Breaking News
Home / ਪੰਜਾਬ / ਹਰਿਆਣਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਦਾ ਹਿਸਾਰ ‘ਚ ਕਿਸਾਨਾਂ ਵੱਲੋਂ ਵਿਰੋਧ

ਹਰਿਆਣਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਦਾ ਹਿਸਾਰ ‘ਚ ਕਿਸਾਨਾਂ ਵੱਲੋਂ ਵਿਰੋਧ

ਪੰਚਾਇਤੀ ਚੋਣਾਂ ਵਿੱਚ ਭਾਜਪਾ ਆਗੂਆਂ ਦਾ ਕਰਾਂਗੇ ਵਿਰੋਧ: ਕਿਸਾਨ ਆਗੂ
ਚੰਡੀਗੜ੍ਹ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿੱਚ ਭਾਜਪਾ ਅਤੇ ਭਾਈਵਾਲ ਪਾਰਟੀਆਂ ਦੇ ਖ਼ਿਲਾਫ਼ ਗੁੱਸਾ ਵਧਦਾ ਜਾ ਰਿਹਾ ਹੈ। ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਅਤੇ ਜੇਜੇਪੀ ਆਗੂਆਂ ਦੇ ਰਾਜਨੀਤਕ ਅਤੇ ਸਰਕਾਰੀ ਸਮਾਗਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਕਿਸਾਨਾਂ ਦਾ ਇਹ ਵਿਰੋਧ ਸੜਕਾਂ ਤੋਂ ਲੰਘਣ ਵਾਲੇ ਸਿਆਸੀ ਆਗੂਆਂ ‘ਤੇ ਵੀ ਵਰ੍ਹ ਰਿਹਾ ਹੈ। ਇਸੇ ਦੌਰਾਨ ਹਿਸਾਰ ਦੇ ਰਾਮਾਇਣ ਮਈਅੜ ਟੌਲ ਪਲਾਜ਼ਾ ਰਾਹੀਂ ਦਿੱਲੀ ਜਾ ਰਹੇ ਹਰਿਆਣਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਦਾ ਕਿਸਾਨਾਂ ਨੇ ਵਿਰੋਧ ਕੀਤਾ। ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਰਣਬੀਰ ਗੰਗਵਾ ਵਾਪਸ ਚਲੇ ਗਏ। ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੈਥਲ ਵਿੱਚ ਟੀਕਾਕਰਨ ਕੇਂਦਰ ਦਾ ਉਦਘਾਟਨ ਕਰਨ ਪਹੁੰਚ ਰਹੇ ਵਿਧਾਇਕ ਲੀਲਾ ਰਾਮ ਦਾ ਵਿਰੋਧ ਕੀਤਾ। ਉੱਧਰ ਪਾਣੀਪਤ ਵਿੱਚ ਵੀ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਰਿਹਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਭਾਜਪਾ ਅਤੇ ਜੇਜੇਪੀ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਸ ਦੇ ਬਾਵਜੂਦ ਸੱਤਾਧਾਰੀ ਪਾਰਟੀ ਦੇ ਆਗੂ ਜਾਣਬੁੱਝ ਕੇ ਲੋਕਾਂ ਵਿੱਚ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਆਗੂ ਆਜ਼ਾਦ ਪਲਵਾ ਦੀ ਅਗਵਾਈ ਹੇਠ ਉਚਾਣਾ ਮੰਡੀ ਵਿੱਚ ਕਿਸਾਨ ਪੰਚਾਇਤ ਕੀਤੀ ਗਈ। ਜਿਸ ਵਿੱਚ ਕਿਸਾਨ ਆਗੂਆਂ ਨੇ ਅੰਦੋਲਨ ਨੂੰ ਮਜ਼ਬੂਤ ਕਰਨ ਦਾ ਅਹਿਦ ਲਿਆ। ਇਸ ਪੰਚਾਇਤ ਵਿੱਚ 9 ਮਤੇ ਪਾਸ ਕੀਤੇ ਗਏ। ਕਿਸਾਨਾਂ ਨੇ ਪੰਚਾਇਤੀ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਫ਼ੈਸਲਾ ਲਿਆ। ਕੇਂਦਰੀ ਖੇਤੀ ਕਾਨੂੰਨ, ਸੂਬਾ ਸਰਕਾਰ ਦੇ ਜਨਤਕ ਪ੍ਰਾਪਰਟੀ ਦੀ ਤੋੜ-ਫੋੜ ਵਸੂਲੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਫ਼ਸਲਾਂ ਨੂੰ ਐੱਮਐੱਸਪੀ ‘ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਵੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ 50-50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।

 

Check Also

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਮਿਲਿਆ ਵੱਡਾ ਹੁਲਾਰਾ

ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਆਗੂ ‘ਆਪ’ ‘ਚ ਸ਼ਾਮਲ; ਮੁੱਖ ਮੰਤਰੀ ਭਗਵੰਤ ਮਾਨ ਨੇ …