ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੂਲ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਆਰੋਪ ਲਾਇਆ ਕਿ ਹਿੰਦੁਸਤਾਨ ਦੇ ਨੌਜਵਾਨਾਂ, ਕਿਸਾਨਾਂ ਅਤੇ ਗਰੀਬਾਂ ਨੂੰ ਅਭਿਮੰਨਿਊ ਵਾਂਗ ਚੱਕਰਿਵਊ ਵਿਚ ਫਸਾ ਦਿੱਤਾ ਗਿਆ ਹੈ। ਉਨ੍ਹਾਂ ਲੋਕ ਸਭਾ ਵਿਚ ਕੇਂਦਰੀ ਬਜਟ ’ਤੇ ਚਰਚਾ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਹਜ਼ਾਰਾਂ ਸਾਲ ਪਹਿਲਾਂ ਛੇ ਜਣਿਆਂ ਨੇ ਅਭਿਮੰਨਿਊ ਨੂੰ ਚੱਕਰਵਿਊ ਵਿੱਚ ਫਸਾ ਕੇ ਮਾਰਿਆ ਸੀ। ਉਨ੍ਹਾਂ ਕਿਹਾ ਕਿ ਚੱਕਰਵਿਊ ਦਾ ਦੂਜਾ ਨਾਮ ਹੈ ‘ਪਦਮਾਵਿਊ’ ਜੋ ਕਮਲ ਦੇ ਫੁੱਲ ਦੇ ਆਕਾਰ ਦਾ ਹੁੰਦਾ ਹੈ, ਜਿਸ ਵਿਚ ਡਰ ਅਤੇ ਹਿੰਸਾ ਹੁੰਦੀ ਹੈ। ਇਸ ਦੌਰਾਨ ਰਾਹੂਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਚਾਰ ਹੋਰ ਵਿਅਕਤੀਆਂ ਦਾ ਨਾਮ ਲਿਆ ਜਿਨ੍ਹਾਂ ’ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਇਤਰਾਜ਼ ਵੀ ਜਤਾਇਆ। ਕਾਂਗਰਸੀ ਆਗੂ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਨੇ ਚੱਕਰਵਿਊ ਤੋਂ ਨਿਕਲਣ ਲਈ ਐੱਮਐੱਸਪੀ ਦੀ ਮੰਗ ਕੀਤੀ ਸੀ, ਪਰ ਐੱਮਐੱਸਪੀ ਨਹੀਂ ਦਿੱਤੀ ਗਈ। ਰਾਹੂਲ ਗਾਂਧੀ ਨੇ ਇੰਡੀਆ ਗੱਠਜੋੜ ਵੱਲੋਂ ਬੋਲਦਿਆਂ ਕਿਹਾ ਕਿ ਅਸੀਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਿਆਂਗੇ।