ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਤੋਂ ਸਿੱਖ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਕੌਮ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਤੇ ਵਰਤਮਾਨ ਸਮੇਂ ‘ਚ ਗੁਰਬਾਣੀ ਦੀ ਸਿੱਖਿਆ ਮੁਤਾਬਕ ਮਿਲ ਬੈਠ ਕੇ ਸਿਰ ਜੋੜਨ ਤੇ ਆਪਾ ਪੜਚੋਲਣ ਲਈ ਕਿਹਾ। ਉਨ੍ਹਾਂ ਪੰਥਕ ਸ਼ਕਤੀ ਨੂੰ ਖੇਰੂੰ-ਖੇਰੂੰ ਕਰਨ ਲਈ ਸਿੱਖ ਧਰਮ ‘ਚ ਆਪਣੇ ਪ੍ਰਮੁੱਖ ਇਤਿਹਾਸਕ ਸਰੋਤਾਂ, ਸਿਧਾਂਤਾਂ ਤੇ ਰਹਿਤ ਮਰਯਾਦਾ ਸਬੰਧੀ ਵਿਵਾਦਾਂ ਨੂੰ ਤੂਲ ਦੀ ਗੱਲ ਕਰਦੇ ਹੋਏ ਇਸ ਨੂੰ ਪੰਥ ਵਿਰੋਧੀ ਤਾਕਤਾਂ ਦੀ ਸੋਚੀ ਸਮਝੀ ਗਹਿਰੀ ਸਾਜਿਸ਼ ਦਾ ਹਿੱਸਾ ਦੱਸਿਆ। ਉਨ੍ਹਾਂ ਖ਼ਾਲਸਾ ਪੰਥ ਦੀ ਵਿਰਾਸਤੀ ਭੂਮੀ ‘ਤੇ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਨੂੰ ਮਧੋਲਣ ਦੇ ਯਤਨਾਂ ‘ਤੇ ਵੀ ਤਿੱਖੇ ਸਵਾਲ ਕੀਤੇ। ਸਿੰਘ ਸਾਹਿਬ ਨੇ ਕਿਹਾ ਕਿ ਸਜ਼ਾ ਭੁਗਤਣ ਦੇ ਬਾਵਜੂਦ ਸਿੱਖ ਬੰਦੀਆਂ ਨੂੰ ਭਾਰਤੀ ਜ਼ੇਲ੍ਹਾਂ ‘ਚੋਂ ਰਿਹਾਅ ਨਾ ਕਰਨਾ, ਸਿੱਖ ਵਿਰਾਸਤ ਤੇ ਸਿੱਖ ਸੱਭਿਆਚਾਰ ‘ਤੇ ਗੁੱਝੇ ਹਮਲੇ, ਕੁਦਰਤੀ ਵਾਤਾਵਰਨ ਦਾ ਵਿਗਾੜ, ਖਾਲਸੇ ਦੇ ਨਿਆਰੇਪਣ ਨੂੰ ਗੰਧਲਾ ਕਰਨ ਦੇ ਮਨਸੂਬੇ, ਸ਼ਖ਼ਸੀ ਪੂਜਾ ਦਾ ਉਭਾਰ ਤੇ ਗੁਰੂਡੰਮ ਦਾ ਬੋਲਬਾਲਾ ਪੰਥ ਅੱਗੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਧਰਤੀ ਹੇਠਲੇ ਪਾਣੀ ਦਾ ਦੂਸ਼ਤ ਹੋਣ, ਜਰਖੇਜ਼ ਧਰਤੀ ਦੇ ਬੰਜਰ ਹੋਣ, ਨਸ਼ੇ, ਕਿਸਾਨ ਖੁਦਕੁਸ਼ੀਆਂ, ਭਰੂਣ ਹੱਤਿਆ, ਨੌਜਵਾਨੀ ਦਾ ਪ੍ਰਵਾਸ ਆਦਿ ਵਿਸ਼ਿਆਂ ਨੂੰ ਵੀ ਛੋਹਿਆ। ਜਥੇਦਾਰ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਕੌਮੀ ਇਕਜੁੱਟਤਾ ਨਾਲ ਮਨਾਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ, ਸ਼੍ਰੋਮਣੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਮੁੱਖ ਸਕੱਤਰ ਡਾ: ਰੂਪ ਸਿੰਘ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …