ਕਿਹਾ : ਦੇਸ਼ ਨੂੰ ਯੰਗ ਆਰਮੀ ਦੀ ਜ਼ਰੂਰਤ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਨਵੀਂ ਅਗਨੀਪੱਥ ਯੋਜਨਾ ਖਿਲਾਫ ਦੇਸ਼ ਭਰ ਵਿਚ ਲਗਾਤਾਰ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਕਾਂਗਰਸ ਪਾਰਟੀ ਦੇ ਕਈ ਨੇਤਾ ਵੀ ਇਸ ਯੋਜਨਾ ਦਾ ਵਿਰੋਧ ਕਰ ਰਹੇ ਹਨ ਅਤੇ ਦੂਜੇ ਪਾਸੇ ਕਾਂਗਰਸ ਦੇ ਹੀ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਾਰਟੀ ਲਾਈਨ ਤੋਂ ਹਟ ਕੇ ਆਪਣੀ ਵੱਖਰੀ ਰਾਏ ਰੱਖੀ ਹੈ। ਉਨ੍ਹਾਂ ਨੇ ਇਸ ਯੋਜਨਾ ਨੂੰ ਸਰਕਾਰ ਦਾ ਸਹੀ ਦਿਸ਼ਾ ਵਿਚ ਕਦਮ ਦੱਸਿਆ ਹੈ। ਇਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਸਮੇਂ ਦੇਸ਼ ਨੂੰ ਮੋਬਾਇਲ ਆਰਮੀ ਅਤੇ ਯੰਗ ਆਰਮੀ ਦੀ ਜ਼ਰੂਰਤ ਹੈ। ਤੁਸੀਂ ਇਸ ਨੂੰ ਪਸੰਦ ਕਰੋ ਜਾਂ ਨਾ ਕਰੋ, ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਵਨ ਰੈਂਕ ਵਨ ਪੈਨਸ਼ਨ ਯੋਜਨਾ ਦੇ ਚੱਲਦਿਆਂ ਵਧਦਾ ਪੈਨਸ਼ਨ ਦਾ ਬੋਝ ਸਰਕਾਰ ਦੀ ਕਾਊਂਟਿੰਗ ਤੋਂ ਅੱਗੇ ਨਿਕਲ ਗਿਆ ਹੋਵੇਗਾ। ਤਿਵਾੜੀ ਪਹਿਲਾਂ ਵੀ ਕਈ ਮੌਕਿਆਂ ’ਤੇ ਪਾਰਟੀ ਲਾਈਨ ਤੋਂ ਵੱਖਰੇ ਤੌਰ ’ਤੇ ਬਿਆਨ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਵਾਰ ਨੇਚਰ ਵਿਚ ਬਦਲਾਅ ਆਇਆ ਹੈ ਅਤੇ ਇਹ ਕਾਫੀ ਅਹਿਮ ਹੈ। ਇਸਦੀ 30 ਸਾਲ ਪਹਿਲਾਂ ਨਾਲ ਤੁਲਨਾ ਕਰੀਏ ਤਾਂ ਮੌਜੂਦਾ ਸਮੇਂ ਵਿਚ ਸਾਡੀ ਆਰਮਡ ਫੋਰਸ ਜ਼ਿਆਦਾ ਤਿਆਰ ਹੈ। ਜ਼ਿਕਰਯੋਗ ਹੈ ਕਿ ਇਕ ਪਾਸੇ ਕਾਂਗਰਸ ਪਾਰਟੀ ਕੇਂਦਰ ਸਰਕਾਰ ਦੀ ਨਵੀਂ ਅਗਨੀਪੱਥ ਯੋਜਨਾ ਦਾ ਵਿਰੋਧ ਕਰ ਰਹੀ ਹੈ ਅਤੇ ਦੂਜੇ ਪਾਸੇ ਕਾਂਗਰਸੀ ਆਗੂ ਮਨੀਸ਼ ਤਿਵਾੜੀ ਇਸਦੀ ਹਮਾਇਤ ਕਰ ਰਹੇ ਹਨ। ਇਸ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਵੀ ਸ਼ੁਰੂ ਹੋ ਗਈ ਹੈ।