ਸ਼ਿਕਾਇਤਕਰਤਾ ਨੇ ਕਾਰਵਾਈ ਕਰਵਾਉਣ ਤੋਂ ਕੀਤਾ ਇਨਕਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਵਿਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਅਸ਼ਲੀਲ ਵੀਡੀਓ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਐਸ.ਸੀ. ਕਮਿਸ਼ਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵਲੋਂ ਬਣਾਈ ਗਈ ਜਾਂਚ ਕਮੇਟੀ ਦੇ ਸਾਹਮਣੇ ਸ਼ਿਕਾਇਤਕਰਤਾ ਨੇ ਕਾਰਵਾਈ ਤੋਂ ਹੀ ਇਨਕਾਰ ਕਰ ਦਿੱਤਾ ਹੈ। ਜਿਸ ਤੋਂ ਬਾਅਦ ਜਾਂਚ ਕਮੇਟੀ ਦੇ ਮੁਖੀ ਡੀਆਈਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਨੇ ਜਾਂਚ ਰਿਪੋਰਟ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਭੇਜ ਦਿੱਤੀ ਹੈ। ਚੇਤੇ ਰਹੇ ਕਿ ਵਿਰੋਧੀ ਧਿਰ ਲਗਾਤਾਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖਿਲਾਫ ਕਾਰਵਾਈ ਨਾ ਕੀਤੇ ਜਾਣ ਦਾ ਮੁੱਦਾ ਉਠਾ ਰਹੀ ਸੀ। ਧਿਆਨ ਰਹੇ ਕਿ ਸ਼ਿਕਾਇਤਕਰਤਾ ਦੇ ਪਿੱਛੇ ਹਟ ਜਾਣ ਕਾਰਨ ਮੰਤਰੀ ਕਟਾਰੂਚੱਕ ਨੂੰ ਵੱਡੀ ਰਾਹਤ ਮਿਲੀ ਹੈ। ਅਸ਼ਲੀਲ ਵੀਡੀਓ ਮਾਮਲੇ ਵਿਚ ਕਟਾਰੂਚੱਕ ਲਗਾਤਾਰ ਵਿਰੋਧੀ ਧਿਰ ਦੇ ਸਿਆਸੀ ਨਿਸ਼ਾਨੇ ‘ਤੇ ਸਨ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਵੀ ਲਗਾਤਾਰ ਉਠ ਰਹੀ ਸੀ। ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਵਲੋਂ ਇਸ ਮਾਮਲੇ ਵਿਚ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਸੀ। ਐਸ.ਸੀ. ਕਮਿਸ਼ਨ ਦੇ ਕਹਿਣ ‘ਤੇ ਜਾਂਚ ਕਮੇਟੀ ਬਣਾਈ ਗਈ ਸੀ, ਜਿਸਦੀ ਰਿਪੋਰਟ ਵੀ ਹੁਣ ਜਾਂਚ ਅਧਿਕਾਰੀ ਨੇ ਭੇਜ ਦਿੱਤੀ ਹੈ।
ਇਹ ਵੀ ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਇਹ ਮਾਮਲਾ ਉਠਾਇਆ ਗਿਆ ਸੀ।
ਸੂਤਰਾਂ ਅਨੁਸਾਰ ਪੀੜਤ ਨੇ 5 ਜੂਨ ਨੂੰ ਵਿਸ਼ੇਸ਼ ਜਾਂਚ ਟੀਮ ਨੂੰ ਆਪਣਾ ਬਿਆਨ ਭੇਜ ਕੇ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਹੈ ਅਤੇ ਪੀੜਤ ਨੇ ਬਿਆਨ ਲਿਖਦੇ ਹੋਏ ਦੀ ਇੱਕ ਵੀਡੀਓ ਵੀ ਬਣਾਈ ਹੋਈ ਸੀ।
ਵਿਸ਼ੇਸ਼ ਜਾਂਚ ਟੀਮ ਨੇ ਉਸ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਕਿਹਾ ਤਾਂ ਪੀੜਤ ਨੇ 10 ਜੂਨ ਨੂੰ ਪੇਸ਼ ਹੋਣ ਦੀ ਗੱਲ ਆਖੀ। ਸੂਤਰਾਂ ਅਨੁਸਾਰ ਪੀੜਤ ਨੇ 8 ਜੂਨ ਨੂੰ ਹੀ ਵਿਸ਼ੇਸ਼ ਜਾਂਚ ਟੀਮ ਨਾਲ ਸੰਪਰਕ ਕੀਤਾ ਅਤੇ 9 ਜੂਨ ਨੂੰ ਪੀੜਤ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਇਆ।
ਤਿੰਨ ਮੈਂਬਰੀ ਟੀਮ ਨੇ ਪੀੜਤ ਦੇ ਪੇਸ਼ ਹੋਣ ਮੌਕੇ ਦੀ ਵੀਡੀਓਗਰਾਫੀ ਵੀ ਕਰਾਈ ਅਤੇ ਪੀੜਤ ਨੇ ਹਿੰਦੀ ਭਾਸ਼ਾ ਵਿਚ ਲਿਖ ਕੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਕਰਾਉਣ ਦੀ ਗੱਲ ਆਖੀ।
ਮਜੀਠੀਆ ਨੇ ਰਾਜਪਾਲ ਨੂੰ ਪੱਤਰ ਲਿਖਿਆ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖਿਆ ਹੈ। ਮਜੀਠੀਆ ਨੇ ਪੱਤਰ ‘ਚ ਅਪੀਲ ਕੀਤੀ ਕਿ ਉਹ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਦਲਿਤ ਨੌਜਵਾਨ ਦਾ ਕਥਿਤ ਜਿਨਸੀ ਸੋਸ਼ਣ ਕਰਨ ਦੇ ਮਾਮਲੇ ‘ਚ ਪੀੜਤ ਨੂੰ ਡਰਾਉਣ ਵਾਲੇ ਸਾਰੇ ਵਿਅਕਤੀਆਂ ਖਿਲਾਫ ਜਾਂਚ ਦੇ ਹੁਕਮ ਦੇਣ, ਜਿਨ੍ਹਾਂ ਨੇ ਪੀੜਤ ਨੂੰ ਆਪਣਾ ਬਿਆਨ ਵਾਪਸ ਲੈਣ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਐੱਸਆਈਟੀ ਮੰਤਰੀ ਨੂੰ ਕਲੀਨ ਚਿੱਟ ਦੇਣ ਵਾਸਤੇ ਬਣਾਈ ਸੀ। ਇਸੇ ਕਾਰਨ ਪੀੜਤ ਨੇ ਆਪਣੇ ਦੋਸ਼ ਵਾਪਸ ਲਏ ਹਨ। ਮਜੀਠੀਆ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਢੁਕਵੇਂ ਕਦਮ ਚੁੱਕਣ ਤਾਂ ਜੋ ਉਸ ਦਲਿਤ ਨੌਜਵਾਨ ਨੂੰ ਇਨਸਾਫ਼ ਯਕੀਨੀ ਦਿੱਤਾ ਜਾ ਸਕੇ, ਜਿਸ ਨੂੰ ਨੌਕਰੀ ਦੇਣ ਦਾ ਲਾਲਚ ਦੇ ਕੇ ਜਿਣਸੀ ਸੋਸ਼ਣ ਕੀਤਾ ਗਿਆ। ਉਨ੍ਹਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਇਸ ਮਾਮਲੇ ‘ਤੇ ਇਕਜੁੱਟ ਹੋਣ ਤੇ ਮੰਤਰੀ ਦਾ ਬਾਈਕਾਟ ਕਰਨ ਤੇ ਉਸ ਖਿ ਰੋਸ ਮੁਜ਼ਾਹਰੇ ਕਰਨ ਦੀ ਅਪੀਲ ਕੀਤੀ।
Check Also
ਪੰਜਾਬ ਦੇ 18 ਜ਼ਿਲ੍ਹਿਆਂ ’ਚ ਭਾਰੀ ਧੁੰਦ ਦਾ ਅਲਰਟ
ਮੰਡੀ ਗੋਬਿੰਦਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ ਸਭ ਤੋਂ ਜ਼ਿਆਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪਹਾੜਾਂ ’ਤੇ ਬਰਫਵਾਰੀ …