Breaking News
Home / ਪੰਜਾਬ / ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਬਣਿਆ ‘ਸੋਕਾ’ ਇਜਲਾਸ

ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਬਣਿਆ ‘ਸੋਕਾ’ ਇਜਲਾਸ

ਮੰਗਾਂ ਤੇ ਉਮੀਦਾਂ ‘ਤੇ ਖ਼ਰਾ ਨਾ ਉਤਰਿਆ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਪੰਜ ਰੋਜ਼ਾ (ਅਸਲ ਵਿਚ 5 ਘੰਟੇ) ਮੌਨਸੂਨ ਸੈਸ਼ਨ ਪੰਜਾਬੀਆਂ ਦੇ ਵੱਖ-ਵੱਖ ਵਰਗਾਂ ਦੀਆਂ ਮੰਗਾਂ ਤੇ ਉਮੀਦਾਂ ਉਪਰ ਮੀਂਹ ਵਰਾਉਣ ਦੇ ਉਲਟ ਸੋਕਾ ਪਾ ਗਿਆ ਹੈ। ਲੋਕਾਂ ਦੀਆਂ ਆਸਾਂ ਦੇ ਉਲਟ ਵਿਧਾਨ ਸਭਾ ਵਿਚ ਸੂਬੇ ਦੇ ਕਿਸੇ ਵੀ ਵਰਗ ਦੇ ਗੰਭੀਰ ਮੁੱਦੇ ਉਪਰ ਸੰਜੀਦਾ ਬਹਿਸ ਨਹੀਂ ਹੋਈ। ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਕੇਸ ਵਿਚ ਸੀਬੀਆਈ ਵੱਲੋਂ ਅਦਾਲਤ ਵਿਚ ਕਲੋਜ਼ਰ ਰਿਪੋਰਟ ਪੇਸ਼ ਕਰਨ ਦਾ ਮੁੱਦਾ ਜ਼ਰੂਰ ਭਖਿਆ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮੁੱਦੇ ਉਪਰ ਅਕਾਲੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਅਤੇ ਆਮ ਆਦਮੀ ਪਾਰਟੀ ਵੱਲੋਂ ਇਸ ਲਈ ਕਾਂਗਰਸ ਤੇ ਅਕਾਲੀਆਂ ਦੋਵਾਂ ਨੂੰ ਕਸੂਰਵਾਰ ਦੱਸਣ ਅਤੇ ਅਕਾਲੀ ਦਲ ਵੱਲੋਂ ਇਸ ਮਾਮਲੇ ਵਿਚ ਕਾਂਗਰਸ ਤੇ ‘ਆਪ’ ਵੱਲੋਂ ਦੋਸਤਾਨਾ ਮੈਚ ਖੇਡਣ ਦੇ ਦੋਸ਼ਾਂ ਉਪਰ ਹੀ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਵਿਧਾਨ ਸਭਾ ਵਿਚ ਨਿਤ ਦਿਨ ਨਸ਼ਿਆਂ ਦੀ ਭੇਟ ਚੜ੍ਹ ਰਹੇ ਨੌਜਵਾਨਾਂ ਦੇ ਗੰਭੀਰ ਮੁੱਦੇ ਉਪਰ ਤੇ ਨਾ ਹੀ ਕਿਸਾਨਾਂ ਦੇ ਕਰਜ਼ੇ ਤੇ ਖੁਦਕੁਸ਼ੀਆਂ ਉਪਰ ਚਰਚਾ ਹੋਈ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 15 ਫੀਸਦ ਡੀਏ ਤੇ ਕਈ ਮਹੀਨਿਆਂ ਦਾ ਬਕਾਇਆ ਦੱਬਣ, 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਖੂਹ ਖਾਤੇ ਪਾਉਣ ਆਦਿ ਮੰਗਾਂ ਬਾਰੇ ਵੀ ਕਿਸੇ ਦੇ ਮੂੰਹ ਵਿਚੋਂ ਆਵਾਜ਼ ਨਹੀਂ ਨਿਕਲੀ। ‘ਆਪ’ ਦੀ ਵਿਧਾਨ ਸਭਾ ਵਿਚ ਉਪ ਨੇਤਾ ਸਰਵਜੀਤ ਕੌਰ ਮਾਣੂਕੇ ਨੇ ਠੇਕਾ ਮੁਲਾਜ਼ਮਾਂ ਦਾ ਮੁੱਦਾ ਉਠਾਇਆ ਪਰ ਸਰਕਾਰ ਨੇ ਇਸ ਨੂੰ ਅਣਸੁਣਿਆ ਕਰੀ ਰੱਖਿਆ। ਇਸ ਸੈਸ਼ਨ ਵਿਚ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਉਪਰ ਵੀ ਕੋਈ ਚਰਚਾ ਨਹੀਂ ਹੋਈ।
ਝੋਨੇ ਦੀ ਲਵਾਈ ਨਾਲ ਸਬੰਧਤ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਪਾਣੀ ਸੰਕਟ ਉਪਰ ਉਹ ਜਲਦ ਹੀ ਸਰਵ ਪਾਰਟੀ ਮੀਟਿੰਗ ਸੱਦਣਗੇ। ਇਸ ਮੌਕੇ ਕਾਂਗਰਸ ਦੇ ਕਿਸੇ ਵੀ ਮੰਤਰੀ ਜਾਂ ਵਿਧਾਇਕ ਵੱਲੋਂ ਆਪਣੇ ਮੁੱਖ ਵਿਰੋਧੀ ਅਕਾਲੀ ਦਲ ਖ਼ਿਲਾਫ਼ ਮੂੰਹ ਨਹੀਂ ਖੋਲ੍ਹਿਆ ਗਿਆ। ਦੱਸਣਯੋਗ ਹੈ ਕਿ ਸੈਸ਼ਨ ਦੌਰਾਨ ਅਕਾਲੀ ਦਲ ਦੇ ਵਿਧਾਇਕਾਂ ਨੇ ਬੇਅਦਬੀ ਕਾਂਡ ਬਾਰੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ। ਚਰਚਾ ਹੈ ਕਿ ਕਾਂਗਰਸੀਆਂ ਨੇ ਇਸ ਵਾਰ ਅਜਿਹਾ ਵਤੀਰਾ ਇਸ ਰੋਸ ਵਜੋਂ ਅਪਣਾਇਆ ਹੈ ਕਿ ਮੁੱਖ ਮੰਤਰੀ ਆਪਣੀ ਪਾਰਟੀ ਦੇ ਆਗੂਆਂ ਦੀ ਗੱਲ ਅਣਸੁਣੀ ਕਰਕੇ ਅਕਾਲੀ ਲੀਡਰਸ਼ਿਪ ਪ੍ਰਤੀ ਕਈ ਮੁੱਦਿਆਂ ਉਪਰ ਨਰਮਾਈ ਵਰਤ ਰਹੇ ਹਨ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਪਿਛਲੇ ਸਮੇਂ ਤੋਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਵਿਧਾਇਕ ਅਮਨ ਅਰੋੜਾ ਨੂੰ ਹੱਕ ਵਿਚ ਕਰਨ ਲਈ ਯਤਨ ਕੀਤੇ। ਬਾਗੀ ਵਿਧਾਇਕ ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ, ਜਗਦੇਵ ਸਿੰਘ ਕਮਾਲੂ ਤੇ ਮਾਸਟਰ ਬਲਦੇਵ ਸਿੰਘ ਇਸ ਵਾਰ ਵੀ ਸੈਸ਼ਨ ਵਿਚ ਪਾਰਟੀ ਤੋਂ ਵੱਖਰੀ ਸੁਰ ਹੀ ਰੱਖਦੇ ਰਹੇ। ਕਾਂਗਰਸ ਨੂੰ ਵਿਰੋਧੀ ਧਿਰਾਂ ਅਕਾਲੀ ਦਲ-ਭਾਜਪਾ ਗੱਠਜੋੜ, ‘ਆਪ’ ਤੇ ਲੋਕ ਇਨਸਾਫ ਪਾਰਟੀ ਵਿਚਲੀ ਖਿਚੋਤਾਣ ਖਾਸੀ ਰਾਸ ਆਈ।

Check Also

ਜੇਲ੍ਹ ’ਚ ਬੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਭਗਵੰਤ ਮਾਨ ਚਿੰਤਤ 

ਈਡੀ ਦਾ ਆਰੋਪ : ਕੇਜਰੀਵਾਲ ਜਾਣਬੁੱਝ ਕੇ ਖਾ ਰਹੇ ਹਨ ਮਿੱਠੀਆਂ ਚੀਜ਼ਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …