Breaking News
Home / ਪੰਜਾਬ / ਵਿਜੀਲੈਂਸ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਪੰਜ ਘੰਟੇ ਪੁੱਛ-ਪੜਤਾਲ

ਵਿਜੀਲੈਂਸ ਵੱਲੋਂ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਪੰਜ ਘੰਟੇ ਪੁੱਛ-ਪੜਤਾਲ

ਵਿਜੀਲੈਂਸ ਭਵਨ ਮੁਹਾਲੀ ਪਹੁੰਚ ਕੇ ਦੂਜੀ ਵਾਰ ਜਾਂਚ ‘ਚ ਸ਼ਾਮਲ ਹੋਏ ਸਾਬਕਾ ਮੁੱਖ ਮੰਤਰੀ ਚੰਨੀ
ਮੁਹਾਲੀ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਜਾਂਚ ਤੇਜ਼ ਕਰ ਦਿੱਤੀ ਹੈ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਦੂਜੀ ਵਾਰ ਮੁਹਾਲੀ ਸਥਿਤ ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਦਫ਼ਤਰ ਵਿੱਚ ਪਹੁੰਚੇ ਅਤੇ ਵਿਜੀਲੈਂਸ ਦੀ ਜਾਂਚ ਵਿੱਚ ਸ਼ਾਮਲ ਹੋਏ, ਜਿੱਥੇ ਉਨ੍ਹਾਂ ਤੋਂ ਕਰੀਬ 5 ਘੰਟੇ ਲਗਾਤਾਰ ਪੁੱਛਗਿੱਛ ਕੀਤੀ। ਉਹ ਸਵੇਰੇ ਸਾਢੇ 10 ਵਜੇ ਵਿਜੀਲੈਂਸ ਭਵਨ ਪਹੁੰਚੇ ਸੀ ਅਤੇ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਬਾਹਰ ਆਏ।
ਇਸ ਦੌਰਾਨ ਵਿਜੀਲੈਂਸ ਦੀ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਕਾਂਗਰਸ ਸਰਕਾਰ ਸਮੇਂ ਕੈਬਨਿਟ ਮੰਤਰੀ ਹੁੰਦਿਆਂ ਅਤੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ ਬਣਾਉਣ ਬਾਰੇ ਸਵਾਲ ਜਵਾਬ ਕੀਤੇ ਗਏ। ਪਤਾ ਲੱਗਾ ਹੈ ਕਿ ਵਿਜੀਲੈਂਸ ਨੇ ਚੰਨੀ ਨੂੰ ਆਪਣੇ ਆਮਦਨ ਸਰੋਤਾਂ ਅਤੇ ਜਾਇਦਾਦਾਂ ਬਾਰੇ ਜਿਹੜਾ ਪ੍ਰੋਫਾਰਮਾ ਭਰਨ ਲਈ ਦਿੱਤਾ ਸੀ, ਉਨ੍ਹਾਂ ਉਹ ਪ੍ਰੋਫਾਰਮਾ ਭਰ ਕੇ ਵਿਜੀਲੈਂਸ ਨੂੰ ਸੌਂਪ ਦਿੱਤਾ ਹੈ। ਇਸ ਵਿੱਚ ਸਾਬਕਾ ਮੁੱਖ ਮੰਤਰੀ ਵੱਲੋਂ ਆਪਣੇ ਆਮਦਨ ਸਰੋਤਾਂ ਅਤੇ ਸੰਪਤੀਆਂ ਦਾ ਵਿਸਥਾਰ ਵਿੱਚ ਬਿਓਰਾ ਦਿੱਤਾ ਗਿਆ ਹੈ।
ਉਧਰ, ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਜਿਵੇਂ ਹੀ ਵਿਜੀਲੈਂਸ ਭਵਨ ਤੋਂ ਬਾਹਰ ਆਏ ਤਾਂ ਉੱਥੇ ਵੱਡੀ ਗਿਣਤੀ ਵਿੱਚ ਤਾਇਨਾਤ ਮੀਡੀਆ ਕਰਮੀਆਂ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਚੰਨੀ ਮੀਡੀਆ ਨਾਲ ਗੱਲ ਕੀਤੇ ਬਿਨਾਂ ਹੀ ਆਪਣੀ ਕਾਰ ਵਿੱਚ ਬੈਠ ਕੇ ਰਵਾਨਾ ਹੋ ਗਏ, ਜਦੋਂਕਿ ਇਸ ਤੋਂ ਪਹਿਲਾਂ ਚੰਨੀ, ਹਮੇਸ਼ਾ ਸੂਬਾ ਸਰਕਾਰ ਅਤੇ ਜਾਂਚ ਏਜੰਸੀ ਦੀ ਕਾਰਵਾਈ ‘ਤੇ ਸਵਾਲ ਚੁੱਕਦੇ ਰਹੇ ਹਨ ਪਰ ਇਸ ਵਾਰ ਉਨ੍ਹਾਂ ਨੇ ਬਿਲਕੁਲ ਚੁੱਪ ਧਾਰ ਲਈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਚਰਨਜੀਤ ਚੰਨੀ ‘ਆਪ’ ਸਰਕਾਰ ਦੇ ਰਾਡਾਰ ‘ਤੇ ਹਨ। ਹਾਲਾਂਕਿ ਪਹਿਲਾਂ ਇਹ ਗੱਲ ਬੜੇ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰੀ ਗਈ ਸੀ ਕਿ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਚੰਨੀ ਵਿਦੇਸ਼ ਦੌੜ ਗਏ ਹਨ ਪ੍ਰੰਤੂ ਹੁਣ ਚੰਨੀ ਨੂੰ ਵਾਪਸ ਆਇਆਂ ਨੂੰ ਕਾਫ਼ੀ ਸਮਾਂ ਹੋ ਗਿਆ ਹੈ ਲੇਕਿਨ ਅਜੇ ਤਾਈਂ ਸਰਕਾਰ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ।
ਵਿਜੀਲੈਂਸ ਬਿਊਰੋ ਵੱਲੋਂ ਚੰਨੀ ਦੇ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ। ਪਿਛੇ ਜਿਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਸੈਸ਼ਨ ਦੌਰਾਨ ਹਾਊਸ ਵਿੱਚ ਇਹ ਗੱਲ ਆਖੀ ਸੀ ਕਿ ਸੂਬੇ ਦੇ ਕਈ ਸਾਬਕਾ ਕਾਂਗਰਸੀ ਮੰਤਰੀਆਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਫੜ ਕੇ ਜੇਲ੍ਹ ਵਿੱਚ ਡੱਕਿਆ ਗਿਆ ਹੈ ਅਤੇ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਵਾਰੀ ਹੈ। ਉਨ੍ਹਾਂ ਨੂੰ ਵੀ ਫੜ ਕੇ ਹਵਾਲਾਤ ਵਿੱਚ ਬੰਦ ਕੀਤਾ ਜਾਵੇਗਾ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਹੋਰ ਵਧਣਗੀਆਂ ਮੁਸ਼ਕਿਲਾਂ
ਚੰਡੀਗੜ੍ਹ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਹੋਰ ਨਵੀਂ ਮੁਸੀਬਤ ਵਿਚ ਘਿਰ ਸਕਦੇ ਹਨ। ਹੁਣ ਵਿਜੀਲੈਂਸ ਨੇ ਗੋਆ ਬੀਚ ਦੇ ਕਿਨਾਰੇ ਪੰਜਾਬ ਸਰਕਾਰ ਦੀ 8 ਏਕੜ ਜ਼ਮੀਨ ਨੂੰ ਸਸਤੇ ਰੇਟ ਲੀਜ਼ ‘ਤੇ ਦੇਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜ਼ਮੀਨ ਇਕ ਫਾਈਵ ਸਟਾਰ ਹੋਟਲ ਨੂੰ ਦਿੱਤੀ ਗਈ ਹੈ ਜਦਕਿ ਵਿਜੀਲੈਂਸ ਵੱਲੋਂ ਫਿਲਹਾਲ ਇਸ ਮਾਮਲੇ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵਿਜੀਲੈਂਸ ਇਸ ਮਾਮਲੇ ‘ਚ ਚੰਨੀ ਖਿਲਾਫ਼ ਇਕ ਹੋਰ ਮਾਮਲਾ ਦਰਜ ਕਰਨ ਦੀ ਤਿਆਰੀ ਵਿਚ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਬੰਧਤ ਵਿਭਾਗ ਨੂੰ ਜ਼ਮੀਨ ਸਬੰਧੀ ਰਿਕਾਰਡ ਵਿਜੀਲੈਂਸ ਨੂੰ ਸੌਂਪਣ ਅਤੇ ਜਾਂਚ ਟੀਮ ਨੂੰ ਤੇਜੀ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੀ ਗੋਆ ‘ਚ ਮੌਜੂਦਾ 8 ਏਕੜ ਜ਼ਮੀਨ ਨੂੰ ਸਿਰਫ਼ ਖੇਤੀ ਜਾਂ ਬਾਗ ਲਗਾਉਣ ਲਈ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ ਪ੍ਰੰਤੂ ਆਰੋਪ ਹੈ ਕਿ ਕਾਂਗਰਸ ਸਰਕਾਰ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਸਮੇਂ ਇਸ ਜ਼ਮੀਨ ਨੂੰ ਫਾਈਵ ਸਟਾਰ ਹੋਟਲ ਨੂੰ ਅਲਾਟ ਕਰ ਦਿੱਤਾ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੋਆ ਦੀ ਨਵੀਂ ਟੂਰਿਜ਼ਮ ਪਾਲਿਸੀ ਅਨੁਸਾਰ ਇਕ ਲੱਖ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਇਹ ਜ਼ਮੀਨ ਅਲਾਟ ਕੀਤੀ ਗਈ ਹੈ। ਇਸ ਸਬੰਧੀ ਪੰਜਾਬ ਦੀ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਗੋਆ ਜ਼ਮੀਨ ਸਬੰਧੀ ਰਿਕਾਰਡ ਵਿਜੀਲੈਂਸ ਨੂੰ ਸੌਂਪਣ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਪਤਾ ਲੱਗ ਸਕੇ ਕਿ ਚੰਨੀ ਸਰਕਾਰ ਨੇ ਕਰੋੜਾਂ ਰੁਪਏ ਦੀ ਜ਼ਮੀਨ ਹੋਟਲ ਨੂੰ ਸਸਤੇ ਰੇਟ ‘ਤੇ ਕਿਉਂ ਦਿੱਤੀ।

 

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …