ਸਰਕਾਰੀ ਸਕੂਲ ਸੂਰਾਪੁਰ ‘ਚ ਖੁੱਲ੍ਹੀ ‘ਬਾਬੇ ਨਾਨਕ ਦੀ ਹੱਟੀ’
ਹੱਟੀ ‘ਚ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਮੁਫਤ ਦਿੱਤਾ ਜਾ ਰਿਹਾ ਹੈ ਪੜ੍ਹਾਈ ਨਾਲ ਸਬੰਧਤ ਸਮਾਨ
ਨਵਾਂਸ਼ਹਿਰ/ਬਿਊਰੋ ਨਿਊਜ਼
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂਰਾਪੁਰ ਵਿਖੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਸਬੰਧਤ ਹਰ ਇਕ ਵਸਤੂ ਮੁਫਤ ਦੇਣ ਲਈ ਖੋਲ੍ਹੀ ਗਈ ਬਾਬੇ ਨਾਨਕ ਦੀ ਹੱਟੀ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਇਸ ਮੌਕੇ ਇਲੈਕਟ੍ਰਾਨਿਕ ਵਰਕਸ਼ਾਪ ਦੇ ਇੰਚਾਰਜ ਪਰਵੀਨ ਦੁੱਗਲ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ ਬਾਬੇ ਨਾਨਕ ਦੀ ਹੱਟੀ ਚਲਾਈ ਜਾ ਰਹੀ ਹੈ, ਜਿਸ ਵਿਚ ਬੱਚਿਆਂ ਨੂੰ ਕਾਪੀਆਂ, ਗੈਸ ਪੇਪਰ, ਗਾਈਡਾਂ, ਬੋਰਡ ਦੇ ਪੁਰਾਣੇ ਪੇਪਰ, ਪੈਨਸਲਾਂ, ਪੈਨ ਤੇ ਹੋਰ ਜ਼ਰੂਰਤ ਦਾ ਸਮਾਨ ਮੁਫਤ ਦਿੱਤਾ ਜਾ ਰਿਹਾ ਹੈ ਤਾਂ ਜੋ ਬੱਚੇ ਇਨ੍ਹਾਂ ਚੀਜ਼ਾਂ ਦੀ ਸੁਚੱਜੀ ਵਰਤੋਂ ਕਰਕੇ ਪੜ੍ਹਾਈ ਵਿਚ ਮੱਲ੍ਹਾਂ ਮਾਰ ਸਕਣ। ਉਹਨਾਂ ਦੱਸਿਆ ਕਿ ਜੇ ਕੋਈ ਵਿਦਿਆਰਥੀ ਜਾਂ ਦਾਨੀ ਸੱਜਣ ਇਸ ਨੇਕ ਕੰਮ ਵਿਚ ਆਪਣਾ ਯੋਗਦਾਨ ਦੇਣ ਦੇ ਚਾਹਵਾਨ ਹੁੰਦਾ ਹੈ ਤਾਂ ਉਸਦੇ ਲਈ ਇਕ ਗੋਲਕ ਰੱਖੀ ਗਈ ਹੈ ਜਿਸ ਵਿਚ ਉਹ ਵਿਦਿਆਰਥੀ ਜਾਂ ਦਾਨੀ ਸੱਜਣ ਆਪਣੇ ਕੋਲੋਂ ਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਭਾਵੇਂ ਸਕੂਲਾਂ ਵਿਚ ਵਰਦੀਆਂ, ਕਿਤਾਬਾਂ, ਬੂਟ, ਜੁਰਾਬਾਂ, ਮਿਡ ਡੇਅ ਮੀਲ ਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਵਿਦਿਆਰਥੀਆਂ ਨੂੰ ਹਾਲੇ ਵੀ ਕਾਪੀਆਂ, ਪੈਨ ਪੈਨਸਲਾਂ ਤੇ ਹੋਰ ਸਮਾਨ ਵੀ ਖਰੀਦੋ ਫਰੋਖਤ ਕਰਨੀ ਪੈਂਦੀ ਹੈ। ਇਹ ਖਰਚਾ ਕਈ ਵਾਰੀ ਲੋੜਵੰਦ ਪਰਿਵਾਰ ਦੀ ਪਹੁੰਚ ਤੋਂ ਦੂਰ ਹੋਣ ਕਾਰਨ ਬੱਚੇ ਪੜ੍ਹਾਈ ਵਿਚ ਪਛੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੀ ਪਰੇਸ਼ਾਨੀ ਧਿਆਨ ਵਿਚ ਆਈ ਸੀ, ਜਿਸ ਕਾਰਨ ਉਨ੍ਹਾਂ ਵਲੋਂ ਬਾਬੇ ਨਾਨਕ ਦੀ ਹੱਟੀ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਕੂਲ ਵਿਚ ਬੁੱਕ ਬੈਂਕ ਚਲਾਇਆ ਜਾ ਰਿਹਾ ਹੈ, ਜਿਸ ਵਿਚ ਵਿਦਿਆਰਥੀ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਕਿਤਬਾਂ ਨੂੰ ਦੁਬਾਰਾ ਸਕੂਲ ਦੀ ਬੁੱਕ ਬੈਂਡ ਲਈ ਜਮ੍ਹਾਂ ਕਰਵਾਉਂਦੇ ਸਨ। ਉਧਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂਰਾਪੁਰ ਵਿਖੇ ਚਲਾਈ ਜਾ ਰਹੀ ਬਾਬੇ ਨਾਨਕ ਦੀ ਹੱਟੀ ਦੀ ਇਲਾਕਾ ਵਾਸੀਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਪ੍ਰਵੀਨ ਦੁੱਗਲ ਨੇ ਦੱਸਿਆ ਕਿ ਇਸ ਨੇਕ ਕਾਰਜ ਵਿਚ ਸੇਵਾ ਮੁਕਤ ਡੀਐਸਪੀ ਕਸ਼ਮੀਰ ਸਿੰਘ ਪਾਬਲਾ, ਸੇਵਾ ਮੁਕਤ ਡੀਐਸਪੀ ਗੁਰਦੀਪ ਸਿੰਘ ਸੈਣੀ, ਐਜੂਕੇਸ਼ਨ ਸੈਕਟਰੀ (ਸੇਵਾ ਮੁਕਤ) ਮੋਹਣ ਸਿੰਘ ਪਾਬਲਾ, ਜੋਗਾ ਸਿੰਘ ਪਾਬਲਾ, ਬਲਜੀਤ ਸਿੰਘ ਪਾਬਲਾ, ਪ੍ਰਸ਼ੋਤਮ ਸਿੰਘ, ਜਰਨੈਲ ਸਿੰਘ ਪਾਬਲਾ ਤੇ ਸਮੂਹ ਸਟਾਫ ਰਾਕੇਸ਼ ਕੁਮਾਰ ਵਰਮਾ, ਬਲਜੀਤ ਨੌਰਾ, ਪਰਮਜੀਤ ਪੱਲੀ ਝਿੱਕੀ, ਕਮਲ ਕਿਸ਼ੋਰ ਸ਼ਰਮਾ, ਦਲਵਿੰਦਰ ਰਾਮ, ਹਰਜਿੰਦਰ ਪਾਲ, ਜਸਵੀਰ ਸਿੰਘ, ਰਾਜ ਰਾਣੀ, ਪ੍ਰਿਅੰਕਾ, ਹਰਦਿਆਲ ਤੇ ਹੈਨਰੀ ਵਲੋਂ ਬਣਦਾ ਸਹਿਯੋਗ ਕੀਤਾ ਜਾ ਰਿਹਾ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …