Breaking News
Home / ਪੰਜਾਬ / ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ

ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦਾ ਕਾਂਗੜ ਵਿਜੀਲੈਂਸ ਨੇ ਹਵਾਈ ਅੱਡੇ ਤੋਂ ਮੋੜਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਨੇ ਮੁਸਤੈਦੀ ਵਰਤਦਿਆਂ ਸਾਬਕਾ ਮਾਲ ਮੰਤਰੀ ਅਤੇ ਭਾਜਪਾ ਨੇਤਾ ਗੁਰਪ੍ਰੀਤ ਸਿੰਘ ਕਾਂਗੜ ਨੂੰ ਵਿਦੇਸ਼ ਫ਼ਰਾਰ ਹੋਣ ਤੋਂ ਰੋਕ ਲਿਆ ਹੈ। ਸਾਬਕਾ ਮੰਤਰੀ ਵਿਜੀਲੈਂਸ ਰੇਂਜ ਬਠਿੰਡਾ ਕੋਲ ਪੇਸ਼ ਹੋਣ ਦੀ ਬਜਾਏ ਵਿਦੇਸ਼ ਫਰਾਰ ਹੋਣ ਦੀ ਤਾਕ ਵਿੱਚ ਸੀ। ਜਦੋਂ ਸਾਬਕਾ ਮੰਤਰੀ ਕਾਂਗੜ ਉਡਾਣ ਫੜਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਮੌਕੇ ‘ਤੇ ਰੋਕ ਲਿਆ ਗਿਆ। ਚੇਤੇ ਰਹੇ ਕਿ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਕਾਂਗੜ ਖ਼ਿਲਾਫ਼ ਵਿਜੀਲੈਂਸ ਜਾਂਚ ਨੰਬਰ ਤਿੰਨ/2023 ਚੱਲ ਰਹੀ ਹੈ। ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੰਤਰੀ ਕਾਂਗੜ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ।
ਸੂਤਰਾਂ ਅਨੁਸਾਰ ਵਿਜੀਲੈਂਸ ਨੂੰ ਭਿਣਕ ਪੈ ਗਈ ਸੀ ਕਿ ਸਾਬਕਾ ਮੰਤਰੀ ਕਾਂਗੜ ਜਾਂਚ ਦੌਰਾਨ ਹੀ ਵਿਦੇਸ਼ ਭੱਜਣ ਦੀ ਤਾਕ ਵਿਚ ਹੈ। ਕਾਂਗੜ ਨੂੰ 11 ਜੂਨ ਦੀ ਰਾਤ ਕਰੀਬ 9 ਵਜੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਦਿੱਲੀ ਤੋਂ ਮੌਂਟਰੀਅਲ (ਕੈਨੇਡਾ) ਲਈ ਫਲਾਈਟ ਚੜ੍ਹਨ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਕਿਉਂਕਿ ਲੁੱਕਆਊਟ ਨੋਟਿਸ ਜਾਰੀ ਹੋਣ ਕਰ ਕੇ ਕਾਂਗੜ ਨੂੰ ਵਿਦੇਸ਼ ਜਾਣ ਦੀ ਆਗਿਆ ਨਹੀਂ ਸੀ। ਸੂਤਰਾਂ ਅਨੁਸਾਰ ਕਾਂਗੜ ਨੇ ਐਡਮਿੰਟਨ ਜਾਣਾ ਸੀ। ਵਿਜੀਲੈਂਸ ਰੇਂਜ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਾਂਗੜ ਨੂੰ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ ਹੈ ਪਰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਵਿਜੀਲੈਂਸ ਅਧਿਕਾਰੀ ਆਖਦੇ ਹਨ ਕਿ ਕਾਂਗੜ ਨੂੰ ਕਈ ਵਾਰ ਤਲਬ ਕੀਤਾ ਗਿਆ ਪਰ ਉਹ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਵਿਜੀਲੈਂਸ ਰੇਂਜ ਬਠਿੰਡਾ ਨੇ ਪਹਿਲਾਂ 17 ਅਪਰੈਲ ਨੂੰ ਕਾਂਗੜ ਨੂੰ ਤਲਬ ਕੀਤਾ ਸੀ ਪਰ ਉਸ ਵਕਤ ਕਾਂਗੜ ਨੇ ਆਪਣੇ ਗੋਡਿਆਂ ਦੇ ਅਪਰੇਸ਼ਨ ਦਾ ਮੈਡੀਕਲ ਸਰਟੀਫਿਕੇਟ ਭੇਜ ਦਿੱਤਾ ਸੀ। ਜਦੋਂ ਵਿਜੀਲੈਂਸ ਨੂੰ ਕਾਂਗੜ ਦੇ ਠੀਕ ਹੋਣ ਦਾ ਪਤਾ ਲੱਗਿਆ ਤਾਂ ਕਾਂਗੜ ਨੂੰ 31 ਮਈ ਨੂੰ ਪੇਸ਼ ਹੋਣ ਵਾਸਤੇ ਕਿਹਾ ਗਿਆ।
ਵਿਜੀਲੈਂਸ ਵੱਲੋਂ ਕਾਂਗੜ ਨੂੰ ਇੱਕ ਪ੍ਰੋਫਾਰਮਾ ਦਿੱਤਾ ਗਿਆ ਸੀ, ਜਿਸ ਵਿਚ ਕਾਂਗੜ ਨੇ ਆਪਣੀ ਸੰਪਤੀ ਦੇ ਵੇਰਵੇ ਦੇਣੇ ਸਨ। ਸੂਤਰਾਂ ਅਨੁਸਾਰ ਹੁਣ ਜਦੋਂ ‘ਆਪ’ ਤੇ ਭਾਜਪਾ ਦੀ ਕੇਂਦਰੀ ਹਕੂਮਤ ਵਿਚਾਲੇ ਪੂਰੀ ਤਰ੍ਹਾਂ ਖੜਕ ਗਈ ਹੈ ਤਾਂ ਉਸ ਦਾ ਪਰਛਾਵਾਂ ਪੰਜਾਬ ‘ਤੇ ਪੈਣ ਲੱਗਾ ਹੈ। ਵਿਜੀਲੈਂਸ ਨੇ ਰਾਤੋ-ਰਾਤ ਭਾਜਪਾਈ ਬਣੇ ਨੇਤਾਵਾਂ ‘ਤੇ ਚੱਲ ਰਹੀ ਪੜਤਾਲ ਨੂੰ ਤੇਜ਼ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਦੇ ਹੱਥ ਹੁਣ ਕਾਂਗੜ ਦੀ ਸੰਪਤੀ ਦੇ ਮਾਮਲੇ ਵਿਚ ਨਵੇਂ ਤੱਥ ਲੱਗੇ ਹਨ। ਵਿਜੀਲੈਂਸ ਟੀਮਾਂ ਨੇ ਹਿਮਾਚਲ ਪ੍ਰਦੇਸ਼ ਵਿਚ ਇੱਕ ਰੀਅਲ ਅਸਟੇਟ ਕੰਪਨੀ ਦੀ ਪੜਤਾਲ ਵੀ ਸ਼ੁਰੂ ਕੀਤੀ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਈ

ਅਰਵਿੰਦ ਕੇਜਰੀਵਾਲ ਨੇ ਸਾਰੇ ਸਰਪੰਚਾਂ ਨੂੰ ਵਧਾਈ ਦਿੱਤੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ …