Breaking News
Home / ਭਾਰਤ / ਅਸ਼ਰਫ ਗਨੀ ਦਾ ਛਲਕਿਆ ਦਰਦ

ਅਸ਼ਰਫ ਗਨੀ ਦਾ ਛਲਕਿਆ ਦਰਦ

ਕਿਹਾ : ਮੈਂ ਦੇਸ਼ ਦਾ ਕੋਈ ਪੈਸਾ ਲੈ ਕੇ ਨਹੀਂ ਭੱਜਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਪਰਿਵਾਰ ਸਮੇਤ ਸੰਯੁਕਤ ਅਰਬ ਅਮੀਰਾਤ ’ਚ ਸ਼ਰਣ ਲੈ ਚੁੱਕੇ ਹਨ। ਦੇਸ਼ ਛੱਡਣ ਦੇ ਚਾਰ ਦਿਨ ਬਾਅਦ ਗਨੀ ਪਹਿਲੀ ਵਾਰ ਫੇਸਬੁੱਕ ’ਤੇ ਇਕ ਵੀਡੀਓ ਸ਼ੇਅਰ ਕਰਕੇ ਦੁਨੀਆ ਦੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਜੇਕਰ ਮੈਂ ਦੇਸ਼ ਛੱਡ ਕੇ ਨਾ ਭੱਜਦਾ ਤਾਂ ਇਥੇ ਜ਼ਿਆਦਾ ਖੂਨ-ਖਰਾਬਾ ਹੋਣਾ ਸੀ ਅਤੇ ਮੈਂ ਅਜਿਹਾ ਹੰੁਦਾ ਨਹੀਂ ਦੇਖ ਸਕਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮੈਂ ਅਫਗਾਨਿਸਤਾਨ ’ਚ ਰਹਿੰਦਾ ਤਾਂ ਤਾਲਿਬਾਨੀਆਂ ਨੇ ਮੈਨੂੰ ਸ਼ਰੇਆਮ ਚੌਰਾਹੇ ’ਚ ਫਾਂਸੀ ’ਤੇ ਲਟਕਾ ਦੇਣਾ ਸੀ।
ਗਨੀ ਨੇ ਪੈਸੇ ਲੈ ਕੇ ਭੱਜਣ ਦੇ ਲਗਾਏ ਜਾ ਰਹੇ ਆਰੋਪਾਂ ’ਤੇ ਵੀ ਸਫਾਈ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਦੇ ਪੈਸੇ ਲੈ ਕੇ ਨਹੀਂ ਭੱਜਿਆ, ਮੇਰੇ ’ਤੇ ਲਗਾਏ ਜਾ ਰਹੇ ਇਹ ਆਰੋਪ ਬਿਲਕੁਲ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਮੈਂ ਇਕ ਜੋੜੀ ਕੱਪੜੇ ਅਤੇ ਸੈਂਡਲ ਨਾਲ ਹੀ ਅਫਗਾਨਿਸਤਾਨ ਨੂੰ ਛੱਡਣ ਲਈ ਮਜਬੂਰ ਹੋਇਆ ਹਾਂ। ਮੈਨੂੰ ਅਜਿਹੀ ਸਥਿਤੀ ’ਚ ਦੇਸ਼ ’ਚੋਂ ਕੱਢਿਆ ਗਿਆ ਕਿ ਮੈਂ ਆਪਣੇ ਜੁੱਤੇ ਵੀ ਨਹੀਂ ਪਹਿਨ ਸਕਿਆ। ਮੈਂ ਜਦੋਂ ਯੂਏਈ ਪਹੁੰਚਿਆ ਤਾਂ ਮੈਂਨੂੰ ਆਮ ਨਾਗਰਿਕਾਂ ਦੀ ਤਰ੍ਹਾਂ ਹੀ ਕਸਟਮ ਅਧਿਕਾਰੀਆਂ ਨੇ ਚੈਕ ਕੀਤਾ ਗਿਆ, ਜੇਕਰ ਮੈਂ ਕੈਸ਼ ਲੈ ਕੇ ਆਇਆ ਹੁੰਦਾ ਤਾਂ ਮੈਂ ਇਥੇ ਫੜਿਆ ਜਾਣਾ ਸੀ।
ਗਨੀ ਨੇ ਅੱਗੇ ਦੱਸਿਆ ਕਿ ਤਾਲਿਬਾਨ ਨਾਲ ਹੋਏ ਸਮਝੌਤੇ ’ਚ ਇਹ ਸਾਫ਼ ਕਿਹਾ ਗਿਆ ਸੀ ਕਿ ਉਹ ਕਾਬੁਲ ਸ਼ਹਿਰ ਦੇ ਅੰਦਰ ਦਾਖਲ ਨਹੀਂ ਹੋਣਗੇ। ਪ੍ਰੰਤੂ 15 ਅਗਸਤ ਨੂੰ ਦੁਪਹਿਰ ਵੇਲੇ ਮੇਰੇ ਸੁਰੱਖਿਆ ਕਰਮੀਆਂ ਨੇ ਮੈਨੂੰੂ ਦੱਸਿਆ ਕਿ ਤਾਲਿਬਾਨ ਰਾਸ਼ਟਰਪਤੀ ਭਵਨ ਦੀ ਬਾਊਂਡਰੀ ਤੱਕ ਪਹੁੰਚ ਚੁੱਕੇ ਹਨ। ਜੇਕਰ ਮੈਂ ਅਫਗਾਨਿਸਤਾਨ ’ਚ ਰਹਿੰਦਾ ਤਾਂ ਦੇਸ਼ ਦੇ ਲੋਕ ਇਕ ਰਾਸ਼ਟਰਪਤੀ ਨੂੰ ਫਾਂਸੀ ਚੜ੍ਹਦੇ ਹੋਏ ਨੂੰ ਦੇਖਦੇੋ। ਉਨ੍ਹਾਂ ਕਿਹਾ ਕਿ ਮੈਂ ਆਪਣੇ ਮੁਲਕ ਵਾਪਸ ਪਰਤਣਾ ਚਾਹੁੰਦਾ ਹਾਂ ਅਤੇ ਇਸ ਦੇ ਲਈ ਹਾਮਿਦ ਕਰਜਈ ਅਤੇ ਅਬਦੁੱਲਾ ਨਾਲ ਮੈਂ ਲਗਾਤਾਰ ਸੰਪਰਕ ’ਚ ਹਾਂ।

Check Also

ਕਾਂਗਰਸ ਪਾਰਟੀ ਦਾ ਦੋ ਦਿਨਾ 84ਵਾਂ ਸੈਸ਼ਨ ਗੁਜਰਾਤ ਦੇ ਅਹਿਮਦਾਬਾਦ ’ਚ ਹੋਇਆ ਸ਼ੁਰੂ

ਮਲਿਕਾ ਅਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਕੀਤੀ ਸ਼ਮੂਲੀਅਤ ਅਹਿਮਦਾਬਾਦ/ਬਿਊਰੋ ਨਿਊਜ਼ : ਕਾਂਗਰਸ …