Breaking News
Home / ਪੰਜਾਬ / ਸੁਖਪਾਲ ਖਹਿਰਾ ਨੂੰ ‘ਆਪ’ ਦਾ ਪੰਜਾਬ ਪ੍ਰਧਾਨ ਬਣਾਉਣ ਦੀ ਆਵਾਜ਼ ਬੁਲੰਦ

ਸੁਖਪਾਲ ਖਹਿਰਾ ਨੂੰ ‘ਆਪ’ ਦਾ ਪੰਜਾਬ ਪ੍ਰਧਾਨ ਬਣਾਉਣ ਦੀ ਆਵਾਜ਼ ਬੁਲੰਦ

9 ਹਲਕਿਆਂ ਦੇ ਵਰਕਰਾਂ ਨੇ ਕਿਹਾ : ਕਨਵੀਨਰ ਕਲਰਕ ਜਿਹਾ ਲੱਗਦਾ ਹੈ, ਪ੍ਰਧਾਨ ਹੋਣਾ ਚਾਹੀਦਾ
ਜਲੰਧਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੀ ਪੰਜਾਬ ਸ਼ਾਖਾ ਵਿਚ ਬਗਾਵਤ ਦੇ ਸੁਰ ਸਾਹਮਣੇ ਆਉਣ ਲੱਗੇ ਹਨ। ਪਾਰਟੀ ਪ੍ਰਧਾਨ ਦੇ ਅਹੁਦੇ ਦੀ ਲੜਾਈ ਸ਼ੁਰੂ ਹੋ ਗਈ ਹੈ। ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੇ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਸਭ ਤੋਂ ਪਹਿਲਾ ਦਾਅਵਾ ਭੁਲੱਥ ਤੋਂ ਵਿਧਾਇਕ ਚੁਣੇ ਗਏ ਸੁਖਪਾਲ ਸਿੰਘ ਖਹਿਰਾ ਨੇ ਪੇਸ਼ ਕੀਤਾ ਹੈ। ਜਲੰਧਰ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਨੇ ਐਤਵਾਰ ਨੂੰ ਮੀਟਿੰਗ ਵਿਚ ਘੁੱਗੀ ਅਤੇ ਹੋਰ ਅਹੁਦੇਦਾਰਾਂ ਨੂੰ ਹਟਾਉਣ ਦੀ ਮੰਗ ਕੀਤੀ।
ਖਹਿਰਾ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਟਰੇਡ ਵਿੰਗ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਮੌਜੂਦਾ ਲੀਡਰਸ਼ਿਪ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਖਹਿਰਾ ਨੂੰ ਪੰਜਾਬ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ। ਖਹਿਰਾ ਨੇ ਵੀ ਆਪਣੇ ਭਾਸ਼ਣ ਵਿਚ ਕਨਵੀਨਰ ਅਹੁਦਾ ਖਤਮ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਪੰਜਾਬ ਵਿਚ ਕਨਵੀਨਰ ਦੀ ਜਗ੍ਹਾ ਪ੍ਰਧਾਨ ਦਾ ਅਹੁਦਾ ਹੋਣਾ ਚਾਹੀਦਾ ਹੈ। ਕਨਵੀਨਰ ਸ਼ਬਦ ਬੋਲਣ ਵਿਚ ਕਲਰਕ ਜਿਹਾ ਪ੍ਰਤੀਤ ਹੁੰਦਾ ਹੈ। ਇਹ ਪੰਜਾਬ ਹੈ, ਇੱਥੇ ਕਨਵੀਨਰ ਨਹੀਂ ਪ੍ਰਧਾਨ ਚੱਲਦੇ ਹਨ।  ਦਿੱਲੀ ਨਗਰ ਨਿਗਮ ਚੋਣਾਂ ਤੋਂ ਬਾਅਦ ਹੀ ਪੁਨਰਗਠਨ ਹੋਵੇਗਾ : ਘੁੱਗੀ : ਗੁਰਪ੍ਰੀਤ ਸਿੰਘ ਘੁੱਗੀ ਵੀ ਸਹਿਮਤ ਹਨ ਕਿ ਕਨਵੀਨਰ ਦੀ ਜਗ੍ਹਾ ਪ੍ਰਧਾਨ ਹੋਣਾ ਚਾਹੀਦਾ ਹੈ। ਅਸਤੀਫੇ ਦੇ ਸਬੰਧ ਵਿਚ ਉਹਨਾਂ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ ਤੋਂ ਬਾਅਦ ਪਾਰਟੀ ਦੀ ਜ਼ਬਰਦਸਤ ਮੀਟਿੰਗ ਹੋਵੇਗੀ, ਜਿਸ ਅਹੁਦਿਆਂ ਦੇ ਨਾਮ ਬਦਲਣ ਸਮੇਤ ਪਾਰਟੀ ਦੇ ਪੁਨਰਗਠਨ ‘ਤੇ ਚਰਚਾ ਹੋਵੇਗੀ।
ਮਹਾਰਾਜਾ ਅਤੇ ਮਹਾਰਾਣੀ ਦੇ ਆਪਣੇ-ਆਪਣੇ ਦਰਬਾਰ
ਮੁੱਖ ਮੰਤਰੀ ਬਣਨ ਤੋਂ ਬਾਅਦ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਪੁਲਿਸ, ਪ੍ਰਸ਼ਾਸਨਿਕ ਅਫਸਰਾਂ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਚੰਡੀਗੜ੍ਹ ਵਿਚ ਦਰਬਾਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ, ਉਥੇ ਉਹਨਾਂ ਪਤਨੀ ਮਹਾਰਾਣੀ ਪਰਨੀਤ ਕੌਰ ਪਟਿਆਲਾ ਦੇ ਮੋਤੀ ਮਹਿਲ ਵਿਚ ਦਰਬਾਰ ਲਗਾ ਰਹੀ ਹੈ। ਦੋਵੇਂ ਹੀ ਜਨਤਾ ਨੂੰ ਸਮਾਂ ਦੇਣ ਵਿਚ ਕੋਈ ਵੀ ਭੁੱਲ ਨਹੀਂ ਕਰਨਾ ਚਾਹੁੰਦੇ, ਕਿਉਂਕਿ 10 ਸਾਲ ਪਹਿਲਾਂ ਜਦ ਕੈਪਟਨ ਸੀਐਮ ਸਨ ਤਾਂ ਚਰਚਾ ਰਹਿੰਦੀ ਸੀ ਕਿ ਕੈਪਟਨ ਜਨਤਾ ਅਤੇ ਅਫਸਰਾਂ ਨੂੰ ਮਿਲਦੇ ਨਹੀਂ। ਇਸ ਲਈ ਉਨ੍ਹਾਂ ਗੱਲਾਂ ਤੋਂ ਸਬਕ ਲੈਂਦੇ ਹੋਏ ਕੈਪਟਨ ਨੇ ਜਨਤਾ ਦਰਬਾਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਪਟਿਆਲਾ ਵਿਚ ਮਹਾਰਾਣੀ ਪਰਨੀਤ ਕੌਰ ਦਰਬਾਰ ਲਗਾ ਰਹੀ ਹੈ ਤਾਂ ਕਿ ਪਟਿਆਲਾ ਅਤੇ ਉਸਦੇ ਨਾਲ ਲੱਗਦੇ ਏਰੀਏ ਦੇ ਲੋਕਾਂ ਦੀਆਂ ਸਮੱਸਿਆਵਾਂ ਪਟਿਆਲਾ ਵਿਚ ਹੀ ਹੱਲ ਕੀਤੀਆਂ ਜਾ ਸਕਣ। ਪਟਿਆਲਾ ਵਿਚ ਲਗਾਏ ਜਾਂਦੇ ਮਹਾਰਾਣੀ ਦੇ ਦਰਬਾਰ ਵਿਚ ਦਿੱਤੇ ਜਾਣ ਵਾਲੇ ਉਨ੍ਹਾਂ ਦੇ ਹੁਕਮਾਂ ਨੂੰ ਵੀ ਮੁੱਖ ਮੰਤਰੀ ਦੇ ਹੁਕਮਾਂ ਦੀ ਤਰ੍ਹਾਂ ਤਵੱਜੋਂ ਦਿੰਦੇ ਹੋਏ ਪੂਰਾ ਕੀਤਾ ਜਾਂਦਾ ਹੈ। ਮਹਾਰਾਣੀ ਵੀ ਪਟਿਆਲਾ ਵਿਚ ਪੁਲਿਸ ਅਤੇ ਪ੍ਰਸ਼ਾਸਨਿਕ ਅਫਸਰਾਂ ਨੂੰ ਸੀਐਮ ਦੀ ਤਰ੍ਹਾਂ ਹੀ ਹੁਕਮ ਜਾਰੀ ਕਰ ਰਹੇ ਹਨ।
ਕੀ ਰਹਿੰਦੇ ਇਕ ਹਫਤੇ ਵਿਚ ਨਸ਼ਾ ਖਤਮ
ਕਰ ਸਕਣਗੇ ਏਡੀਜੀਪੀ ਸਿੱਧੂ
ਪੰਜਾਬ ਵਿਚ ਨਸ਼ੇ ਨੂੰ ਖਤਮ ਕਰਨ ਲਈ ਕਾਂਗਰਸ ਸਰਕਾਰ ਦੁਆਰਾ ਗਠਿਤ ਸਪੈਸ਼ਲ ਟਾਸਕ ਫੋਰਸ ਦੇ ਕੰਮ ਕਾਜ ‘ਤੇ ਜਿੱਥੇ ਸਾਰਿਆਂ ਦੀ ਨਜ਼ਰ ਹੈ, ਉਥੇ ਫੋਰਸ ਦੇ ਇੰਚਾਰਜ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ‘ਤੇ ਵੀ ਹਰ ਕੋਈ ਨਜ਼ਰ ਜਮਾਈ ਬੈਠਾ ਹੈ। ਕਾਂਗਰਸ ਨੇ ਮੈਨੀਫੈਸਟੋ ਵਿਚ ਵਾਅਦਾ ਕੀਤਾ ਸੀ ਕਿ ਸਰਕਾਰ ਬਣਾਉਣ ਤੋਂ ਬਾਅਦ ਚਾਰ ਹਫਤੇ ਵਿਚ ਹੀ ਨਸ਼ੇ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਲਈ ਗਠਿਤ ਟਾਸਕ ਫੋਰਸ ਦਾ ਇੰਚਾਰਜ ਹਰਪ੍ਰੀਤ ਸਿੰਘ ਸਿੱਧੂ ਨੂੰ ਬਣਾਇਆ ਗਿਆ ਹੈ, ਜਿਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਛੱਤੀਸਗੜ੍ਹ ਵਿਚ ਬੁਲਾਇਆ ਗਿਆ ਹੈ, ਜਿੱਥੇ ਉਹ ਤਿੰਨ ਸਾਲ ਵਿਚ ਨਕਸਲੀਆਂ ਦੇ ਖਿਲਾਫ ਸੀਆਰਪੀਐਫ ਨੂੰ ਲੀਡ ਕਰ ਰਹੇ ਸਨ। ਹੁਣ ਕਾਂਗਰਸ ਸਰਕਾਰ ਬਣੀ ਨੂੰ ਤਿੰਨ ਹੋ ਚੁੱਕੇ ਹਨ। ਸਰਕਾਰ ਨੇ ਚਾਰ ਹਫਤੇ ਵਿਚ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਹੋਇਆ ਹੈ। ਅਜਿਹੇ ਵਿਚ ਸਾਰਿਆਂ ਦੀ ਨਜ਼ਰ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਦੇ ਕੰਮਕਾਜ ‘ਤੇ ਹੈ ਕਿ ਉਹ ਬਚੇ ਹੋਏ ਇਕ ਹਫਤੇ ਵਿਚ ਕਿਸ ਤਰ੍ਹਾਂ ਪੰਜਾਬ ਵਿਚੋਂ ਨਸ਼ੇ ਨੂੰ ਖਤਮ ਕਰਨਗੇ।
… ਵਧਣ ਲੱਗੀ ਗੁੰਮਨਾਮ ਨੇਤਾਵਾਂ ਦੀ ਅਹਿਮੀਅਤ
ਪੰਜਾਬ ਵਿਚ 10 ਸਾਲ ਬਾਅਦ ਕਾਂਗਰਸ ਸੱਤਾ ਵਿਚ ਆਈ ਹੈ। ਇਸ ਦੇ ਨਾਲ ਹੀ ਕਾਂਗਰਸ ਦੇ ਜਿਨ੍ਹਾਂ ਨੇਤਾਵਾਂ ਦੀ 10 ਸਾਲ ਤੱਕ ਸੱਤਾ ਤੋਂ ਦੂਰ ਰਹਿਣ ਕਾਰਨ ਲੋਕਾਂ ਵਿਚ ਅਹਿਮੀਅਤ ਘੱਟ ਹੋ ਗਈ ਸੀ, ਹੁਣ ਉਹਨਾਂ ਦੀ ਅਹਿਮੀਅਤ ਵੀ ਵਧ ਗਈ ਹੈ। ਸਰਕਾਰ ਬਣਨ ਦੇ ਤਿੰਨ ਹਫਤੇ ਬਾਅਦ ਵੀ ਜਿੱਥੇ ਵੱਖ-ਵੱਖ ਵਿਭਾਗਾਂ ਵਿਚ ਅਫਸਰਾਂ ਦੇ ਤਬਾਦਲੇ ਜਾਰੀ ਹਨ, ਉਥੇ ਅਫਸਰਾਂ ਨੇ ਵੀ ਆਪਣੇ ਤਬਾਦਲੇ ਰੁਕਵਾਉਣ ਅਤੇ ਮਨਪਸੰਦ ਦੇ ਸਥਾਨਾਂ ‘ਤੇ ਤਬਾਦਲੇ ਕਰਾਉਣ ਲਈ ਸਿਫਾਰਸ਼ ਕਰਾਉਣ ਨੂੰ ਇਨ੍ਹਾਂ ਕਾਂਗਰਸੀ ਨੇਤਾਵਾਂ ਦੇ ਚੱਕਰ ਕੱਟਣੇ ਸ਼ੁਰੂ ਕਰ ਦਿੱਤੇ ਹਨ। ਅਜਿਹੇ ਵਿਚ ਕਾਂਗਰਸ ਦੇ ਜੋ ਨੇਤਾ ਪਿਛਲੇ 10 ਸਾਲਾਂ ਵਿਚ ਆਪਣੀ ਅਹਿਮੀਅਤ ਘੱਟ ਹੋਣ ਕਰਕੇ ਇਕ ਤਰ੍ਹਾਂ ਨਾਲ ਗੁੰਮਨਾਮੀ ਦੇ ਹਨ੍ਹੇਰੇ ਵਿਚ ਡੁੱਬ ਗਏ ਸਨ, ਉਹਨਾਂ ਦੀ ਅਹਿਮੀਅਤ ਹੁਣ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਫਿਰ ਵਧ ਗਈ ਹੈ।
ਰਿਸ਼ਤੇ ਉਹੀ, ਚਿਹਰੇ ਨਵੇਂ
ਬਠਿੰਡਾ ਦੀ ਹਰ ਪ੍ਰਮੁੱਖ ਸੜਕ ‘ਤੇ ਬੋਰਡ ਅਤੇ ਫਲੈਕਸ ‘ਤੇ ਚਿਹਰੇ ਬਦਲ ਗਏ ਹਨ। ਹਾਲਾਂਕਿ ਸੋਚ ਅਤੇ ਰਿਸ਼ਤੇ ਉਹੀ ਹੈ। ਇਸ ਤੋਂ ਪਹਿਲਾਂ ਇਥੋਂ ਦੀਆਂ ਸੜਕਾਂ ‘ਤੇ ਸੁਖਬੀਰ ਬਾਦਲ, ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਤੇ ਹਰਸਿਮਰਤ ਦੇ ਭਰਾ ਬਿਕਰਮ ਸਿੰਘ ਮਜੀਠੀਆ ਦੇ ਪੋਸਟਰ ਦਿਖਾਈ ਦਿੰਦੇ ਸਨ, ਪਰ ਰਾਜ ਹੁਣ ਵੀ ਬਾਦਲਾਂ ਦਾ ਹੀ ਹੈ, ਹੁਣ ਸੁਖਬੀਰ ਦੀ ਜਗ੍ਹਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਉਹਨਾਂ ਦੀ ਪਤਨੀ ਵੀਨੂੰ ਬਾਦਲ ਅਤੇ ਵੀਨੂੰ ਦੇ ਭਰਾ ਦੀਆਂ ਤਸਵੀਰਾਂ ਹਨ। ਸਰਕਾਰ ਹੀ ਬਦਲੀ ਹੈ, ਸਿਸਟਮ ਨਹੀਂ।
ਅਫਸਰਾਂ ਨੇ ਆਫਿਸ ਇਸ ਤਰ੍ਹਾਂ ਸਜਾਏ, ਤਬਾਦਲੇ ‘ਤੇ ਵੀ ਛੱਡੇ ਨਾ ਜਾਣ
ਮੰਤਰੀ ਤਾਂ ਮੰਤਰੀ ਅਫਸਰਾਂ ਨੂੰ ਵੀ ਆਪਣੇ ਕਮਰੇ ਛੱਡਣ ਵਿਚ ਮੁਸ਼ਕਲ ਆ ਰਹੀ ਹੈ। ਦਰਅਸਲ ਕੁਝ ਸੀਨੀਅਰ ਅਫਸਰਾਂ ਨੇ ਆਪਣੇ ਕਮਰੇ ਇੰਨੇ ਸ਼ਾਨਦਾਰ ਜਾਂ ਦੂਸਰੇ ਸ਼ਬਦਾਂ ਵਿਚ ਕਹੀਏ ਕਾਰਪਿਟ ਸਟਾਈਲ ਵਿਚ ਬਣਾ ਲਏ ਹਨ ਕਿ ਹੁਣ ਤਬਾਦਲੇ ਤੋਂ ਬਾਅਦ ਉਹਨਾਂ ਦਾ ਮਨ ਕਮਰਿਆਂ ਨੂੰ ਛੱਡਣ ਦਾ ਨਹੀਂ ਕਰ ਰਿਹਾ ਹੈ। ਐਡੀਸ਼ਨਲ ਚੀਫ ਸੈਕਟਰੀ ਐਨਐਸ ਕਲਸੀ ਕੋਲੋਂ ਡਿਵੈਲਪਮੈਂਟ ਦਾ ਵਿਭਾਗ ਲੈ ਕੇ ਸਤੀਸ਼ ਚੰਦਰਾ ਨੂੰ ਦੇ ਦਿੱਤਾ ਗਿਆ ਹੈ। ਪਰ ਕਲਸੀ ਆਪਣਾ ਮਿੰਨੀ ਸੈਕਟਰੀਰੇਟ ਸਥਿਤ ਕਮਰਾ ਛੱਡਣ ਦੇ ਮੂਡ ਵਿਚ ਨਹੀਂ ਹਨ। ਉਹਨਾਂ ਪੀਡਬਲਿਊਡੀ ਦੇ ਸੈਕਟਰੀ ਰਹਿੰਦੇ ਹੋਏ ਇਸ ਕਮਰੇ ਨੂੰ ਕਾਫੀ ਰੈਨੋਵੇਟ ਕਰਵਾਇਆ। ਕਲਸੀ ਹੁਣ ਹੋਮ ਸੈਕਟਰੀ ਹਨ। ਸਤੀਸ਼ ਚੰਦਰਾ ਨੂੰ ਹੁਣ ਹੋਮ ਸੈਕਟਰੀ ਦੇ ਕਮਰੇ ਵਿਚ ਬੈਠਣਾ ਪੈ ਰਿਹਾ ਹੈ। ਅਫਸਰਾਂ ਦਾ ਤਾਂ ਕੁਝ ਨਹੀਂ ਜਾ ਰਿਹਾ, ਪਰ ਵਿਭਾਗ ਦੇ ਕਰਮਚਾਰੀਆਂ ਦੀ ਸ਼ਾਮਤ ਆਈ ਹੋਈ ਹੈ। ਹੋਮ ਦੀਆਂ ਸਾਰੀਆਂ ਬ੍ਰਾਂਚਾਂ, ਸਪੈਸ਼ਲ ਸੈਕਟਰੀ ਮੇਨ ਸੈਕਟਰੀਏਟ ਵਿਚ ਹਨ। ਉਹਨਾਂ ਨੂੰ ਫਾਈਲਾਂ ਲੈ ਕੇ ਮਿੰਨੀ ਸੈਕਟਰੀਏਟ ਵਿਚ ਜਾਣਾ ਪੈਂਦਾ ਹੈ ਤਾਂ ਐਗਰੀਕਲਚਰ ਵਿਭਾਗ ਦੀਆਂ ਸਾਰੀਆਂ ਬ੍ਰਾਂਚਾਂ ਮਿੰਨੀ ਸੈਕਟਰੀਏਟ ਵਿਚ ਹਨ ਅਤੇ ਉਹਨਾਂ ਦੇ ਕਰਮਚਾਰੀਆਂ ਨੂੰ ਮੇਨ ਸੈਕਟਰੀਏਟ ਦੀ ਦੌੜ ਲਗਾਉਣੀ ਪੈਂਦੀ ਹੈ।
10 ਸਾਲ ਬਾਅਦ ਫਿਰ ਚਾਹ ਦੀ ਚੁਸਕੀਆਂ ਦੇ ਨਾਲ ਡਿਬੇਟ ਦਾ ਦੌਰ
ਸੱਤਾ ਬਦਲਦੇ ਹੀ ਅਫਸਰਾਂ ਦੇ ਰੁਤਬੇ ਵੀ ਬਦਲ ਗਏ ਹਨ। ਦਸ ਸਾਲ ਤੱਕ ਪ੍ਰਕਾਸ਼ ਸਿੰਘ ਬਾਦਲ ਨਾਲ ਕੰਮ ਕਰਨ ਵਾਲੇ ਗਗਨ ਬਰਾੜ ਫਿਰ ਤੋਂ ਸਪੈਸ਼ਲ ਸੈਕਟਰੀ ਸਹਿਕਾਰਤਾ ਵਿਭਾਗ ਵਿਚ ਆ ਗਏ ਹਨ। ਮੋਹਾਲੀ ਦੇ ਡੀਸੀ ਡੀਐਸ ਮਾਂਗਟ ਸਪੈਸ਼ਲ ਸੈਕਟਰੀ ਪਾਵਰ ਬਣਕੇ ਮਿੰਨੀ ਸੈਕਟਰੀਏਟ ਵਿਚ ਪਹੁੰਚ ਗਏ ਹਨ, ਜਿੱਥੇ ਉਹ ਦਸ ਸਾਲ ਪਹਿਲਾਂ ਸਨ। ਕੈਪਟਨ ਸਰਕਾਰ ਨੇ ਪਿਛਲੇ ਕਾਰਜਕਾਲ ਦੌਰਾਨ ਵੀ ਇਹ ਕੌਫੀ ਗਰੁੱਪ ਦੇ ਨਾਮ ਨਾਲ ਪ੍ਰਸਿੱਧ ਸੀ, ਹੁਣ ਫਿਰ ਤੋਂ ਚਾਹ ਦੀ ਚੁਸਕੀਆਂ ‘ਤੇ ਡਿਬੇਟ ਹੋਣੀ ਸ਼ੁਰੂ ਹੋ ਗਈ ਹੈ।
ਰੰਜਿਸ਼ ਤਹਿਤ ਚੰਡੀਗੜ੍ਹ ਦੇ ਸੈਕਟਰ 38 ‘ਚ ਦਿਨ ਦਿਹਾੜੇ ਕਤਲ
ਪਹਿਲਾਂ ਫੋਨ ਕਰਕੇ ਸਰਪੰਚ ਨੂੰ ਗੁਰਦੁਆਰੇ ਤੋਂ ਬਾਹਰ ਬੁਲਾ ਕੇ ਕੁੱਟਿਆ, ਫਿਰ ਸੜਕ ਵਿਚਕਾਰ ਹੱਥ ਅਤੇ ਲੱਤਾਂ ‘ਤੇ ਮਾਰੀਆਂ ਸੱਤ ਗੋਲੀਆਂ, ਮੌਤ
ਪੁਲਿਸ ਫਿਰ ਫੇਲ੍ਹ …
ਹੁਸ਼ਿਆਰਪੁਰ ਦੇ ਪਿੰਡ ਖੁਰਦਾਂ ਦਾ ਸਰਪੰਚ ਸੀ ਸਤਨਾਮ ਸਿੰਘ
ਆਰੋਪੀ ਗੋਲੀ ਮਾਰਨ ਤੋਂ ਬਾਅਦ ਕਾਰ ਵਿਚ ਹੋ ਗਏ ਫਰਾਰ
ਮਰਨ ਤੋਂ ਪਹਿਲਾਂ ਪੁਲਿਸ ਨੂੰ ਦੱਸੇ ਤਿੰਨ ਹਮਲਾਵਰਾਂ ਦੇ ਨਾਮ
ਚੰਡੀਗੜ੍ਹ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਐਤਵਾਰ ਸਵੇਰੇ ਪੰਜਾਬ ਤੋਂ ਸੰਗਤ ਨਾਲ ਸੈਕਟਰ 38 ਵੈਸਟ ਸਥਿਤ ਗੁਰਦੁਆਰਾ ਸੰਤਸਰ ਸਾਹਿਬ ਆਏ ਹੁਸ਼ਿਆਰਪੁਰ ਦੇ ਪਿੰਡ ਖੁਰਦਾਂ ਦੇ ਸਰਪੰਚ ਸਤਨਾਮ ਸਿੰਘ ਦੀ ਮਾਰਕੁੱਟ ਕਰਕੇ ਅਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਇਕ ਦੇਸੀ ਪਿਸਤੌਲ ਅਤੇ ਦੋਨਾਲੀ ਨਾਲ ਕੁੱਲ ਸੱਤ ਗੋਲੀਆਂ ਚਲਾਈਆਂ। ਸਵੇਰੇ 11.00 ਵੱਜ ਕੇ 20 ਮਿੰਟ ‘ਤੇ ਸੜਕ ਵਿਚਕਾਰ ਸੈਂਕੜੇ ਲੋਕਾਂ ਦੇ ਸਾਹਮਣੇ ਗੋਲੀਆਂ ਮਾਰੀਆਂ ਗਈਆਂ। ਸਤਨਾਮ ਸਿੰਘ ਦੇ ਪੰਜ ਗੋਲੀਆਂ ਲੱਗੀਆਂ। ਇਸ ਦੌਰਾਨ ਉਸਦਾ ਏਨਾ ਖੂਨ ਵਗ ਗਿਆ ਕਿ ਉਸ ਨੇ ਦੋ ਘੰਟੇ ਦੇ ਇਲਾਜ ਤੋਂ ਬਾਅਦ ਦਮ ਤੋੜ ਦਿੱਤਾ। ਹਾਲਾਂਕਿ ਮਰਨ ਤੋਂ ਪਹਿਲਾਂ ਸਤਨਾਮ ਸਿੰਘ ਨੇ ਐਸਐਚਓ ਰਾਮ ਰਤਨ ਨੂੰ ਹਮਲਾਵਰਾਂ ਦੇ ਨਾਮ ਦੱਸ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਉਸ ਨੂੰ ਫੋਨ ਕਰਕੇ ਗੁਰਦੁਆਰੇ ਤੋਂ ਬਾਹਰ ਬੁਲਾਇਆ ਗਿਆ, ਫਿਰ ਮਾਰਕੁੱਟ ਕੀਤੀ ਅਤੇ ਬਾਅਦ ਵਿਚ ਗੋਲੀਆਂ ਮਾਰੀਆਂ। ਉਸ ਨੇ ਬਿਆਨਾਂ ਵਿਚ ਕਿਹਾ ਕਿ ਹਮਲਾਵਰਾਂ ਵਿਚ ਉਸੇ ਪਿੰਡ ਦੇ ਬੌਬੀ, ਅਰਸ਼ਦੀਪ ਤੇ ਤੀਰਥ ਸ਼ਾਮਲ ਹਨ। ਪੁਲਿਸ ਤਿੰਨਾਂ ਦੀ ਭਾਲ ਕਰ ਰਹੀ ਹੈ। ਦੱਸਿਆ ਗਿਆ ਕਿ ਗੋਲੀਆਂ ਸਤਨਾਮ ਸਿੰਘ ਦੀਆਂ ਲੱਤਾਂ ਅਤੇ ਹੱਥ ‘ਤੇ ਲੱਗੀਆਂ। ਇਸ ਤੋਂ ਇਲਾਵਾ ਮਾਰਕੁੱਟ ਕਰਕੇ ਸਰੀਰ ਦੇ ਕਈ ਹਿੱਸਿਆਂ ਵਿਚ ਫਰੈਕਚਰ ਵੀ ਹੋਏ ਸਨ। ਲਹੂ ਲੁਹਾਨ ਵਿਚ ਉਸ ਨੂੰ ਪੀਜੀਆਈ ਲਿਜਾਇਆ ਗਿਆ, ਪਰ ਜ਼ਿਆਦਾ ਖੂਨ ਵਗ ਜਾਣ ਕਰਕੇ ਸਤਨਾਮ ਸਿੰਘ ਬਚ ਨਹੀਂ ਸਕਿਆ। ਹਮਲਾਵਰਾਂ ਕੋਲ ਜਿੱਥੇ ਤੇਜ਼ ਹਥਿਆਰ ਸਨ, ਉਥੇ ਦੋ ਵੈਪਨ ਸੀ ਸਨ। ਇਨ੍ਹਾਂ ਵਿਚ 12 ਬੋਰ ਦੀ ਗਨ ਸੀ ਅਤੇ ਇਕ ਛੋਟੀ ਰਿਵਾਲਵਰ। ਚਾਰ ਗੋਲੀਆਂ 12 ਬੋਰ ਦੀ ਗਨ ਵਿਚੋਂ ਚਲਾਈਆਂ ਗਈਆਂ, ਜਦਕਿ 3 ਤੋਂ 4 ਗੋਲੀਆਂ ਰਿਵਾਲਵਰ ਤੋਂ ਚਲਾਈਆਂ ਗਈਆਂ।
ਇਕ ਤੋਂ ਬਾਅਦ ਇਕ ਸੱਤ ਗੋਲੀਆਂ ਮਾਰੀਆਂ
ਦੱਸਿਆ ਗਿਆ ਕਿ ਹਮਲਾਵਰ ਆਈ-20 ਕਾਰ ਵਿਚ ਆਏ। ਕਾਰ ਗੁਰਦੁਆਰੇ ਤੋਂ 30 ਕਦਮ ਦੂਰ ਖੜ੍ਹੇ ਸਤਨਾਮ ਸਿੰਘ ਦੇ ਟਰੱਕ ਕੋਲ ਆ ਕੇ ਰੁਕੀ। ਆਰੋਪੀਆਂ ਵਿਚੋਂ ਇਕ ਨੇ ਫੋਨ ਕੀਤਾ ਅਤੇ ਸਤਨਾਮ ਗੁਰਦੁਆਰੇ ਤੋਂ ਬਾਹਰ ਆ ਗਿਆ। ਇਸ ਤੋਂ ਬਾਅਦ ਉਹ ਕਾਰ ਵੱਲ ਚਲਾ ਗਿਆ। ਜਿਸ ਤਰ੍ਹਾਂ ਹੀ ਸਤਨਾਮ ਸਿੰਘ ਕਾਰ ਕੋਲ ਪਹੁੰਚਿਆ ਤਾਂ ਡਰਾਈਵਰ ਨੇ ਕਾਰ ਸੜਕ ਵਿਚਕਾਰ ਖੜ੍ਹੀ ਕਰ ਦਿੱਤੀ ਅਤੇ ਕਾਰ ਵਿਚੋਂ ਹੇਠਾਂ ਉਤਰ ਕੇ ਸਤਨਾਮ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਇਕ ਹਮਲਾਵਰ ਨੇ ਤੇਜ਼ਧਾਰ ਹਥਿਆਰ ਨਾਲ ਹੱਥ ‘ਤੇ ਵਾਰ ਕੀਤਾ। ਫਿਰ ਇਕ ਨੇ ਸਿਰ ‘ਤੇ ਰਾਡ ਮਾਰੀ। ਇਸ ਤੋਂ ਬਾਅਦ ਸਤਨਾਮ ਜਾਨ ਬਚਾਉਣ ਲਈ ਇਥੋਂ ਦੌੜਿਆ ਅਤੇ ਨਾਲ ਹੀ ਖੜ੍ਹੇ ਇਕ ਟਰੱਕ ਦੇ ਟਾਇਰਾਂ ਦੇ ਪਿੱਛੇ ਲੁਕ ਗਿਆ। ਉੋਥੇ ਹਮਲਾਵਰਾਂ ਨੇ ਪਹਿਲਾਂ ਇਕ ਗੋਲੀ ਚਲਾਈ। ਗੋਲੀ ਉਸਦੀ ਲੱਤ ਵਿਚ ਲੱਗੀ। ਤਿੰਨਾਂ ਹਮਲਾਵਰਾਂ ਨੇ ਟਾਇਰਾਂ ਦੇ ਪਿੱਛੇ ਬੈਠੇ ਸਤਨਾਮ ਨੂੰ ਖਿੱਚ ਕੇ ਬਾਹਰ ਲਿਆਂਦਾ। ਦੋਵੇਂ ਪਾਸਿਆਂ ਤੋਂ ਘਿਰਨ ਤੋਂ ਬਾਅਦ ਆਰੋਪੀਆਂ ਨੇ ਇਕ ਤੋਂ ਬਾਅਦ ਇਕ ਸੱਤ ਗੋਲੀਆਂ ਮਾਰੀਆਂ।
ਲੋਕ ਪਾਣੀ ਪੁੱਛਦੇ ਰਹੇ ਅਤੇ ਸਤਨਾਮ ਹਮਲਾਵਰਾਂ ਦੇ ਨਾਮ ਦੱਸਦਾ ਰਿਹਾ
ਜਦ ਸਤਨਾਮ ਸਿੰਘ ਗੁਰਦੁਆਰੇ ਤੋਂ ਬਾਹਰ ਆਇਆ ਤਾਂ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸਤਨਾਮ ਦੌੜ ਕੇ ਆਪਣੇ ਟਰੱਕ ਦੇ ਪਿਛਲੇ ਟਾਇਰ ਪਿੱਛੇ ਲੁਕ ਗਿਆ। ਗੋਲੀ ਲੱਗਣ ਨਾਲ ਖੂਨ ਨਿਕਲ ਰਿਹਾ ਸੀ। ਹਮਲਾਵਰਾਂ ਨੇ ਖੂਨ ਦੇ ਨਿਸ਼ਾਨ ਤੋਂ ਪਤਾ ਲਗਾ ਲਿਆ ਕਿ ਸਤਨਾਮ ਟਰੱਕ ਦੇ ਟਾਇਰ ਦੇ ਪਿੱਛੇ ਲੁਕਿਆ ਹੈ ਤੇ ਉਨ੍ਹਾਂ ਨੇ ਸਤਨਾਮ ਨੂੰ ਉਥੇ ਹੀ ਘੇਰ ਕੇ ਗੋਲੀਆਂ ਮਾਰੀਆਂ। ਇਸ ਨਾਲ ਸਤਨਾਮ ਬੇਹੋਸ਼ ਹੋ ਗਿਆ ਅਤੇ ਲੋਕਾਂ ਨੂੰ ਆਉਂਦੇ ਦੇਖ ਕੇ ਹਮਲਾਵਰ ਦੌੜ ਗਏ।
ਟਰੱਕ ਯੂਨੀਅਨ ਦੀ ਪ੍ਰਧਾਨਗੀ ਬਣਿਆ ਕਾਰਨ
ਇਸਦੇ ਪਿੱਛੇ ਟਰੱਕ ਯੂਨੀਅਨ ਦੀ ਰੰਜਿਸ਼ ਸੀ। ਲੰਮੇ ਸਮੇਂ ਤੋਂ ਗੜ੍ਹਦੀਵਾਲਾ ਦੇ ਚਰਨਜੀਤ ਸਿੰਘ ਚਰਨੀ ਦਾ ਟਰੱਕ ਯੂਨੀਅਨ ‘ਤੇ ਕਬਜ਼ਾ ਰਿਹਾ ਸੀ। ਪਰ ਸਤਨਾਮ ਸਿੰਘ ਤੇ ਉਸਦੇ ਭਰਾ ਨਿਸ਼ਾਨ ਸਿੰਘ ਸ਼ਾਨਾ ਨੇ ਟਰੱਕ ਯੂਨੀਅਨ ਵਿਚ ਪਹਿਲਾਂ ਆਪਣੀ ਪੈਂਠ ਬਣਾਉਣੀ ਸ਼ੁਰੂ ਕੀਤੀ ਅਤੇ ਫਿਰ ਪ੍ਰਧਾਨਗੀ ‘ਤੇ ਕਬਜ਼ਾ ਕੀਤਾ। ਟਰੱਕ ਯੂਨੀਅਨ ਦੀ ਪ੍ਰਧਾਨਗੀ ਚਲੀ ਜਾਣੀ ਚਰਨਜੀਤ ਸਿੰਘ ਨੂੰ ਹਜ਼ਮ ਨਹੀਂ ਸੀ। ਇਸ ਕਤਲ ਦਾ ਮੁੱਖ ਕਾਰਨ ਇਹੀ ਦੱਸਿਆ ਜਾ ਰਿਹਾ ਹੈ। ਕਿਉਂਕਿ ਸਤਨਾਮ ਸਿੰਘ ਜਿੱਥੇ ਪਿੰਡ ਦਾ ਸਰਪੰਚ ਸੀ, ਉਥੇ ਪਿਛਲੇ ਦਿਨੀਂ ਟਰੱਕ ਯੂਨੀਅਨ ਦਾ ਪ੍ਰਧਾਨ ਰਿਹਾ ਸੀ। ਹੁਣ ਕਣਕ ਦੀ ਫਸਲ ਮਾਰਕੀਟ ‘ਚ ਆਉਣ ਵਾਲੀ ਹੈ ਅਤੇ ਟੈਂਡਰਾਂ ‘ਚ ਇਕ ਵਾਰ ਫਿਰ ਸਤਨਾਮ ਸਿੰਘ ਨੇ ਆਪਣੀ ਹਾਜ਼ਰੀ ਦਰਜ ਕਰਵਾਈ ਸੀ। ਚਰਨਜੀਤ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਸੀ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …