Breaking News
Home / ਪੰਜਾਬ / ਕਿਸਾਨ ਅੰਦੋਲਨ ਦੇਸ਼ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਬਣਿਆ

ਕਿਸਾਨ ਅੰਦੋਲਨ ਦੇਸ਼ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਬਣਿਆ

ਖੇਤੀ ਕਾਨੂੰਨ ਬਣਾਉਣ ਵਾਲਿਆਂ ਨੂੰ ਹੀ ਬਦਲ ਦਿਆਂਗੇ : ਕਿਸਾਨ ਆਗੂ
ਸਿਰਸਾ/ਬਿਊਰੋ ਨਿਊਜ਼ : ਖੇਤੀ ਕਾਨੂੰਨ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਲਈ ਕਿਸਾਨਾਂ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਸਿਰਸਾ ਵਿੱਚ ਲਾਏ ਪੱਕੇ ਮੋਰਚੇ ਦੇ ਮੰਗਲਵਾਰ ਨੂੰ ਨੌਂ ਮਹੀਨੇ ਪੂਰੇ ਹੋਣ ‘ਤੇ ਕਿਸਾਨਾਂ ਵੱਲੋਂ ਸਟੇਡੀਅਮ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਯੁਕਤ ਕਿਸਾਨ ਮੋਰਚਾ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਉਗਰਾਹਾਂ, ਯੋਗੇਂਦਰ ਯਾਦਵ, ਡਾ. ਦਰਸ਼ਨਪਾਲ ਸਿੰਘ, ਰੂਲਦੂ ਸਿੰਘ ਮਾਨਸਾ, ਮਨਜੀਤ ਪੰਧੇਰ, ਸੁਵਰਨ ਸਿੰਘ ਵਿਰਕ, ਕਾ. ਇੰਦਰਜੀਤ, ਸੋਨੀਆ ਮਾਨ, ਵਿਕਾਸ ਸਿਸਿਰ ਸਮੇਤ ਕਈ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।
ਰੈਲੀ ਦਾ ਨਾਂ ‘ਧਿੱਕਾਰ ਰੈਲੀ’ ਰੱਖਿਆ ਗਿਆ ਸੀ। ਸਟੇਡੀਅਮ ਵਿੱਚ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੇਸ਼ ਦਾ ਸਭ ਤੋਂ ਵੱਡਾ ਸ਼ਾਂਤਮਈ ਅੰਦੋਲਨ ਬਣ ਗਿਆ ਹੈ। ਇਸ ਅੰਦੋਲਨ ਨੇ ਜਿੱਥੇ ਸਰਕਾਰ ਵੱਲੋਂ ਜਨਤਕ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਵੇਚੇ ਜਾਣ ਦੀਆਂ ਨੀਤੀਆਂ ਨੂੰ ਨੰਗਾ ਕੀਤਾ ਹੈ, ਉੱਥੇ ਹੀ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨੂੰ ਵੀ ਲੋਕਾਂ ਸਾਹਮਣੇ ਉਜਾਗਰ ਕੀਤਾ ਹੈ। ਕਿਸਾਨ ਆਗੂਆਂ ਨੇ ਅੰਦੋਲਨ ਦੇ ਪ੍ਰੋਗਰਾਮ ਬਾਰੇ ਦੱਸਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਤਾਂ ਉਹ ਕਾਨੂੰਨ ਬਣਾਉਣ ਵਾਲਿਆਂ ਨੂੰ ਹੀ ਬਦਲ ਦੇਣਗੇ।
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਖੇਤੀ ਕਾਨੂੰਨ ਭਾਵੇਂ ਰੱਦ ਹੋਣ ਜਾਂ ਨਾ ਹੋਣ, ਪਰ ਉਹ ਖੇਤੀ ਕਾਨੂੰਨ ਬਣਾਉਣ ਵਾਲਿਆਂ ਨੂੰ ਸਬਕ ਸਿਖਾ ਕੇ ਮੁੜਨਗੇ। ਉਨ੍ਹਾਂ ਕਿਹਾ ਕਿ ਜਿੱਥੇ ਪੱਛਮੀ ਬੰਗਾਲ ‘ਚ ਭਾਜਪਾ ਦਾ ਕਿਸਾਨਾਂ ਨੇ ਸਫਾਇਆ ਕੀਤਾ ਹੈ, ਉਸੇ ਤਰ੍ਹਾਂ ਯੂਪੀ ਤੇ ਹੋਰ ਸੂਬਿਆਂ ਵਿੱਚ ਵੀ ਭਾਜਪਾ ਤੇ ਇਸਦੀਆਂ ਸਹਿਯੋਗੀ ਪਾਰਟੀਆਂ ਦਾ ਸਫਾਇਆ ਕੀਤਾ ਜਾਵੇਗਾ। ਡਾ. ਦਰਸ਼ਨਪਾਲ ਨੇ ਕਿਸਾਨ ਅੰਦੋਲਨ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਹਰ ਰੋਜ਼ 200 ਦੇ ਕਰੀਬ ਕਿਸਾਨ ਸੰਸਦ ਵੱਲ ਕੂਚ ਕਰਨਗੇ ਤੇ ਇਹ ਸਿਲਸਿਲਾ ਸੰਸਦ ਸੈਸ਼ਨ ਦੇ ਚੱਲਣ ਤੱਕ ਜਾਰੀ ਰਹੇਗਾ, ਚਾਹੇ ਸਰਕਾਰ ਕਿਸਾਨਾਂ ਨੂੰ ਗ੍ਰਿਫ਼ਤਾਰ ਹੀ ਕਿਉਂ ਨਾ ਕਰੇ। ਰੈਲੀ ਵਿੱਚ ਮਹਿਲਾਵਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ। ਕਾਫ਼ੀ ਗਰਮੀ ਵਿੱਚ ਵੀ ਲੋਕ ਨੇਤਾਵਾਂ ਨੂੰ ਸੁਣਨ ਲਈ ਬੈਠੇ ਰਹੇ। ਪ੍ਰਬੰਧਕਾਂ ਵੱਲੋਂ ਕਿਸਾਨਾਂ ਲਈ ਠੰਢੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ ਸਨ। ਬਾਹਰ ਤੋਂ ਆਏ ਕਿਸਾਨਾਂ ਲਈ ਲੰਗਰ ਦੀ ਵੀ ਵਿਵਸਥਾ ਕੀਤੀ ਗਈ ਸੀ। ਬੀਬੀਆਂ ਗੀਤ ਗਾਉਂਦੀਆਂ ਰੈਲੀ ਵਿੱਚ ਪੁੱਜੀਆਂ।

Check Also

ਸਾਬਕਾ ਕਾਂਗਰਸੀ ਵਿਧਾਇਕ ਅੰਗਦ ਸੈਣੀ ਸੜਕ ਹਾਦਸੇ ’ਚ ਹੋਏ ਗੰਭੀਰ ਜ਼ਖਮੀ

ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਕਰਵਾਇਆ ਗਿਆ ਭਰਤੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਨਵਾਂ …