Breaking News
Home / ਪੰਜਾਬ / ਬਾਜਵਾ ਅਤੇ ਦੂਲੋਂ ਨੇ ਜ਼ਹਿਰੀਲੀ ਸ਼ਰਾਬ ਮਾਮਲੇ ‘ਤੇ ਆਪਣੀ ਹੀ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ

ਬਾਜਵਾ ਅਤੇ ਦੂਲੋਂ ਨੇ ਜ਼ਹਿਰੀਲੀ ਸ਼ਰਾਬ ਮਾਮਲੇ ‘ਤੇ ਆਪਣੀ ਹੀ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ

ਰਾਜਪਾਲ ਨਾਲ ਮੁਲਾਕਾਤ ਕਰਕੇ ਸੀਬੀਆਈ ਜਾਂਚ ਦੀ ਕੀਤੀ ਮੰਗ
ਚੰਡੀਗੜ੍ਹ : ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਰਹੇ ਤੇ ਮੌਜੂਦਾ ਰਾਜ ਸਭਾ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ਉਨ੍ਹਾਂ ਨੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਤੇ ਸੀਬੀਆਈ ਜਾਂਚ ਲਈ ਯਾਦ ਪੱਤਰ ਸੌਂਪਿਆ। ਬਾਜਵਾ ਤੇ ਦੂਲੋ ਨੇ ਚਾਰ ਸਫ਼ਿਆਂ ਦਾ ਸਾਂਝਾ ਪੱਤਰ ਰਾਜਪਾਲ ਨੂੰ ਸੌਂਪ ਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਤੇ ਉਨ੍ਹਾਂ ਦੀ ਪਤਨੀ ਦੇ ਸੰਸਦੀ ਹਲਕੇ ਵਿਚ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚੱਲ ਰਹੀਆਂ ਹਨ। ਉਹ ਕਈ ਵਾਰੀ ਇਹ ਮਾਮਲਾ ਉਠਾ ਚੁੱਕੇ ਹਨ ਤੇ ਮੁੱਖ ਮੰਤਰੀ ਨੂੰ ਇਸ ਬਾਰੇ ਲਿਖ ਵੀ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਕੋਰੋਨਾ ਕਾਰਨ ਲਾਕਡਾਊਨ ਵਿਚ ਭਾਰੀ ਮਾਤਰਾ ‘ਚ ਨਾਜਾਇਜ਼ ਸ਼ਰਾਬ ਵਿਕੀ । ਸ਼ਰਾਬ ਮਾਫ਼ੀਆ ਦੇ ਲਾਲਚ ਨੇ ਲੋਕਾਂ ਦੀ ਜਾਨ ਲੈ ਲਈ ਹੈ। ਇਸ ਦੇ ਨਾਲ ਹੀ ਦੋਸ਼ ਵੀ ਲਗਾਏ ਕਿ ਮੁੱਖ ਮੰਤਰੀ ਨੂੰ ਇਸ ਨਾਜਾਇਜ਼ ਕਾਰੋਬਾਰ ਬਾਰੇ ਪੂਰੀ ਜਾਣਕਾਰੀ ਹੈ ਇਸ ਲਈ ਉਨ੍ਹਾਂ ਤੋਂ ਇਸ ਕੇਸ ਵਿਚ ਨਿਰਪੱਖ ਜਾਂਚ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਲਈ ਇਸ ਨਾਜਾਇਜ਼ ਕਾਰੋਬਾਰ ਦਾ ਸੱਚ ਸਾਹਮਣੇ ਲਿਆਉਣ ਲਈ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।

ਜਾਖੜ ਨੇ ਬਾਜਵਾ ਤੇ ਦੂਲੋਂ ਖਿਲਾਫ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ‘ਤੇ ਗੁੱਸਾ ਆ ਗਿਆ ਹੈ। ਜਾਖੜ ਨੇ ਇਨ੍ਹਾਂ ਦੋਵਾਂ ਕਾਂਗਰਸੀ ਸੰਸਦ ਮੈਂਬਰਾਂ ਖਿਲਾਫ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਹੈ। ਜਾਖੜ ਨੇ ਪੱਤਰ ਵਿਚ ਲਿਖਿਆ ਬਾਜਵਾ ਅਤੇ ਦੂਲੋਂ ਨੇ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਅਤੇ ਇਨ੍ਹਾਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਜਾਖੜ ਨੇ ਕਿਹਾ ਕਿ ਇਨ੍ਹਾਂ ਦੋਵੇਂ ਆਗੂਆਂ ਨੇ ਕੌਮੀ ਪੱਧਰ ‘ਤੇ ਭਖਦੇ ਮਸਲੇ ਜਿਵੇਂ ਖੇਤੀ ਆਰਡੀਨੈਂਸ, ਕੌਮੀ ਸਿੱਖਿਆ ਨੀਤੀ, ਧਾਰਾ 370 ਅਤੇ ਹੋਰ ਪੰਜਾਬ ਦੇ ਮਸਲੇ ਰਾਜ ਸਭਾ ਜਾਂ ਕੇਂਦਰ ਸਰਕਾਰ ਕੋਲ ਕਦੇ ਨਹੀਂ ਚੁੱਕੇ ਅਤੇ ਇਨ੍ਹਾਂ ਨੂੰ ਆਪਣੀ ਸਰਕਾਰ ਵਿਚ ਹੀ ਨੁਕਸ ਨਜ਼ਰ ਆਉਂਦੇ ਹਨ। ਜ਼ਿਕਰਯੋਗ ਹੈ ਕਿ ਬਾਜਵਾ ਅਤੇ ਦੂਲੋਂ ਨੇ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਦਾ ਮੁੱਦਾ ਚੁੱਕਦਿਆਂ ਕੈਪਟਨ ਸਰਕਾਰ ‘ਤੇ ਸਵਾਲ ਚੁੱਕੇ ਹਨ।
ਬਾਜਵਾ ਨੇ ਜਾਖੜ ਨੂੰ ਦਿੱਤਾ ਮੋੜਵਾਂ ਜਵਾਬ
ਕਿਹਾ – ਪਾਰਟੀ ਦਾ ਵਫ਼ਾਦਾਰ ਹਾਂ, ਲੋਟੂ ਲੀਡਰਾਂ ਦਾ ਨਹੀਂ
ਪ੍ਰਤਾਪ ਸਿੰਘ ਬਾਜਵਾ ਨੇ ਜਾਖੜ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ ਪਰ ਉਨ੍ਹਾਂ ਲੀਡਰਾਂ ਦੇ ਨਹੀਂ ਜੋ ਵਧੀਆ ਪ੍ਰਸ਼ਾਸਨ ਦੇਣ ਦੇ ਨਾਂ ਹੇਠ ਸੂਬੇ ਨੂੰ ਲੁੱਟ ਰਹੇ ਹਨ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਸੱਤਾ ਦੀ ਭੁੱਖ ਨਹੀਂ ਹੈ, ਪਰ ‘ਪਾਰਟੀ ਅਨੁਸ਼ਾਸਨ’ ਦੇ ਨਾਂ ਹੇਠ ਲੋਕ ਮੁੱਦਿਆਂ ‘ਤੇ ਉਹ ਚੁੱਪ ਨਹੀਂ ਰਹਿ ਸਕਦੇ ਹਨ ਕਿਉਂਕਿ ਸ਼ਰਾਬ ਮਾਫ਼ੀਆ ਨੇ ਸੈਂਕੜੇ ਲੋਕਾਂ ਦੀ ਜਾਨ ਲੈ ਲਈ ਹੈ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨੇ ਐਲਾਨਿਆ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ

ਮੁਹਾਲੀ/ਬਿਊਰੋ ਨਿਊਜ਼ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ 8ਵੀਂ ਤੇ 10ਵੀਂ ਜਮਾਤ ਦੇ ਨਤੀਜੇ ਦਾ …