ਮੋਗੇ ਦਾ ਪਰਿਵਾਰ ਵੀ ਡੇਰਾ ਮੁਖੀ ਖਿਲਾਫ ਆਇਆ ਸਾਹਮਣੇ
ਚੰਡੀਗੜ੍ਹ/ਬਿਊਰੋ ਨਿਊਜ਼
ਮੋਗਾ ਦੇ ਜਗਸੀਰ ਸਿੰਘ ਦੇ ਪਰਿਵਾਰ ਨੇ ਆਪਣੇ ਬੇਟੇ ਦੇ ਕਤਲ ਦੀ ਸ਼ਿਕਾਇਤ ਡੀਜੀਪੀ ਹਰਿਆਣਾ ਨੂੰ ਦਿੱਤੀ ਹੈ। ਡੀਜੀਪੀ ਬੀਐਸ ਸੰਧੂ ਨੇ ਇਹ ਸ਼ਿਕਾਇਤ ਸਿਰਸਾ ਪ੍ਰਸ਼ਾਸਨ ਨੂੰ ਭੇਜ ਦਿੱਤੀ ਹੈ। ਜਗਸੀਰ ਦੇ ਪਰਿਵਾਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਬੇਟੇ ਦਾ ਡੇਰਾ ਸਿਰਸਾ ਵਿੱਚ 2005 ਵਿੱਚ ਕਤਲ ਹੋਇਆ ਹੈ। ਉਸ ਦੀ ਲਾਸ਼ ਡੇਰੇ ਵੱਲੋਂ ਖੁਰਦ-ਬੁਰਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਦੋਂ ਵੀ ਡੇਰੇ ‘ਤੇ ਸ਼ੱਕ ਸੀ ਪਰ ਉਦੋਂ ਉਨ੍ਹਾਂ ‘ਤੇ ਡੇਰੇ ਨੇ ਦਬਾਅ ਪਾਇਆ ਤੇ ਬੋਲਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਦੋਂ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ।
ਦੂਜੇ ਪਾਸੇ ਲੰਘੇ ਕੱਲ੍ਹ ਐਸਆਈਟੀ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਡੇਰੇ ਦੀ ਕਮੇਟੀ ਦੇ ਉਪ ਪ੍ਰਧਾਨ ਡਾ. ਪੀਆਰ ਨੈਨ ਨੇ ਵੱਡਾ ਖੁਲਾਸਾ ਕੀਤਾ ਹੈ। ਨੈਨ ਨੇ ਐਸਆਈਟੀ ਨੂੰ ਦੱਸਿਆ ਕਿ ਡੇਰੇ ਦੀ ਜ਼ਮੀਨ ਵਿਚ 600 ਮਨੁੱਖੀ ਪਿੰਜਰ ਦੱਬੇ ਹੋਏ ਹਨ।