Breaking News
Home / ਪੰਜਾਬ / ਪੰਜਾਬ ਦੇ ਸੰਘਰਸ਼ੀ ਅਖਾੜਿਆਂ ‘ਚ ਵੀ ਸਰ ਛੋਟੂ ਰਾਮ ਨੂੰ ਕੀਤਾ ਯਾਦ

ਪੰਜਾਬ ਦੇ ਸੰਘਰਸ਼ੀ ਅਖਾੜਿਆਂ ‘ਚ ਵੀ ਸਰ ਛੋਟੂ ਰਾਮ ਨੂੰ ਕੀਤਾ ਯਾਦ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਕਿਸਾਨਾਂ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਰ ਛੋਟੂ ਰਾਮ ਨੂੰ ਯਾਦ ਕੀਤਾ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਸਾਢੇ ਚਾਰ ਮਹੀਨਿਆਂ ਤੋਂ ਲਗਾਏ ਜਾ ਰਹੇ ਧਰਨਿਆਂ ਦੌਰਾਨ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਅੰਗਰੇਜ਼ ਹਕੂਮਤ ਦੀ ਗੁਲਾਮੀ ਦੇ ਦੌਰ ਵਿੱਚ ਤਾਂ ਸਰ ਛੋਟੂ ਰਾਮ ਜਿਹੇ ਨੇਤਾਵਾਂ ਨੇ ਕਿਸਾਨ ਅਤੇ ਕਿਸਾਨੀ ਨੂੰ ਬਚਾਉਣ ਲਈ ਦੂਰਦਰਸ਼ੀ ਪਹੁੰਚ ਅਪਣਾਈ ਪਰ ਅੱਜ ਦੇ ਕਾਲੇ ਅੰਗਰੇਜ਼ ਸਮੁੱਚੇ ਦੇਸ਼ ਦੀ ਕਿਸਾਨਾਂ ਨੂੰ ਸਿਰਫ਼ ਅੰਬਾਨੀ ਤੇ ਅਡਾਨੀ ਦੇ ਕੋਲ ਗਹਿਣੇ ਰੱਖਣ ਲਈ ਤਤਪਰ ਹਨ। ਕਿਸਾਨਾਂ ਨੇ ਸੰਘਰਸ਼ੀ ਮੋਰਚਿਆਂ ਤੋਂ ਸੰਕਲਪ ਲਿਆ ਕਿ ਕਾਰਪੋਰੇਟ ਘਰਾਣਿਆਂ ਦੇ ਸੁਪਨੇ ਪੂਰੇ ਨਾ ਹੋਣ ਇਹੀ ਸਰ ਛੋਟੂ ਰਾਮ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਜ਼ਿਕਰਯੋਗ ਹੈ ਕਿ ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ‘ਤੇ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਦੇ ਬਾਹਰ ਸਵਾ ਸੌ ਤੋਂ ਵੱਧ ਥਾਵਾਂ ‘ਤੇ ਧਰਨੇ ਚੱਲ ਰਹੇ ਹਨ। ਧਰਨਿਆਂ ਦੌਰਾਨ ਕਿਸਾਨ ਬੁਲਾਰਿਆਂ ਨੇ ਕਿਹਾ ਕਿ ਸਰ ਛੋਟੂ ਰਾਮ ਨੇ ਆਪਣੀ ਮਿਹਨਤ ਤੇ ਲਗਨ ਦੇ ਬਲਬੂਤੇ ਕਿਸਾਨ ਭਾਈਚਾਰੇ ਨੂੰ ਯੋਗ ਅਗਵਾਈ ਦਿੰਦਿਆਂ ਅੰਗਰੇਜ਼ ਹਕੂਮਤ ਤੋਂ ਕਿਸਾਨ ਹਿੱਤਾਂ ਲਈ ਅਹਿਮ 22 ਕਾਨੂੰਨ ਪਾਸ ਕਰਵਾਏ ਸਨ। ਇਨ੍ਹਾਂ ਕਿਸਾਨ ਪੱਖੀ ਕਾਨੂੰਨਾਂ ਸਦਕਾ ਹੀ ਕਿਸਾਨੀ ਨੂੰ ਸ਼ਾਹੂਕਾਰਾਂ ਦੇ ਚੁੰਗਲ ਤੋਂ ਛੁਡਵਾਇਆ ਗਿਆ ਸੀ। ਸਰ ਛੋਟੂ ਰਾਮ ਨੂੰ ਵੱਡੀ ਇੱਜ਼ਤ ਦੱਬੇ-ਕੁਚਲੇ ਲੋਕਾਂ ਦੇ ਹੱਕ ਵਿੱਚ ਬੋਲਣ ਕਰਕੇ ਦਿੱਤੀ ਜਾਂਦੀ ਹੈ, ਉਨ੍ਹਾਂ ਨੇ ਜਾਟ ਗਜ਼ਟ ਨਾਂ ਦਾ ਅਖ਼ਬਾਰ ਕੱਢ ਕੇ ਪੇਂਡੂ ਲੋਕਾਂ ਵਿਚ ਜਾਗ੍ਰਿਤੀ ਲਿਆਂਦੀ। ਉਹ ਮੁਲਕ ਦੀ ਵੰਡ ਦੇ ਸਭ ਤੋਂ ਵੱਡੇ ਵਿਰੋਧੀਆਂ ਵਿੱਚੋਂ ਇੱਕ ਸਨ। ਕਿਸਾਨ ਬੁਲਾਰਿਆਂ ਨੇ ਤਿੰਨੋਂ ਕਥਿਤ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਨ, ਸਾਰੀਆਂ ਫਸਲਾਂ ਦੀ ਐੱਮਐੱਸਪੀ ‘ਤੇ ਖ਼ਰੀਦ ਦੀ ਕਾਨੂੰਨੀ ਗਾਰੰਟੀ ਅਤੇ ਜਨਤਕ ਵੰਡ ਪ੍ਰਣਾਲੀ ਪੂਰੇ ਮੁਲਕ ‘ਚ ਲਾਗੂ ਕਰਨ ਦੀਆਂ ਮੰਗਾਂ ਤੁਰੰਤ ਮੰਨੇ ਜਾਣ ‘ਤੇ ਜ਼ੋਰ ਦਿੱਤਾ।
ਮੰਗਾਂ ਮਨਵਾਉਣ ਲਈ ਸੰਘਰਸ਼ ਤਿੱਖਾ ਕਰਨ ਦਾ ਸੱਦਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪੰਜਾਬ ਭਰ ਦੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਵਿਰੁਧ ਚੱਲ ਰਹੀ ਲੜਾਈ ਨੂੰ ਤਿੱਖਾ ਕਰਨ ਦਾ ਸੱਦਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਧਰਨਿਆਂ ਦੌਰਾਨ ਕਿਸਾਨਾਂ ਨੇ ਅਹਿਦ ਕੀਤਾ ਕਿ ਮੋਦੀ ਸਰਕਾਰ ਦੇ ਸੁਪਨੇ ਕਿਸੇ ਵੀ ਕੀਮਤ ‘ਤੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ ਤੇ ਇਸ ਲਈ ਕਿਸਾਨ ਲੰਮੀ ਲੜਾਈ ਲਈ ਤਿਆਰ ਹਨ। ਕਿਸਾਨਾਂ ਨੇ ਧਰਨਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਵਾਲੇ ਸਮਾਜਿਕ ਕਾਰਕੁਨਾਂ ਨੂੰ ਫਾਸ਼ੀਵਾਦੀ ਤਰੀਕੇ ਨਾਲ ਨਿਸ਼ਾਨਾ ਬਣਾਉਣ ਦੀ ਆਲੋਚਨਾ ਵੀ ਕੀਤੀ।

Check Also

ਪੰਚਾਇਤੀ ਚੋਣਾਂ ਨੂੰ ਲੈ ਕੇ ‘ਆਪ’ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

ਸਰਪੰਚੀ ਅਹੁਦੇ ਲਈ ਬੋਲੀ ਲਗਾਉਣ ਵਾਲਿਆਂ ਖਿਲਾਫ ਹਰਪਾਲ ਸਿੰਘ ਚੀਮਾ ਨੇ ਕਾਰਵਾਈ ਦੀ ਕੀਤੀ ਮੰਗ …