Breaking News
Home / ਭਾਰਤ / ਮੋਦੀ ਮੰਤਰੀ ਮੰਡਲ ਵਿੱਚ 19 ਨਵੇਂ ਚਿਹਰੇ, ਜਾਵੜੇਕਰ ਨੂੰ ਤਰੱਕੀ

ਮੋਦੀ ਮੰਤਰੀ ਮੰਡਲ ਵਿੱਚ 19 ਨਵੇਂ ਚਿਹਰੇ, ਜਾਵੜੇਕਰ ਨੂੰ ਤਰੱਕੀ

Modi Cabinet 1 copy copyਪੰਜ ਮੰਤਰੀਆਂ ਦੀ ਛਾਂਟੀ; ਸਮ੍ਰਿਤੀ, ਸਦਾਨੰਦ ਗੌੜਾ ਤੇ ਵੈਂਕਈਆ ਦੇ ਮੰਤਰਾਲੇ ਬਦਲੇ; ਪ੍ਰਸਾਦ ਨਵੇਂ ਕਾਨੂੰਨ ਮੰਤਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਮੰਤਰੀ ਮੰਡਲ ਵਿੱਚ ਜਿੱਥੇ 19 ਨਵੇਂ ਮੰਤਰੀ ਸ਼ਾਮਲ ਕੀਤੇ ਗਏ ਹਨ ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਮੰਤਰੀਆਂ ਦੇ ਪਰ ਕੁਤਰ ਕੇ ਕਈ ਹੋਰਨਾਂ ਨੂੰ ਪਰ ਲਗਾ ਕੇ ਵੱਡਾ ਰੱਦੋਬਦਲ ਕਰ ਦਿੱਤਾ ਹੈ। ਪ੍ਰਕਾਸ਼ ਜਾਵੜੇਕਰ ਜਿਨ੍ਹਾਂ ਕੋਲ ਪਹਿਲਾਂ ਵਾਤਾਵਰਨ ਮੰਤਰਾਲੇ ਦਾ ਸੁਤੰਤਰ ਵਿਭਾਗ ਸੀ, ਨੂੰ ਹੁਣ ਕੈਬਨਿਟ ਮੰਤਰੀ ਬਣਾ ਕੇ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲਾ ਸੌਂਪ ਦਿੱਤਾ ਗਿਆ ਹੈ, ਜਦ ਕਿ ਸਮ੍ਰਿਤੀ ਇਰਾਨੀ ਜਿਨ੍ਹਾਂ ਕੋਲ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲਾ ਸੀ, ਨੂੰ ਹੁਣ ਕੱਪੜਾ ਮੰਤਰਾਲੇ ਵਿੱਚ ਭੇਜ ਦਿੱਤਾ ਗਿਆ ਹੈ।
ਵਿੱਤ ਮੰਤਰੀ ਅਰੁਣ ਜੇਤਲੀ ਤੋਂ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦਾ ਵਾਧੂ ਭਾਰ ਲੈ ਕੇ ਐਮ. ਵੈਂਕਈਆ ਨਾਇਡੂ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕੋਲ ਸ਼ਹਿਰੀ ਵਿਕਾਸ ਮੰਤਰਾਲਾ ਵੀ ਰਹੇਗਾ। ਸੂਚਨਾ ਤੇ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਕਾਨੂੰਨ ਤੇ ਨਿਆਂ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦ ਕਿ ਸਦਾਨੰਦ ਗੋੜਾ ਜਿਨ੍ਹਾਂ ਕੋਲ ਕਾਨੂੰਨ ਮੰਤਰਾਲਾ ਸੀ, ਨੂੰ ਹੁਣ ਅੰਕੜਾ ਵਿਗਿਆਨ ਵਿਭਾਗ ਦਿੱਤਾ ਗਿਆ ਹੈ। ਐਮਜੇ ਅਕਬਰ ਨੂੰ ਵਿਦੇਸ਼ ਰਾਜ ਮੰਤਰੀ ਬਣਾਇਆ ਗਿਆ ਹੈ। ਪੰਚਾਇਤੀ ਰਾਜ ਮੰਤਰੀ ਚੌਧਰੀ ਬੀਰੇਂਤਰ ਸਿੰਘ ਨੂੰ ਹੁਣ ਸਟੀਲ ਮੰਤਰੀ ਬਣਾ ਦਿੱਤਾ ਗਿਆ ਹੈ। ਜੈਅੰਤ ਸਿਨਹਾ ਜੋ ਪਹਿਲਾਂ ਵਿੱਤ ਰਾਜ ਮੰਤਰੀ ਸਨ, ਨੂੰ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਬਣਾ ਦਿੱਤਾ ਗਿਆ ਹੈ। ਵਿਜੈ ਗੋਇਲ ਨੂੰ ਯੁਵਾ ਤੇ ਖੇਡ ਮੰਤਰਾਲੇ ਦਾ ਸੁਤੰਤਰ ਚਾਰਜ ਦਿੱਤਾ ਗਿਆ ਹੈ। ਅਨਿਲ ਦੇਵ ਨੂੰ ਵਾਤਾਵਰਨ ਮੰਤਰੀ ਬਣਾਇਆ ਗਿਆ ਹੈ। ਰਾਮਦਾਸ ਅਠਵਾਲ ਨੂੰ ਸਮਾਜਿਕ ਸੁਰੱਖਿਆ ਰਾਜ ਮੰਤਰੀ, ਪਿਯੂਸ਼ ਗੋਇਲ ਨੂੰ ਬਿਜਲੀ ਦੇ ਨਾਲ ਕੋਲਾ, ਨਵਿਆਉਣਯੋਗ ਵਿਭਾਗਾਂ ਦਾ ਸੁਤੰਤਰ ਚਾਰਜ ਦਿੱਤਾ ਗਿਆ ਹੈ। ਐਸਐਸ ਆਹਲੂਵਾਲੀਆ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰਾਲਾ ਦਿੱਤਾ ਗਿਆ ਹੈ। ਅਨੁਪ੍ਰਿਆ ਪਟੇਲ ਨੂੰ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰਾਲਾ ਸੌਂਪਿਆ ਗਿਆ ਹੈ।
ਨਵੇਂ ਮੰਤਰੀ ਮੰਡਲ ਵਿਸਥਾਰ ਵਿੱਚ ਸ਼ਾਮਲ ਕੀਤੇ ਗਏ ਪੁਰਾਣੇ ਚਿਹਰਿਆਂ ਵਿੱਚ ਵਿਜੈ ਗੋਇਲ ਅਤੇ ਫੱਗਣ ਸਿੰਘ ਕੁਲਸਤੇ ਹਨ। ਜਾਵੜੇਕਰ ਵਾਤਾਵਰਨ ਤਬਦੀਲੀ ਬਾਰੇ ਮੀਟਿੰਗ ਵਿੱਚ ਹਿੱਸਾ ਲੈਣ ਲਈ ਜਰਮਨੀ ਗਏ ਹੋਏ ਸਨ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨੇ ਫੋਨ ਕਰਕੇ ਤੁਰੰਤ ਵਾਪਸ ਸੱਦਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਦਾ ਦੂਜਾ ਵਿਸਥਾਰ ਮਈ-2014 ਵਿੱਚ ਸੱਤਾ ਸੰਭਾਲਣ ਦੇ ਦੋ ਸਾਲ ਗੁਜਰਨ ਬਾਅਦ ਕੀਤਾ ਹੈ। ਕਈ ਦਲਿਤਾਂ ਤੇ ਓਬੀਸੀ ਨੇਤਾਵਾਂ ਨੂੰ ਅਗਲੇ ਸਾਲ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਗੁਜਰਾਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਥਾਂ ਦਿੱਤੀ ਗਈ ਹੈ।
ਵਾਤਾਵਰਨ ਮੰਤਰੀ (ਸੁਤੰਤਰ ਕਾਰਜ) ਦੀ ਜ਼ਿੰਮੇਵਾਰੀ ਸੰਭਾਲ ਰਹੇ ਪ੍ਰਕਾਸ਼ ਜਾਵੜੇਕਰ ਇਕੋ ਇਕ ਮੰਤਰੀ ਹਨ ਜਿਨ੍ਹਾਂ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਹੈ, ਜਦ ਕਿ ਸਹੁੰ ਚੁੱਕਣ ਵਾਲੇ ਸਾਰੇ ਨਵੇਂ ਚਿਹਰਿਆਂ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾ ਇਹ ਕਿਆਸ ਅਰਾਈਆਂ ਸਨ ਕਿ ਬਿਜਲੀ ਮੰਤਰੀ ਪਿਯੂਸ਼ ਗੋਇਲ ਤੇ ਵਣਜ ਮੰਤਰੀ ਨਿਰਮਲਾ ਸੀਤਾਰਮਨ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਜਾ ਸਕਦਾ ਹੈ। ਉੱਤਰਾਖੰਡ ਤੋਂ ਅਜੈ ਟਮਟਾ, ਰਾਜਸਥਾਨ ਤੋਂ ਅਰਜੁਨ ਰਾਮ ਮੇਘਵਾਲ, ਉੱਤਰ ਪ੍ਰਦੇਸ਼ ਤੋਂ ਕ੍ਰਿਸ਼ਨਾ ਰਾਜ, ਮਹਾਰਾਸ਼ਟਰ ਤੋਂ ਰਾਮਦਾਸ ਅਠਾਵਲੇ ਅਤੇ ਕਰਨਾਟਕ ਤੋਂ ਰਮੇਸ਼ ਸੀ. ਜਿਗਜਿਨਾਨੀ ਉਨ੍ਹਾਂ ਦਲਿਤ ਚਿਹਰਿਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿਚਲੇ ਸਮਾਗਮ ਦੌਰਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।
ਕੰਨੀ ਦੇ ਕਿਆਰੇ ਵਾਂਗ ਸੁੱਕਾ ਰਹਿ ਗਿਆ ਅਕਾਲੀ ਦਲ
ਨਵੀਂ ਦਿੱਲੀ : ਭਾਜਪਾ ਦੇ ਪੁਰਾਣੇ ਤੇ ਮਜ਼ਬੂਤ ਸਹਿਯੋਗੀ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਤੇ ਸ਼ਿਵ ਸੈਨਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਦੇ ਤਾਜ਼ਾ ਵਿਸਥਾਰ ਵਿੱਚ ਬੇਗ਼ਾਨਿਆਂ ਵਾਂਗ ਸਲੂਕ ਕੀਤਾ ਹੈ, ਜਦ ਕਿ ਆਰਪੀਆਈ ਅਤੇ ਅਪਨਾ ਦਲ, ਜਿਨ੍ਹਾਂ ਦਾ ਇਕ-ਇਕ ਮੈਂਬਰ ਸੰਸਦ ਵਿੱਚ ਹੈ, ਨੂੰ ਪੂਰਾ ਮਾਣ ਬਖ਼ਸ਼ਿਆ ਗਿਆ ਹੈ। ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਏ ਇਕੋ ਇਕ ਸਿੱਖ ਐਸਐਸ ਆਹਲੂਵਾਲੀਆ ਵੀ ਭਾਜਪਾ ਦੇ ਅਤੇ ਪੰਜਾਬ ਤੋਂ ਬਾਹਰਲੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੰਤਰੀ ਮੰਡਲ ਵਿੱਚ ਪ੍ਰਤੀਨਿਧਤਾ ઠਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਨ ਕੌਰ ਬਾਦਲ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਨੇਤਾਵਾਂ ਨੇ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਹੋਰ ਥਾਂ ਲੈਣ ਲਈ ਟਿੱਲ ਲਾਇਆ ਹੋਇਆ ਸੀ ਪਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ। ਪੰਜਾਬ ਵਿੱਚੋਂ ਭਾਜਪਾ ਦੀ ਮੰਤਰੀ ਮੰਡਲ ਵਿੱਚ ਪ੍ਰਤੀਨਿਧਤਾ ਵਿਜੈ ਸਾਂਪਲਾ ਕਰ ਰਹੇ ਹਨ ਤੇ ਉਹ ਪਾਰਟੀ ਦੀ ਰਾਜ ਇਕਾਈ ਦੇ ਪ੍ਰਧਾਨ ਵੀ ਹਨ।

Check Also

ਬੀਬੀਸੀ  ਦਾ ਭਾਰਤ ਵਿਚ ਬਦਲਿਆ ਰੂਪ, ਕਲੈਕਟਿਵ ਨਿਊਜ਼ਰੂਮ ਨੇ ਕੰਮ ਸ਼ੁਰੂ ਕੀਤਾ 

ਭਾਰਤ ਵਿਚ ਬੀਬੀਸੀ ਦਾ ਰੂਪ ਬਦਲ ਗਿਆ ਹੈ। ਬਿ੍ਰਟਿਸ਼ ਬਰੌਡਕਾਸਟ ਕਾਰਪੋਰੇਸ਼ਨ ਲਈ ਭਾਰਤ ਵਿਚ ਅਜ਼ਾਦ …