ਜਲੰਧਰ : ਪੰਜਾਬੀ ਲੇਖਕ ਸਭਾ ਜਲੰਧਰ ਵਲੋਂ ਇਸ ਸਾਲ ਤੋਂ ‘ਜਗਦੀਸ਼ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ’ ਸ਼ੁਰੂ ਕੀਤਾ ਗਿਆ ਹੈ। ਇੱਕੀ ਹਜ਼ਾਰ ਰੁਪਏ ਦਾ ਇਹ ਪੁਰਸਕਾਰ ਸਾਹਿਤਕ ਪੱਤਰਕਾਰੀ ਵਿਚ ਯੋਗਦਾਨ ਲਈ ਦਿੱਤਾ ਜਾਇਆ ਕਰੇਗਾ। ਇਸ ਸਾਲ ਦਾ ਇਹ ਪਹਿਲਾ ਪੁਰਸਕਾਰ ਡਾਕਟਰ ਰਘਬੀਰ ਸਿੰਘ ਸਿਰਜਣਾ ਨੂੰ ਦਿੱਤਾ ਜਾਵੇਗਾ।
ਇਹ ਐਲਾਨ ਸਭਾ ਦੇ ਸਰਪ੍ਰਸਤ ਡਾ. ਵਰਿਆਮ ਸਿੰਘ ਸੰਧੂ, ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਜਨਰਲ ਸਕੱਤਰ ਡਾਕਟਰ ਉਮਿੰਦਰ ਸਿੰਘ ਜੌਹਲ ਵਲੋਂ ਇਕ ਸਾਂਝੇ ਬਿਆਨ ਵਿਚ ਕੀਤਾ ਗਿਆ। ਇਹ ਬਿਆਨ ਜਾਰੀ ਕਰਦਿਆਂ ਸਭਾ ਦੇ ਵਿੱਤ ਸਕੱਤਰ ਨਰੈਣ ਸਿੰਘ ਨੇ ਦੱਸਿਆ ਕਿ ਜਲਦੀ ਹੀ ਇਕ ਸਮਾਗਮ ਕਰਕੇ ਇਹ ਪੁਰਸਕਾਰ ਭੇਟ ਕੀਤਾ ਜਾਵੇਗਾ।
ਬਿਆਨ ਵਿਚ ਕਿਹਾ ਗਿਆ ਹੈ ਕਿ ਸੰਤ ਜਗਦੀਸ਼ ਸਿੰਘ ਵਰਿਆਮ ਨੇ ਪੰਜਾਬੀ ਲੇਖਕ ਸਭਾ ਜਲੰਧਰ ਦੀ ਲੰਮੇ ਸਮੇਂ ਤੱਕ ਸੇਵਾ ਕੀਤੀ ਅਤੇ ਮਾਸਿਕ ਰਸਾਲੇ ‘ਵਰਿਆਮ’ ਰਾਹੀਂ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸ਼ਲਾਘਾਯੋਗ ਘਾਲਣਾ ਘਾਲੀ। ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅਤੇ ਪੰਜਾਬੀ ਸਾਹਿਤਕ ਪੱਤਰਕਾਰੀ ਦੇ ਸਿਹਤਮੰਦ ਰੁਝਾਨਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਪੁਰਸਕਾਰ ਸ਼ੁਰੂ ਕੀਤਾ ਗਿਆ ਹੈ।
ਸਭਾ ਦੇ ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਪਰਵਾਨਾ, ਮੀਤ ਪ੍ਰਧਾਨ ਗੁਰਮੀਤ ਸਿੰਘ, ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ, ਸਤਨਾਮ ਚਾਨਾ, ਸੁਰਿੰਦਰ ਸਿੰਘ ਸੁੰਨੜ ਅਤੇ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਪੰਜਾਬੀ ਲੇਖਕ ਸਭਾ ਜਲੰਧਰ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਹੈ।
Check Also
ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਿਆ ਹਰ ਪੱਖੋਂ ਫੇਲ੍ਹ
ਸ਼੍ਰੋਮਣੀ ਅਕਾਲੀ ਦਲ ਨੂੰ ਦੱਸਿਆ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਲੁਧਿਆਣਾ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ …