ਪਟਿਆਲਾ ਤੋਂ ਕੈਪਟਨ ਖਿਲਾਫ ਕੇਜਰੀਵਾਲ, ਮਜੀਠੀਆ ਖਿਲਾਫ ਕੁਮਾਰ ਵਿਸ਼ਵਾਸ, ਪ੍ਰਕਾਸ਼ ਸਿੰਘ ਬਾਦਲ ਖਿਲਾਫ ਭਗਵੰਤ ਮਾਨ ਤੇ ਸੁਖਬੀਰ ਬਾਦਲ ਖਿਲਾਫ ਸੰਜੇ ਸਿੰਘ ਉਤਰ ਸਕਦੇ ਹਨ ਮੈਦਾਨ ‘ਚ
ਪਟਿਆਲਾ/ਬਿਊਰੋ ਨਿਊਜ਼
ਦਿੱਲੀ ਚੋਣਾਂ ਦੀ ਤਰਜ਼ ‘ਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਆਪਣੀਆਂ ਵੱਡੀਆਂ ਤੋਪਾਂ ਉਤਾਰ ਕੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਰੌਚਕ ਬਣਾ ਸਕਦੀ ਹੈ। ਐੱਸ. ਵਾਈ. ਐੱਲ. ਮੁੱਦੇ ‘ਤੇ ਹਾਸ਼ੀਏ ‘ਤੇ ਆਉਣ ਤੋਂ ਬਾਅਦ ‘ਆਪ’ ਨੇ ਚੋਣ ਪ੍ਰਚਾਰ ਨੂੰ ‘ਖਿੱਚ’ ਦਾ ਕੇਂਦਰ ਬਣਾਉਣ ਲਈ ਕਾਂਗਰਸ ਤੇ ਅਕਾਲੀਆਂ ਦੇ ਵੱਡੇ ਆਗੂਆਂ ਸਾਹਮਣੇ ਵੱਡੀਆਂ ਤੋਪਾਂ ਉਤਾਰਨ ਦਾ ਮਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਕੋਲ ਇਹ ਫੀਡਬੈਕ ਪਹੁੰਚੀ ਹੈ ਕਿ ਜਿਸ ਤਰ੍ਹਾਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਨੇ ਸ਼ੀਲਾ ਦੀਕਸ਼ਤ ਦੇ ਸਾਹਮਣੇ ਚੋਣ ਲੜ ਕੇ ਪਾਰਟੀ ਤੇ ਵਰਕਰਾਂ ਦਾ ਮਨੋਬਲ ਵਧਾਇਆ ਸੀ ਅਤੇ ਸ਼ੀਲਾ ਦੀਕਸ਼ਤ ਨੂੂੰ 25 ਹਜ਼ਾਰ ਦੀਆਂ ਵੋਟਾਂ ‘ਤੇ ਕਰਾਰੀ ਹਾਰ ਦਿੱਤੀ ਸੀ, ਉਸੇ ਤਰਜ਼ ‘ਤੇ ਜੇਕਰ ਪੰਜਾਬ ਵਿਚ ਉਮੀਦਵਾਰ ਲਾਂਚ ਕੀਤੇ ਜਾਣ ਤਾਂ ਪਾਰਟੀ ਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ ਅਤੇ ਵਰਕਰਾਂ ਵਿਚ ਜੋਸ਼ ਦੁੱਗਣਾ ਹੋ ਸਕਦਾ ਹੈ।ઠ
ਕਾਂਗਰਸੀ ਜਿੱਥੇ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਦੀ ਬੀ-ਟੀਮ ਕਹਿ ਕੇ ਭੰਡਦੇ ਹਨ, ਉਸੇ ਤਰ੍ਹਾਂ ਅਕਾਲੀ ਦਲ ਦੇ ਆਗੂ ਕੇਜਰੀਵਾਲ ਦੀ ਪਾਰਟੀ ਨੂੰ ਕਾਂਗਰਸ ਨਾਲ ਮਿਲੇ ਹੋਣ ਦਾ ਦੋਸ਼ ਲਾ ਰਹੇ ਹਨ। ਪੰਜਾਬ ਦੇ ਲੋਕਾਂ ਦੇ ਭਰਮ-ਭੁਲੇਖੇ ਦੂਰ ਕਰਨ ਲਈ ਆਮ ਆਦਮੀ ਪਾਰਟੀ ਇਹ ਵੱਡਾ ਪੱਤਾ ਖੇਡ ਸਕਦੀ ਹੈ।ઠਸੂਤਰਾਂ ਅਨੁਸਾਰ ਪਟਿਆਲਾ ਵਿਚ ‘ਆਪ’ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪ. ਅਮਰਿੰਦਰ ਸਿੰਘ ਖਿਲਾਫ ਜਿਥੇ ਅਰਵਿੰਦ ਕੇਜਰੀਵਾਲ ਨੂੰ ਉਤਾਰ ਸਕਦੀ ਹੈ, ਉਥੇ ਹੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਾਹਮਣੇ ਆਪਣੇ ਫਾਇਰ ਬ੍ਰਾਂਡ ਕੁਮਾਰ ਵਿਸ਼ਵਾਸ ਨੂੰ ਉਤਾਰ ਕੇ ਚੋਣ ਨੂੰ ਰੌਚਕ ਬਣਾ ਸਕਦੀ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ, ਸੰਗਰੂਰ ਤੋਂ ਐੱਮ. ਪੀ. ਤੇ ਪੰਜਾਬ ਦੇ ਹਰਮਨ-ਪਿਆਰੇ ਕਾਮੇਡੀਅਨ ਭਗਵੰਤ ਮਾਨ ਨੂੰ ਜਦੋਂ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ ‘ਆਪ’ ਦੇ ‘ਸੁਪਰਮੈਨ’ ਸੰਜੇ ਸਿੰਘ ਨੂੰ ਉਮੀਦਵਾਰ ਬਣਾ ਸਕਦੀ ਹੈ। ਇਸ ਤੋਂ ਇਲਾਵਾ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਵੱਡੇ ਆਗੂਆਂ ਖਿਲਾਫ ਪਾਰਟੀ ਫਿਲਮ ਸਟਾਰ, ਕ੍ਰਿਕਟਰ ਜਾਂ ਹੋਰ ਸੈਲੇਬ੍ਰਿਟੀਜ਼ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਰਣਨੀਤੀ ਬਣਾ ਰਹੇ ਹਨ।ઠਬੇਸ਼ੱਕ ਅਜੇ ਤਸਵੀਰ ਸਾਫ ਹੋਣ ਵਿਚ 3-4 ਮਹੀਨੇ ਲੱਗਣੇ ਪਰ ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਵੱਡੀਆਂ ਤੋਪਾਂ ਦਾ ਮੁਕਾਬਲਾ ਵੱਡੀਆਂ ਤੋਪਾਂ ਨਾਲ ਕਰਨ ਦੇ ਸਿਆਸੀ ਫਾਰਮੂਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ।ઠ
ਬੇਸ਼ੱਕ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਟਾਰ ਪ੍ਰਚਾਰਕ ਦੇ ਤੌਰ ‘ਤੇ ਵਿਧਾਨ ਸਭਾ ਚੋਣਾਂ ਵਿਚ ਕੰਮ ਕਰਨਗੇ ਪਰ ‘ਆਪ’ ਦੇ ਵਲੰਟੀਅਰਾਂ ਨੇ ਰਿਪੋਰਟ ਭੇਜੀ ਹੈ ਕਿ ਜੇਕਰ ਕੇਜਰੀਵਾਲ ਅਤੇ ਹੋਰ ਵੱਡੇ ਆਗੂ ਖੁਦ ਚੋਣ ਲੜਦੇ ਹਨ ਤਾਂ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ‘ਤੇ ਵਧੇਗਾ ਅਤੇ ਪਾਰਟੀ ਨੂੰ ਇਸ ਦਾ ਵੱਡਾ ਫਾਇਦਾ ਮਿਲੇਗਾ। ਹੁਣ ਇਹ ਸਮਾਂ ਹੀ ਦੱਸੇਗਾ ਕਿ ਆਮ ਆਦਮੀ ਪਾਰਟੀ ਕਿਹੜੇ ਫਾਰਮੂਲੇ ਤਹਿਤ ਉਮੀਦਵਾਰ ਉਤਾਰੇਗੀ?
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …