-1.3 C
Toronto
Sunday, November 9, 2025
spot_img
Homeਪੰਜਾਬਹਰ ਅੱਠਵਾਂ ਪੰਜਾਬੀ ਡਿਪਰੈਸ਼ਨ ਦਾ ਸ਼ਿਕਾਰ

ਹਰ ਅੱਠਵਾਂ ਪੰਜਾਬੀ ਡਿਪਰੈਸ਼ਨ ਦਾ ਸ਼ਿਕਾਰ

ਕੈਂਸਰ ਅਤੇ ਨਸ਼ਿਆਂ ਤੋਂ ਬਾਅਦ ਪੰਜਾਬੀਆਂ ਨੂੰ ਘੋਰ ਉਦਾਸੀ  ਨੇ ਘੇਰਿਆ
ਚੰਡੀਗੜ੍ਹ  ਚੰਡੀਗੜ੍ਹ ਦੇ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਦੀ ਇੱਕ ਰਿਪੋਰਟ ਤੋਂ ਪੰਜਾਬ ਬਾਰੇ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਕੈਂਸਰ ਅਤੇ ਨਸ਼ਿਆਂ ਤੋਂ ਬਾਅਦ ਪੰਜਾਬੀਆਂ ਨੂੰ ਘੋਰ ਉਦਾਸੀ (ਡਿਪਰੈਸ਼ਨ) ਨੇ ਘੇਰ ਲਿਆ ਹੈ। ਹਰ ਅੱਠਵਾਂ ਪੰਜਾਬੀ ਡਿਪਰੈਸ਼ਨ ਦਾ ਸ਼ਿਕਾਰ ਹੈ। ਡਿਪਰੈਸ਼ਨ ਤੋਂ ਪੀੜਤ 80 ਫ਼ੀਸਦ ਵਿਅਕਤੀਆਂ ਨੂੰ ਇਲਾਜ ਨਹੀਂ ਮਿਲ ਰਿਹਾ ਹੈ। ਇਲਾਜ ਨਾ ਹੋਣ ਕਰਕੇ ਖ਼ੁਦਕੁਸ਼ੀਆਂ ਵਧ ਰਹੀਆਂ ਹਨ। ਇਹ ਰਿਪੋਰਟ ਇੱਕ ਸਰਵੇ ‘ਤੇ ਆਧਾਰਿਤ ਹੈ, ਜੋ ਅਗਸਤ 2016 ਵਿੱਚ ਕਰਾਇਆ ਗਿਆ ਸੀ। ਇਸ ਨੂੰ ਵਿਸ਼ਵ ਸਿਹਤ ਦਿਵਸ ਮੌਕੇ ਰਿਲੀਜ਼ ਕੀਤਾ ਗਿਆ ਹੈ। ਰਿਪੋਰਟ ਵਿੱਚ ਤੱਥ ਸਾਹਮਣੇ ਆਏ ਹਨ ਕਿ ਪੰਜਾਬ ਵਿੱਚ ਸ਼ਹਿਰੀਆਂ ਨਾਲੋਂ ਪੇਂਡੂ ਲੋਕ ਡਿਪਰੈਸ਼ਨ ਦਾ ਵੱਧ ਸ਼ਿਕਾਰ ਹਨ। ਦੂਜਾ ਇਸ ਬਿਮਾਰੀ ਨੇ ઠਵੱਡੀ ਉਮਰ ਦੇ ਲੋਕਾਂ ਨੂੰ ਜ਼ਿਆਦਾ ਘੇਰਿਆ ਹੈ। ਵੱਡੀ ਉਮਰ ਦੇ ਲੋਕ ਬੱਚਿਆਂ ਦੇ ਨਸ਼ਿਆਂ ਵਿੱਚ ਫਸ ਜਾਣ ਕਾਰਨ ਚਿੰਤਤ ਰਹਿੰਦੇ ਹਨ, ਜਦੋਂਕਿ ਕਿਸਾਨ ਖੇਤੀ ਵਿੱਚ ਪੈ ਰਹੇ ਘਾਟੇ ਕਾਰਨ ਚਿੰਤਾ ਵਿੱਚ ਰਹਿੰਦੇ ਹਨ। ਰਿਪੋਰਟ ਮੁਤਾਬਕ ਪੰਜਾਬ ਵਿੱਚ ਅਠਾਰਾਂ ਸਾਲ ਤੋਂ ਵੱਧ ਉਮਰ ਦੇ 21.9 ਲੱਖ ਲੋਕ ਡਿਪਰੈਸ਼ਨ ਦਾ ਦੁੱਖ ਭੋਗ ਰਹੇ ਹਨ ਅਤੇ ਇਨ੍ਹਾਂ ਵਿੱਚੋਂ 4.38 ਲੱਖ ਭਾਵ ਸਿਰਫ਼ ਵੀਹ ਫ਼ੀਸਦ ਨੂੰ ਹੀ ਇਲਾਜ ਮਿਲ ਰਿਹਾ ਹੈ। ਢਾਈ ਲੱਖ ਪਿੱਛੇ ਮਨੋਰੋਗ ਦਾ ਇੱਕ ਡਾਕਟਰ ਹੈ ਅਤੇ ਮੌਜੂਦਾ ਸਥਿਤੀ ਦੇ ਚੱਲਦਿਆਂ ਅਗਲੇ ਸਾਢੇ ਗਿਆਰਾਂ ਸਾਲਾਂ ਵਿੱਚ ਮਨੋਰੋਗ ਦੇ ਮਾਹਿਰਾਂ ਡਾਕਟਰਾਂ ਦੀ ਘਾਟ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਸਰਵੇ ਵਿੱਚ ਪੰਜਾਬ ਦੇ ਚਾਰ ਜ਼ਿਲ੍ਹਿਆਂ ਫ਼ਰੀਦਕੋਟ, ਲੁਧਿਆਣਾ, ਮੋਗਾ ਤੇ ਪਟਿਆਲਾ ਨੂੰ ਸ਼ਾਮਲ ਕੀਤਾ ਗਿਆ ਹੈ।
ਸਰਵੇ ਟੀਮ ਵਿੱਚ ਪੰਜਾਬ ਅਤੇ ਯੂਟੀ ਦੇ ਡਾਕਟਰਾਂ ਦੀ ਟੀਮ ਸ਼ਾਮਲ ਸੀ। ਸਰਵੇ ਵਿੱਚ ਸ਼ਾਮਲ ਕੀਤੇ ਲੋਕਾਂ ਵਿਚੋਂ 70 ਪ੍ਰਤੀਸ਼ਤ ਵਿਆਹੇ ਹੋਏ ਸਨ ਅਤੇ 80 ਫ਼ੀਸਦ ਨੇ ਦਸਵੀਂ ਤਕ ਪੜ੍ਹਾਈ ਕੀਤੀ ਹੋਈ ਸੀ। ਇਹ ਵੀ ਦੱਸਿਆ ਗਿਆ ਹੈ ਕਿ ਸਰਵੇ ਵਿੱਚ ਸ਼ਾਮਲ ਸੁਆਣੀਆਂ ਵਿਚੋਂ 70 ਫ਼ੀਸਦ ਘਰੇਲੂ ਸੁਆਣੀਆਂ ਸਨ, ਜਦੋਂਕਿ ਪੁਰਸ਼ਾਂ ਵਿੱਚੋਂ 30 ਫ਼ੀਸਦ ਕਿਸਾਨ ਜਾਂ ਜ਼ਿਮੀਂਦਾਰ ਸਨ। ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ ਚੰਡੀਗੜ੍ਹ ਦੇ ਮਨੋਰੋਗ ਵਿਭਾਗ ਦੇ ਡਾਕਟਰ ਬੀ ਐਸ ਚਵਾਨ ਅਤੇ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਡਾਕਟਰ ਰੋਹਿਤ ਗਰਗ ਦੀ ਅਗਵਾਈ ਹੇਠ ਇਹ ਸਰਵੇ ਕੀਤਾ ਗਿਆ ਤੇ ਇਨ੍ਹਾਂ ਡਾਕਟਰਾਂ ਨੇ ਸਰਕਾਰ ਨੂੰ ਕਈ ਸੁਝਾਅ ਦਿੱਤੇ ਹਨ।

RELATED ARTICLES
POPULAR POSTS