ਆਬਕਾਰੀ ਨੀਤੀ ਮਾਮਲੇ ’ਚ ਘਿਰੇ ਹੋਏ ਹਨ ਦਿੱਲੀ ਦੇ ਮੁੱਖ ਮੰਤਰੀ
ਨਵੀਂਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਮਾਮਲੇ ਵਿਚ ਅਦਾਲਤ ਵਲੋਂ ਲੰਘੇ ਕੱਲ੍ਹ ਸੋਮਵਾਰ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ। ਕੇਜਰੀਵਾਲ ਨੇ ਤਿਹਾੜ ਜੇਲ੍ਹ ਨੰਬਰ ਦੋ ਵਿਚ ਪਹਿਲੀ ਰਾਤ ਕੱਟੀ। ਮੀਡੀਆ ਰਿਪੋਰਟਾਂ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਕੇਜਰੀਵਾਲ ਜੇਲ੍ਹ ਵਿਚ ਬੇਚੈਨ ਰਹੇ। ਉਹ ਕਦੀ ਕੁਰਸੀ ’ਤੇ ਬੈਠਦੇ ਸਨ ਅਤੇ ਕਦੇ ਰਾਤ ਸਮੇਂ ਘੁੰਮਣ ਲੱਗ ਜਾਂਦੇ ਸਨ। ਕੇਜਰੀਵਾਲ ਨੇ ਰਾਤ ਸਮੇਂ ਕਈ ਵਾਰ ਪਾਣੀ ਵੀ ਪੀਤਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 14 ਫੁੱਟ ਲੰਬੀ ਅਤੇ 8 ਫੁੱਟ ਚੌੜੀ ਬੈਰਕ ਵਿਚ ਕੇਜਰੀਵਾਲ ਕਾਫੀ ਪਰੇਸ਼ਾਨ ਰਹੇ। ਇਹ ਇਕ ਛੋਟੀ ਜਿਹੀ ਬੈਰਕ ਹੈ ਅਤੇ ਇਸ ਬਰੈਕ ਵਿਚ ਇਕ ਹੀ ਜਗ੍ਹਾ ਰਹਿਣਾ, ਸੌਣਾ ਅਤੇ ਬਾਥਰੂਮ ਦੀ ਵਿਵਸਥਾ ਹੁੰਦੀ ਹੈ। ਇਹ ਇਕ ਹਾਈ ਸਿਕਿਉਰਿਟੀ ਜੇਲ੍ਹ ਹੈ ਅਤੇ ਕੇਜਰੀਵਾਲ ਦੀ ਬੈਰਕ ਦੇ ਆਲੇ ਦੁਆਲੇ ਕਈ ਸੀਸੀ ਟੀਵੀ ਕੈਮਰੇ ਵੀ ਲੱਗੇ ਹੋਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅਰਵਿੰਦ ਕੇਜਰੀਵਾਲ ਤੀਜੀ ਵਾਰ ਤਿਹਾੜ ਜੇਲ੍ਹ ਗਏ ਹਨ। ਇਸ ਤੋਂ ਪਹਿਲਾਂ ਉਹ 2011 ਅਤੇ 2014 ਵਿਚ ਵੀ ਤਿਹਾੜ ਜੇਲ੍ਹ ਜਾ ਚੁੱਕੇ ਹਨ।