ਇਸਦੀ ਸ਼ੁਰੂਆਤ ਅੰਮ੍ਰਿਤਸਰ ਸਥਿਤ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਤੋਂ ਕੀਤੀ ਜਾਵੇਗੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਇਮਲੀ ਅਤੇ ਰੀਠੇ ਨਾਲ ਹੁਣ ਗੁਰੂਘਰਾਂ ‘ਚ ਬਣੇ ਸੋਨੇ ਦੇ ਗੁੰਬਦ ਚਮਕਣਗੇ। ਕਈ ਸਾਲ ਤੋਂ ਕਈ ਗੁਰੂਘਰਾਂ ‘ਚ ਸੋਨੇ ਦੇ ਗੁੰਬਦਾਂ ਦੀ ਕਾਰ ਸੇਵਾ ਨਹੀਂ ਹੋਈ ਹੈ। ਇਸ ਕਾਰਨ ਇਨ੍ਹਾਂ ਦੀ ਚਮਕ ਫਿੱਕੀ ਪੈ ਗਈ ਹੈ। ਅਜਿਹੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਮਨਜ਼ੂਰੀ ਤੋਂ ਬਾਅਦ ਇਸਦੀ ਸਫਾਈ ਦੀ ਸ਼ੁਰੂਆਤ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਤੋਂ ਕੀਤੀ ਜਾ ਰਹੀ ਹੈ।
ਗੁਰੂਘਰਾਂ ‘ਚ ਸੋਨੇ ਦੀ ਕਾਰ ਸੇਵਾ ਦੋ ਚਰਣਾਂ ‘ਚ ਹੋਵੇਗੀ। ਪਹਿਲੇ ਚਰਣ ‘ਚ ਇਮਲੀ ਨੂੰ ਪਾਣੀ ‘ਚ ਘੋਲ ਕੇ ਸੋਨੇ ਦੇ ਗੁੰਬਦਾਂ ਦੀ ਧੁਆਈ ਅਤੇ ਸਫਾਈ ਕੀਤੀ ਜਾਵੇਗੀ। ਦੂਜੇ ਚਰਣ ‘ਚ ਰੀਠੇ ਦੇ ਪਾਣੀ ਨਾਲ ਸੋਨੇ ਦੇ ਗੁੰਬਦਾਂ ਨੂੰ ਧੋਇਆ ਜਾਵੇਗਾ। ਗੁਰੂਘਰਾਂ ‘ਚ ਇਸ ਦੇ ਨਾਲ-ਨਾਲ ਸੋਨੇ ਦੀ ਪਾਲਕੀ ਦੀ ਤਿਆਰੀ ਦੀ ਸੇਵਾ ਵੀ ਹੋਵੇਗੀ ਅਤੇ ਮੁੱਖ ਗੇਟਾਂ ‘ਤੇ ਲੱਗੇ ਚਾਂਦੀ ਦੇ ਦਰਵਾਜ਼ਿਆਂ ‘ਤੇ ਮੀਨਾਕਾਰੀ ਵੀ ਕਰਵਾਈ ਜਾਵੇਗੀ ਇਸ ਦੀ ਜ਼ਿੰਮੇਵਾਰੀ ਵਰਸੋਈ ਕਾਰ ਸੇਵਾ ਸੰਪਰਦਾ (ਸੰਤ ਬਾਬਾ ਅਜੀਤ ਸਿੰਘ ਹੰਸਾਲੀ) ਨੂੰ ਸੌਂਪੀ ਗਈ ਹੈ। ਮੌਜੂਦਾ ਮੁਖੀ ਸੰਤ ਬਾਬਾ ਪਰਮਜੀਤ ਸਿੰਘ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਗੁੰਬਦਾਂ ਦੀ ਸਫਾਈ ਨਹੀਂ ਹੋਈ। ਇਸ ਕਾਰਨ ਇਨ੍ਹਾਂ ਦੀ ਚਮਕ ਫਿੱਕੀ ਪੈ ਗਈ ਹੈ।

