾਬ ‘ਆਪ’ ਦੀ ਕਮਾਂਡ ਸੰਭਾਲ ਰਹੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਹੁਣ ਪਾਰਟੀ ਦਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦੂਜੇ ਪਾਸੇ, ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ਦੀ ਅਸਲੀ ਆਮ ਆਦਮੀ ਦਾ ਪਾਰਟੀ ਅਤੇ ਉਨ੍ਹਾਂ ਦੇ ਸਾਥੀ ਵਿਧਾਇਕ ਉਨ੍ਹਾਂ ਨਾਲ ਚੱਲ ਰਹੇ ਹਨ। ਉਨ੍ਹਾਂ ਦੇ ਨਾਲ ਇਸ ਸਮੇਂ ਅੱਠ ਵਿਧਾਇਕ ਹਨ, ਉਹ ਕਿਸੇ ਉਲਝਣ ਨੂੰ ਨਹੀਂ ਮੰਨਦੇ ਕਿਉਂਕਿ ਜੋ ਲੋਕ ਉਨ੍ਹਾਂ ਨੂੰ ਸਸਪੈਂਡ ਕਰਨ ਦੀ ਗੱਲ ਕਹਿੰਦੇ ਹਨ, ਉਨ੍ਹਾਂ ਦੇ ਕੋਲ ਕੋਈ ਅਜਿਹੀ ਪਾਵਰ ਨਹੀਂ ਹੈ, ਅਜਿਹੇ ‘ਚ ਦੋਵੇਂ ਹੀ ਖੁਦ ਨੂੰ ਅਸਲੀ ‘ਆਪ’ ਦੱਸ ਰਹੇ ਹਨ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …