
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਹੁਣ 20 ਮਿੰਟਾਂ ਵਿਚ ਰਜਿਸਟਰੀ ਹੋ ਜਾਇਆ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਫਤਹਿਗੜ੍ਹ ਸਾਹਿਬ ਵਿਚ ਇਜ਼ੀ-ਰਜਿਸਟਰੀ ਸਿਸਟਮ ਲਾਂਚ ਕੀਤਾ ਹੈ। ਇਸ ਮੌਕੇ ਸੀਐਮ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਰਜਿਸਟਰੀ ਦੇ ਲਈ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ, ਪਰ ਹੁਣ ਟੋਕਨ ਦੇ ਜ਼ਰੀਏ ਤੈਅ ਸਮਾਂ ਮਿਲੇਗਾ। ਮਾਨ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਚਾਹੇ ਤਾਂ ਸਰਕਾਰੀ ਮੁਲਾਜ਼ਮ ਰਜਿਸਟਰੀ ਕਰਨ ਦੇ ਲਈ ਮਸ਼ੀਨ ਲੈ ਕੇ ਉਨ੍ਹਾਂ ਦੇ ਘਰ ਤੱਕ ਵੀ ਜਾਣਗੇ। ਸੀਐਮ ਨੇ ਕਿਹਾ ਕਿ ਮੋਹਾਲੀ ਤੋਂ ਬਾਅਦ ਇਸ ਸਿਸਟਮ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਚ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਪੂਰੇ ਸੂਬੇ ਵਿਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਅਧਿਕਾਰੀ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਉਸ ਖਿਲਾਫ ਜ਼ਰੂਰ ਬਣਦੀ ਕਾਰਵਾਈ ਹੋਵੇਗੀ। ਸੀਐਮ ਮਾਨ ਨੇ ਕਿਹਾ ਕਿ ਪਹਿਲਾਂ ਕਈ-ਕਈ ਦਿਨ ਰਜਿਸਟਰੀਆਂ ਕਰਵਾਉਣ ਨੂੰ ਲੱਗ ਜਾਂਦੇ ਸਨ ਅਤੇ ਹੁਣ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਲਈ ਵੱਡੇ ਫੈਸਲੇ ਲੈ ਰਹੀ ਹੈ। ਇਹ ਵੀ ਦੱਸਣਯੋਗ ਹੈ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਭਲਕੇ ਸ਼ੁੱਕਰਵਾਰ ਨੂੰ ਸਵੇਰੇ 11 : 30 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਹੋ ਰਹੀ ਹੈ।

