ਛੱਤੀਸਗੜ੍ਹ ‘ਚ ਸੈਲਫ਼ ਹੈਲਪ ਸਮੂਹਾਂ ਤੇ ਕਰਜ਼ੇ ਮੁਆਫ਼ ਕਰਨ ਸਣੇ ਹੋਰ ਚੋਣ ਵਾਅਦਿਆਂ ਦਾ ਕੀਤਾ ਐਲਾਨ
ਜਲਬੰਧਾ/ਬਿਊਰੋ ਨਿਊਜ਼ : ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਛੱਤੀਸਗੜ੍ਹ ਅਸੈਂਬਲੀ ਚੋਣਾਂ ਵਿੱਚ ਪਾਰਟੀ ਦੇ ਮੁੜ ਸੱਤਾ ਵਿੱਚ ਆਉਣ ਦੀ ਸੂਰਤ ਵਿੱਚ ਸੈਲਫ-ਹੈਲਪ ਸਮੂਹਾਂ ਦੇ ਕਰਜ਼ੇ ਮੁਆਫ਼ ਕਰਨ, ਰਸੋਈ ਗੈਸ ਸਿਲੰਡਰ ਪਿੱਛੇ ਪ੍ਰਤੀ ਸਿਲੰਡਰ 500 ਰੁਪਏ ਦੀ ਸਬਸਿਡੀ ਤੇ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਮੁਫਤ ਇਲਾਜ ਆਦਿ ਦੀ ਸਹੂਲਤ ਦੇਣ ਦਾ ਵਾਅਦਾ ਕੀਤਾ ਹੈ।
ਇਥੇ ਖੈਰਾਗੜ੍ਹ ਅਸੈਂਬਲੀ ਹਲਕੇ ਦੇ ਜਲਬੰਧਾ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ 6000 ਦੇ ਕਰੀਬ ਹਾਇਰ ਸੈਕੰਡਰੀ ਤੇ ਹਾਈ ਸਕੂਲਾਂ ਨੂੰ ਸਵਾਮੀ ਆਤਮਾਨੰਦ ਇੰਗਲਿਸ਼ ਤੇ ਹਿੰਦੀ ਮੀਡੀਅਮ ਸਕੂਲਾਂ ਵਿਚ ਅਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਵਾਅਦਾ ਕੀਤਾ ਕਿ ਕਾਂਗਰਸ ਮੁੜ ਸੱਤਾ ਵਿੱਚ ਆਈ ਤਾਂ 200 ਯੂਨਿਟ ਤੱਕ ਮੁਫ਼ਤ ਬਿਜਲੀ ਦਿੱਤੀ ਜਾਵੇਗੀ। ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, ”ਛੱਤੀਸਗੜ੍ਹ ਵਿਚ ਮੁੜ ਚੁਣ ਕੇ ਆਏ ਤਾਂ ਕਾਂਗਰਸ ਮਹਿਲਾਵਾਂ ਲਈ ਮਹਤਿਰੀ ਨਿਆਏ ਯੋਜਨਾ ਲਾਗੂ ਕਰੇਗੀ, ਜਿਸ ਨਾਲ ਮਹਿਲਾਵਾਂ ਨੂੰ ਪ੍ਰਤੀ ਗੈਸ ਸਿਲੰਡਰ ਮਗਰੋਂ 500 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।” ਉਨ੍ਹਾਂ ਕਿਹਾ ਕਿ ਸਕਸ਼ਮ ਯੋਜਨਾ ਤਹਿਤ ਮਹਿਲਾਵਾਂ ਵੱਲੋਂ ਲਏ ਕਰਜ਼ੇ ਤੇ ਸੈਲਫ਼ ਹੈਲਪ ਸਮੂਹਾਂ ਵੱਲੋਂ ਲਏ ਕਰਜ਼ਿਆਂ ‘ਤੇ ਲੀਕ ਮਾਰੀ ਜਾਵੇਗੀ।
ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਮੁੱਖ ਮੰਤਰੀ ਸਪੈਸ਼ਲ ਹੈਲਥ ਅਸਿਸਟੈਂਸ ਸਕੀਮ ਤਹਤਿ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ। ਪ੍ਰਿਯੰਕਾ ਨੇ ਕਿਹਾ ਕਿ ਕਿਸਾਨਾਂ ਤੋਂ ਮਸਰ ਦੀ ਦਾਲ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦੀ ਜਾਵੇਗੀ।
ਪ੍ਰਿਯੰਕਾ ਗਾਂਧੀ ਵਾਡਰਾ ਨੇ ਭਾਰਤੀ ਜਨਤਾ ਪਾਰਟੀ ਨੂੰ ਭੰਡਦੇ ਹੋਏ ਰੈਲੀ ਵਿੱਚ ਸ਼ਾਮਲ ਲੋਕਾਂ ਨੂੰ ਸਵਾਲ ਕੀਤਾ, ”ਕੀ ਤੁਸੀਂ ਉਨ੍ਹਾਂ ਨੂੰ ਵੋਟ ਪਾਉਗੇ ਜਿਨ੍ਹਾਂ ਨੇ ਧਰਮ ਦੇ ਨਾਮ ‘ਤੇ ਤੁਹਾਨੂੰ ਗੁੰਮਰਾਹ ਕੀਤਾ ਤੇ ਤੁਹਾਡੀ ਜ਼ਿੰਮੇਵਾਰੀ ਵਿੱਚ ਸਿਰਫ਼ ਮੁਸੀਬਤਾਂ ਹੀ ਖੜ੍ਹੀਆਂ ਕੀਤੀਆਂ ਜਾਂ ਫਿਰ ਉਸ ਪਾਰਟੀ ਨੂੰ ਪਾਓਗੇ ਜੋ ਤੁਹਾਡੇ ਵਿਕਾਸ ਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ।”
Check Also
ਹੁਣ ਮਰਦ ਦਰਜੀ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ
ਯੂਪੀ ਮਹਿਲਾ ਕਮਿਸ਼ਨ ਨੇ ਲਿਆਂਦਾ ਮਤਾ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਮਹਿਲਾ ਕਮਿਸ਼ਨ ਵੱਲੋਂ ਇਕ …