ਗੋਰਖਨਾਥ ਦੇ ਭਗਤਾਂ ਨੇ ਕੀਤਾ ਸੀ ਇਤਰਾਜ਼
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਅਨੈਤਿਕ ਕੰਮਾਂ ਲਈ ਵਰਤੇ ਜਾਣ ਵਾਲੇ ‘ਗੋਰਖਧੰਦਾ’ ਸ਼ਬਦ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਫ਼ੈਸਲਾ ਨਾਥ ਭਾਈਚਾਰੇ ਦੇ ਇਕ ਨੁਮਾਇੰਦਗੀ ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਲਿਆ। ਨੁਮਾਇੰਦਗੀ ਵਫ਼ਦ ਨੇ ਮੁੱਖ ਮੰਤਰੀ ਨੂੰ ਗੋਰਖਧੰਦਾ ਸ਼ਬਦ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਸ਼ਬਦ ਦੇ ਨਾਂਹਪੱਖੀ ਅਰਥ ਕੱਢੇ ਜਾਣ ਨਾਲ ਨਾਥ ਭਾਈਚਾਰੇ ਅਤੇ ਗੋਰਖਨਾਥ ਦੇ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ।
ਗੋਰਖਨਾਥ ਭਾਈਚਾਰੇ ਦੇ ਵਫ਼ਦ ਦੇ ਮੈਂਬਰਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਦੱਸਿਆ ਕਿ ਇਸ ‘ਗੋਰਖਧੰਦਾ’ ਸ਼ਬਦ ਦੀ ਵਰਤੋਂ ਨਾਲ ਉਨ੍ਹਾਂ ਨੂੰ ਦੁੱਖ ਹੁੰਦਾ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਗੋਰਖਨਾਥ ਇਕ ਸੰਤ ਸਨ ਤੇ ਕਿਸੇ ਵੀ ਰਾਜਭਾਸ਼ਾ, ਭਾਸ਼ਣ ਜਾਂ ਕਿਸੇ ਵੀ ਸੰਦਰਭ ’ਚ ਇਸ ਸ਼ਬਦ ਦੀ ਵਰਤੋਂ ਉਨ੍ਹਾਂ ਦੇ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ, ਇਸ ਲਈ ਕਿਸੇ ਵੀ ਸੰਦਰਭ ’ਚ ਇਸ ਸ਼ਬਦ ਦੀ ਵਰਤੋਂ ’ਤੇ ਸੂਬੇ ’ਚ ਪਾਬੰਦੀ ਲਗਾ ਦਿੱਤੀ ਗਈ ਹੈ।