8.2 C
Toronto
Friday, November 7, 2025
spot_img
Homeਪੰਜਾਬਸਿੱਧੂ ਦੀ ਟੀਮ ’ਚ ਮੁਸਤਫਾ ਦੀ ਐਂਟਰੀ

ਸਿੱਧੂ ਦੀ ਟੀਮ ’ਚ ਮੁਸਤਫਾ ਦੀ ਐਂਟਰੀ

ਨਵਜੋਤ ਸਿੱਧੂ ਨੇ ਮੁਹੰਮਦ ਮੁਸਤਫਾ ਨੂੰ ਪ੍ਰਮੁੱਖ ਰਣਨੀਤਕ ਸਲਾਹਕਾਰ ਲਾਇਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਨਵੇਂ ਬਣਾਏ ਗਏ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਟੀਮ ਵਿਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿੱਧੂ ਨੇ ਅੱਜ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੂੰ ਆਪਣਾ ਪ੍ਰਮੁੱਖ ਰਣਨੀਤਕ ਸਲਾਹਕਾਰ ਨਿਯੁਕਤ ਕਰ ਲਿਆ ਹੈ। ਦੱਸਿਆ ਗਿਆ ਮੁਹੰਮਦ ਮੁਸਤਫਾ ਪੰਜਾਬ ਕਾਂਗਰਸ ਕਮੇਟੀ ਦੇ ਕੋਆਰਡੀਨੇਟਰ ਵਜੋਂ ਵੀ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਮੁਸਤਫਾ ਨੇ ਪਹਿਲਾਂ ਸਿੱਧੂ ਦਾ ਸਲਾਹਕਾਰ ਬਣਨ ਤੋਂ ਇਨਕਾਰ ਕਰ ਦਿੱਤਾ ਸੀ।
ਧਿਆਨ ਰਹੇ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਹੁਣ ਆਪਣੀ ਟੀਮ ਵਿਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਦਿਨੋਂ ਦਿਨ ਉਹ ਨਵੀਆਂ ਨਿਯੁਕਤੀਆਂ ਕਰ ਰਹੇ ਹਨ। ਇਹ ਵੀ ਦੇਖਿਆ ਗਿਆ ਕਿ ਸਿੱਧੂ ਜਿਹੜੀ ਵੀ ਨਿਯੁਕਤੀ ਕਰ ਰਹੇ ਹਨ, ਉਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਿਤੇ ਵੀ ਜ਼ਿਕਰ ਨਹੀਂ ਆ ਰਿਹਾ। ਇਸ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਚਰਚਾ ਛਿੜ ਗਈ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਾਂਗਰਸ ਹਾਈਕਮਾਨ ਨੇ ਪਿਛਲੇ ਦਿਨੀਂ ਨਵਜੋਤ ਸਿੱਧੂ ਨਾਲ ਚਾਰ ਕਾਰਜਕਾਰੀ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਸੀ। ਜਿਨ੍ਹਾਂ ਵਿਚ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ ਅਤੇ ਪਵਨ ਗੋਇਲ ਸ਼ਾਮਲ ਸਨ। ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਆਪਣੇ ਚਾਰ ਸਲਾਹਕਾਰ ਵੀ ਬਣਾਏ ਜਿਨ੍ਹਾਂ ਵਿਚ ਡਾ. ਅਮਰ ਸਿੰਘ, ਡਾ. ਪਿਆਰੇ ਲਾਲ ਗਰਗ, ਮਾਲਵਿੰਦਰ ਸਿੰਘ ਮਾਲੀ ਅਤੇ ਮੁਹੰਮਦ ਮੁਸਤਫਾ ਦਾ ਨਾਮ ਵੀ ਸ਼ਾਮਲ ਸੀ, ਪਰ ਮੁਸਤਫਾ ਨੇ ਸਲਾਹਕਾਰ ਦਾ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਚੱਲਦਿਆਂ ਸਿੱਧੂ ਨੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਵੀ ਬਣਾਇਆ ਹੈ। ਇਸੇ ਦੌਰਾਨ ਲੰਘੇ ਕੱਲ੍ਹ ਹੀ ਨਵਜੋਤ ਸਿੱਧੂ ਨੇ ਪੱਤਰਕਾਰ ਜਗਤਾਰ ਸਿੱਧੂ ਅਤੇ ਸੁਰਿੰਦਰ ਡੱਲਾ ਨੂੰ ਆਪਣਾ ਮੀਡੀਆ ਸਲਾਹਕਾਰ ਬਣਾਇਆ ਸੀ।

 

RELATED ARTICLES
POPULAR POSTS