Breaking News
Home / ਪੰਜਾਬ / ਭਾਜਪਾ ਨੇ ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ ਗਾਰੰਟੀਆਂ ਦਿੱਤੀਆਂ : ਸੁਨੀਲ ਜਾਖੜ

ਭਾਜਪਾ ਨੇ ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ ਗਾਰੰਟੀਆਂ ਦਿੱਤੀਆਂ : ਸੁਨੀਲ ਜਾਖੜ

ਦੂਜੀਆਂ ਪਾਰਟੀਆਂ ਵਾਂਗ ਗੱਫੇ ਵੰਡਣ ਦੀ ਥਾਂ ਹਰ ਵਰਗ ਦਾ ਵਿਕਾਸ ਕਰਨ ਦਾ ਦਾਅਵਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ ਤਿਆਰ ਕੀਤੇ ਮੈਨੀਫੈਸਟੋ ਵਿੱਚ ਹਰੇਕ ਵਰਗ ਦੇ ਲੋਕਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਚੋਣ ਮੈਨੀਫੈਸਟੋ ਵਿੱਚ ਭਾਜਪਾ ਨੇ ਕਿਸੇ ਨੂੰ ਗੱਫੇ ਨਹੀਂ ਵੰਡੇ, ਬਲਕਿ ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ ਗਾਰੰਟੀਆਂ ਦਿੱਤੀਆਂ ਹਨ। ਇਹ ਗਾਰੰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੈ ਜਿਨ੍ਹਾਂ ਵੱਲੋਂ ਨੌਜਵਾਨਾਂ, ਔਰਤਾਂ, ਕਿਸਾਨਾਂ, ਮਜ਼ਦੂਰਾਂ, ਗਰੀਬ ਤੇ ਮੱਧ ਵਰਗ ਦੇ ਲੋਕਾਂ ਨੂੰ ਮੁੱਖ ਤੌਰ ‘ਤੇ ਫੋਕਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਲੋਕਾਂ ਨੂੰ ਪੈਸੇ ਵੰਡਣ ਦੀ ਥਾਂ ਵਾਧੂ ਬਿਜਲੀ ਪੈਦਾ ਕਰਨ ਤੇ ਵੇਚਣ ਦੀ ਸਹੂਲਤ ਦੇਣ ਲਈ ਸੋਲਰ ਪੈਨਲ ਲਗਾਉਣ ਦੀ ਸਹੂਲਤ ਤਿਆਰ ਕਰ ਕੇ ਦਿੱਤੀ ਹੈ। ਇਸ ਨਾਲ ਸਰਕਾਰੀ ਖ਼ਜ਼ਾਨੇ ‘ਤੇ ਕੋਈ ਬੋਝ ਨਹੀਂ ਪਵੇਗਾ, ਸਗੋਂ ਨਾਗਰਿਕਾਂ ਦੀ ਆਮਦਨ ਵੀ ਵਧੇਗੀ।
ਜਾਖੜ ਨੇ ਕਿਹਾ ਕਿ ‘ਆਪ’ ਨੇ ਪੰਜਾਬ ਦੇ ਲੋਕਾਂ ਨਾਲ ਮੁਫਤ ਬਿਜਲੀ ਅਤੇ ਜ਼ੀਰੋ ਬਿੱਲ ਦੇਣ ਦਾ ਵਾਅਦਾ ਕੀਤਾ ਸੀ, ਜਦਕਿ ਇਸ ਨੂੰ ਪੂਰਾ ਕਰਨ ਲਈ ਕੋਈ ਵਿਵਸਥਾ ਨਹੀਂ ਕੀਤੀ। ਇਸ ਨਾਲ ਪੰਜਾਬ ਦੇ ਸਿਰ ਕਰਜ਼ੇ ਦਾ ਬੋਝ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੀ ਟੀਚਾ ਰੱਖਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਕੇਜਰੀਵਾਲ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਕਿਉਂ ਨਹੀਂ ਲਿਆਉਂਦੀ ਅਤੇ ਫਿਰ ਮੁੱਖ ਮੰਤਰੀ ਜਦੋਂ ਚਾਹੁਣ ਆਪਣੇ ਸੁਪਰੀਮੋ ਨੂੰ ਮਿਲ ਸਕਦੇ ਹਨ। ਇਸ ਤਰ੍ਹਾਂ ਘੱਟੋ-ਘੱਟ ਪੰਜਾਬ ਦਾ ਮੁੱਖ ਮੰਤਰੀ ਪੰਜਾਬ ‘ਚ ਹੀ ਰਹੇਗਾ ਅਤੇ ਪ੍ਰਸ਼ਾਸਨ ‘ਚ ਸੁਧਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ, ਜਿਸ ਵੱਲ ਸੂਬਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਸੂਬਾ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਿਸ ਕਾਰਨ ਪੰਜਾਬ ਵਾਸੀਆਂ ਵਿਚ ਖਾਸਾ ਰੋਸ ਹੈ।

 

Check Also

ਆਸਟਰੇਲੀਆ ਤੋਂ ਪਰਤ ਰਹੀ 24 ਸਾਲਾ ਪੰਜਾਬਣ ਮਨਪ੍ਰੀਤ ਕੌਰ ਦੀ ਜਹਾਜ਼ ’ਚ ਹੋਈ ਮੌਤ

4 ਸਾਲਾਂ ਮਗਰੋਂ ਆਸਟਰੇਲੀਆ ਤੋਂ ਪੰਜਾਬ ਪਰਤ ਰਹੀ ਸੀ ਮਨਪ੍ਰੀਤ ਮੈਲਬੌਰਨ/ਬਿਊਰੋ ਨਿਊਜ਼ : ਆਸਟ੍ਰੇਲੀਆ ਦੇ …