21.5 C
Toronto
Tuesday, September 23, 2025
spot_img
Homeਪੰਜਾਬਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਹੁਲ ਗਾਂਧੀ ਦੀ ਪੰਜਾਬ ਯਾਤਰਾ ਦਾ ਹੋਇਆ ਆਗਾਜ਼

ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਹੁਲ ਗਾਂਧੀ ਦੀ ਪੰਜਾਬ ਯਾਤਰਾ ਦਾ ਹੋਇਆ ਆਗਾਜ਼

ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੀ ਚੱਲ ਰਹੀ ਹੈ ਨਾਲ
ਸ੍ਰੀ ਫਤਿਹਗੜ੍ਹ ਸਾਹਿਬ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਦਾ ਅੱਜ ਪੰਜਾਬ ਵਿਚ ਵੀ ਆਗਾਜ਼ ਹੋ ਗਿਆ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ, ਜਿਸ ਤੋਂ ਬਾਅਦ ਉਨ੍ਹਾਂ ਸਰਹਿੰਦ ਦੀ ਦਾਣਾ ਮੰਡੀ ਵਿਖੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਅਤੇ ਆਰ ਐਸ ਐਸ ਵੱਲੋਂ ਦੇਸ਼ ਵਿਚ ਨਫ਼ਰਤ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ ਇਸ ਯਾਤਰਾ ਨਾਲ ਭਾਰਤ ਵਾਸੀਆਂ ’ਚ ਪਿਆਰ ਅਤੇ ਮੁਹੱਬਤ ਦਾ ਸੁਨੇਹਾ ਜਾ ਰਿਹਾ ਹੈ। ਕਿਉਂਕਿ ਹਰ ਭਾਰਤੀ ਭਾਈਚਾਰਾ, ਏਕਤਾ ਅਤੇ ਸਨਮਾਨ ਦੀ ਭਾਵਨਾ ਵਿਚ ਵਿਸ਼ਵਾਸ ਰੱਖਦਾ ਹੈ ਜਿਸ ਦੇ ਚਲਦਿਆਂ ਭਾਰਤ ਜੋੜੋ ਯਾਤਰਾ ਸਫ਼ਲ ਹੋ ਰਹੀ ਹੈ। ਸਰਹਿੰਦ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਮੰਡੀ ਗੋਬਿੰਦਗੜ੍ਹ ਵਿਖੇ ਪਹੁੰਚ ਕੇ ਥੋੜ੍ਹੀ ਦੇਰ ਲਈ ਰੁਕੀ। ਦੁਪਹਿਰ 3 ਵਜੇ ਮੰਡੀ ਗੋਬਿੰਦਗੜ੍ਹ ਦੇ ਖਾਲਸਾ ਗਰਾਊਂਡ ਤੋਂ ਯਾਤਰਾ ਖੰਨਾ ਦੇ ਲਈ ਰਵਾਨਾ ਹੋਈ। ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਪਾ, ਕੁਲਜੀਤ ਸਿੰਘ ਨਾਗਰਾ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸਚਿਨ ਪਾਇਲਟ, ਕਿਸਾਨ ਆਗੂ ਜੋਗਿੰਦਰ ਯਾਦਵ ਆਦਿ ਵੀ ਰਾਹੁਲ ਗਾਂਧੀ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਪੰਜਾਬ ਅੰਦਰ 8 ਦਿਨ ਚੱਲਣ ਵਾਲੀ ਇਹ ਯਾਤਰਾ 26 ਜਨਵਰੀ ਨੂੰ ਜੰਮੂ-ਕਸ਼ਮੀਰ ਵਿਖੇ ਪਹੁੰਚੇ ਕੇ ਸਮਾਪਤ ਹੋਵੇਗੀ।

RELATED ARTICLES
POPULAR POSTS