ਮੁਹਾਲੀ : ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਚੂਨਾ ਮੰਡੀ ਲਾਹੌਰ ਵਿਖੇ ਮਨਾਉਣ ਲਈ ਮੁਲਾਜ਼ਮ ਆਗੂਆਂ ਤੇ ਸਿੱਖ ਸ਼ਰਧਾਲੂਆਂ ਦਾ 31 ਮੈਂਬਰੀ ਵਿਸ਼ੇਸ਼ ਜਥਾ 7 ਅਕਤੂਬਰ ਨੂੰ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ। ਜਥੇ ਵਿੱਚ ਸ਼ਾਮਲ ਮੁਲਾਜ਼ਮ ਆਗੂ ਹਰਬੰਸ ਸਿੰਘ ਬਾਗੜੀ ਨੇ ਦੱਸਿਆ ਕਿ ਪਾਕਿਸਤਾਨੀ ਹਾਈ ਕਮਿਸ਼ਨ ਵੱਲੋਂ ਜਥੇ ਦੇ ਮੈਂਬਰਾਂ ਨੂੰ ਮਹੀਨੇ ਦਾ ਵਿਜ਼ਟਰ ਵੀਜ਼ਾ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇ ਦੀ ਅਗਵਾਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੇਵਾਮੁਕਤ ਸੁਪਰਡੈਂਟ ਜਥੇਦਾਰ ਨਿਸ਼ਾਨ ਸਿੰਘ ਕਾਹਲੋਂ ਕਰਨਗੇ। ਉਨ੍ਹਾਂ ਦੱਸਿਆ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਉਨ੍ਹਾਂ ਦੇ ਜਨਮ ਅਸਥਾਨ ਚੂਨਾ ਮੰਡੀ, ਲਾਹੌਰ ਵਿਖੇ 9 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਸਬੰਧੀ 7 ਅਕਤੂਬਰ ਨੂੰ ਅਖੰਡ ਪਾਠ ਆਰੰਭ ਹੋਣਗੇ ਤੇ 9 ਅਕਤੂਬਰ ਨੂੰ ਭੋਗ ਪਾਏ ਜਾਣਗੇ। 7 ਤੇ 8 ਅਕਤੂਬਰ ਨੂੰ ਰਾਤ ਦੇ ਸਮੇਂ ਕੀਰਤਨ ਦਰਬਾਰ ਸਜਣਗੇ। ਜਥਾ ਪਾਕਿਸਤਾਨ ‘ਚ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਬਾਅਦ 18 ਅਕਤੂਬਰ ਨੂੰ ਵਤਨ ਪਰਤੇਗਾ।