Breaking News
Home / ਪੰਜਾਬ / ਬਾਦਲ ਸਰਕਾਰ ਦੇ ਅੰਤਿਮ ਬਜਟ ‘ਚ ਸਾਰਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼

ਬਾਦਲ ਸਰਕਾਰ ਦੇ ਅੰਤਿਮ ਬਜਟ ‘ਚ ਸਾਰਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼

Finance_Minister_Dhindsa_presenting_the_budgetਚੰਡੀਗੜ੍ਹ/ਬਿਊਰੋ ਨਿਊਜ਼ : ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ ਆਪਣੀ ਆਖਰੀ ਬਜਟ ਵਿਚ ਸਾਰੇ ਵਰਗਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਵਾਂ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਪੱਸ਼ਟ ਸੰਕੇਤ ਦਿੱਤੇ ਹਨ ਕਿ ਜੈ ਕਿਸਾਨ ਤੋਂ ਬਾਅਦ ਹੁਣ ਸਰਕਾਰ ਦਾ ਨਾਅਰਾ ਜੈ ਜਵਾਨ ਵੀ ਹੈ।  86,387 ਕਰੋੜ ਰੁਪਏ ਬਜਟ ਵਿਚ ਵਿੱਤ ਮੰਤਰੀ ਨੇ ਬਜਟ ‘ਚ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਚਿੰਤਾ ਕੀਤੀ ਉਥੇ ਕਰਜ਼ੇ ਦਾ ਡੰਗ ਝੱਲ ਰਹੇ ਕਿਸਾਨਾਂ ਦੇ ਆਤਮਹੱਤਿਆ ਵੱਲ ਵਧ ਰਹੇ ਰੁਝਾਨ ਨੂੰ ਰੋਕਣ ਲਈ ਵੀ ਬਲੂਪ੍ਰਿੰਟ ਪੇਸ਼ ਕੀਤਾ। ਚਾਲੂ ਵਿੱਤੀ ਸਾਲ ਦੇ 610 ਕਰੋੜ ਰੁਪਏ ਘਾਟੇ ਦੇ ਮੁਕਾਬਲੇ ਆਗਾਮੀ ਵਿੱਤੀ ਸਾਲ ਦੇ ਸਿਰਫ 85 ਕਰੋੜ ਰੁਪਏ ਘਾਟੇ ਵਾਲੇ ਬਜਟ ਵਿਚ ਅਗਲੇ ਸਾਲ ਦਾ ਬਜਟ 66,887 ਕਰੋੜ ਰੁਪਏ ਹੋਵੇਗਾ ਜਦਕਿ 19,500 ਕਰੋੜ ਰੁਪਏ ਚਾਲੂ ਵਿੱਤੀ ਸਾਲ ਦੇ ਲੈਣ-ਦੇਣ ਲਈ ਰੱਖੇ ਗਏ ਹਨ। ਸਰਕਾਰ ਕੋਲ ਸਮਾਂ 7-8 ਮਹੀਨਿਆਂ ਦਾ ਬਚਿਆ ਹੈ, ਇਸ ਸਮੇਂ ਵਿਚ ਏਨੇ ਵੱਡੇ ਉਦੇਸ਼ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇਗੀ, ਇਹ ਵੱਡਾ ਸਵਾਲ ਹੈ।
ਢੀਂਡਸਾ ਨੇ ਪਿਛਲੇ ਦੋ ਸਾਲਾਂ ਦੌਰਾਨ ਜੀਐਸਡੀਪੀ ਵਿਚ ਹੋਏ ਔਸਤਨ ਇਕ ਫੀਸਦੀ ਵਾਧੇ ਕਾਰਨ 2016-17 ਵਿਚ ਸੂਬੇ ਦੇ ਘਰੇਲੂ ਉਤਪਾਦ ਦੀ ਦਰ 7 ਫ਼ੀਸਦੀ ਹੋਣ ਦੀ ਉਮੀਦ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ 2014-15 ਵਿਚ ਜੀਐਸਡੀਪੀ 4.92 ਫੀਸਦੀ ਸੀ ਜਦਕਿ ਚਾਲੂ ਵਿੱਤੀ ਸਾਲ ‘ਚ ਇਸ ਦੇ 5.96 ਹੋਣ ਦੀ ਆਸ ਹੈ। ਉਨ੍ਹਾਂ ਸਦਨ ਵਿਚ ਸਵੀਕਾਰ ਕੀਤਾ ਕਿ ਪੰਜਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰਨ ‘ਤੇ ਤਨਖ਼ਾਹ ਤੇ ਪੈਨਸ਼ਨ ਵਿਚ ਜੋ ਵਾਧਾ ਹੋਇਆ ਹੈ ਉਸ ਨਾਲ ਸੂਬਾ ਸਰਕਾਰ ਨੂੰ ਆਮਦਨੀ ਘਾਟੇ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ।
ਵਿੱਤ ਮੰਤਰੀ ਨੇ ਕਿਹਾ ਕਿ ਇਹ ਬਜਟ ਪੰਜਾਬ ਨੂੰ ਵਿੱਤੀ ਮਜ਼ਬੂਤੀ ਦੇ ਰਾਹ ‘ਤੇ ਲਿਆਉਣ, ਉਦਯੋਗਿਕ ਵਿਕਾਸ ਨੂੰ ਤਰੱਕੀ ਵੱਲ ਲਿਜਾਣ ਤੇ ਖੇਤੀ ਖੇਤਰ ਦੇ ਪੁਨਰਵਿਕਾਸ ਤੇ ਸੂਬੇ ਦੇ ਸਮੁੱਚੇ ਵਿਕਾਸ ‘ਤੇ ਜ਼ੋਰ ਦਿੰਦਾ ਹੈ। ਉਨ੍ਹਾਂ ਨਾਲ ਹੀ ਕਿਹਾ ‘ਜਦੋਂ ਅਸੀਂ ਪੰਜਾਬ ਦੀ ਅਰਥ ਵਿਵਸਥਾ ਦੀ ਤਰੱਕੀ ਦਾ ਪ੍ਰਾਜੈਕਟ ਤਿਆਰ ਕਰਦੇ ਹਾਂ ਤਾਂ ਦਿਮਾਗ ਵਿਚ ਉਹ ਚੁਣੌਤੀਆਂ ਵੀ ਆਉਂਦੀਆਂ ਹਨ ਜਿਨ੍ਹਾਂ ਦਾ ਸਾਹਮਣਾ ਸੂਬਾ ਕਰ ਰਿਹਾ ਹੈ। ਸਾਡੀ ਸਰਕਾਰ ਲਿੰਗ ਅਨੁਪਾਤ, ਕੈਂਸਰ ਪੀੜਤਾਂ ਦੀ ਵਧਦੀ ਗਿਣਤੀ, ਖੇਤੀ ਵਿਵਸਥਾ ਵਿਚ ਠਹਿਰਾਅ, ਨੌਜਵਾਨਾਂ ਵਿਚ ਬੇਰੁਜ਼ਗਾਰੀ ਤੇ ਵਿੱਤੀ ਚੁਣੌਤੀਆਂ ਨਾਲ ਨਿਪਟਣ ਲਈ ਠੋਸ ਯਤਨ ਕਰੇਗੀ।’ ਬਜਟ ਵਿਚ ਲੜਕੀਆਂ ਦੀ ਸਿੱਖਿਆ ‘ਤੇ ਧਿਆਨ ਕੇਂਦਰਿਤ ਕਰਦਿਆਂ ‘ਸਿਹਤਮੰਦ ਕੰਨਿਆ ਯੋਜਨਾ’ ਦਾ ਸ਼ੁਭ ਆਰੰਭ ਕਰਨ ਦੀ ਗੱਲ ਕਹੀ ਗਈ ਤੇ 5 ਏਕੜ ਜ਼ਮੀਨ ਵਾਲੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਫਸਲ ਵਿਆਜ਼ ਮੁਕਤ ਫਸਲ ਕਰਜ਼ੇ ਦੀ ਤਜਵੀਜ਼ ਵੀ ਪੇਸ਼ ਕੀਤੀ। ਵਿੱਤ ਮੰਤਰੀ ਦਾ ਦਾਅਵਾ ਹੈ ਕਿ ਇਸ ਨਾਲ 10 ਲੱਖ ਕਿਸਾਨਾਂ ਨੂੰ ਲਾਭ ਪਹੁੰਚੇਗਾ। ਪਹਿਲਾਂ ਜਿੱਥੇ 50 ਹਜ਼ਾਰ ਰੁਪਏ ਕਰਜ਼ੇ ‘ਤੇ 4 ਫੀਸਦੀ ਤਕ ਦੇ ਵਿਆਜ਼ ਦਾ ਬੋਝ ਕਿਸਾਨ ਚੁੱਕਦਾ ਸੀ ਹੁਣ ਉਸ ਨੂੰ ਸਰਕਾਰ ਚੁੱਕੇਗੀ। ਇਸ ਲਈ ਵਿੱਤ ਮੰਤਰੀ ਨੇ 200 ਕਰੋੜ ਰੁਪਏ ਬਜਟ ਵਿਚ ਰੱਖੇ ਹਨ।
ਇਹੀ ਨਹੀਂ ਵਿੱਤ ਮੰਤਰੀ ਨੇ ਬਜਟ ਵਿਚ ‘ਫਾਰਮਰ ਪ੍ਰੋਵੀਡੈਂਟ ਫੰਡ ਕਮ ਪੈਨਸ਼ਨ ਸਕੀਮ’ ਦੀ ਵੀ ਚਰਚਾ ਕੀਤੀ। ਜਿਸ ਵਿਚ ਸਰਕਾਰ ਬਰਾਬਰ ਦਾ ਹਿੱਸਾ ਪਾਵੇਗੀ। ਲਾਭਪਾਤਰੀ ਕਿਸਾਨ ਨੂੰ ਜਮ੍ਹਾਂ ਮੂਲ ਤੋਂ ਮਿਲਣ ਵਾਲੇ ਵਿਆਜ਼ ਦੇ ਬਰਾਬਰ ਪੈਨਸ਼ਨ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ ਸੂਬੇ ਦੀ ਜਨਤਾ ‘ਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਪਰ ਉਦਯੋਗ ਜਗਤ ਦੀ ਸਭ ਤੋਂ ਵੱਡੀ ਸਮੱਸਿਆ ‘ਵੈਟ ਰਿਫੰਡ’ ਉਤੇ ਕੋਈ ਧਿਆਨ ਨਹੀਂ ਦਿੱਤਾ। ਹਾਲਾਂਕਿ ਕਪਾਹ ਤੇ ਦੂਜੀਆਂ ਕਿਸਮਾਂ ਦੇ ਧਾਗਿਆਂ (100 ਫੀਸਦੀ ਪਾਲਿਸਟਰ ਫਿਲਾਮੈਂਟ ਧਾਗਿਆਂ ਨੂੰ ਛੱਡ ਕੇ) ‘ਤੇ ਵੈਟ ਨੂੰ 6.07 ਤੋਂ ਘਟਾ ਕੇ 3.63 ਫੀਸਦੀ ਕਰ ਦਿੱਤਾ। ਸਿੰਗਲ ਵਿੰਡੋ ਸਿਸਟਮ ਪ੫ਤੀ ਲੁਧਿਆਣਾ ਵਿਚ 300 ਏਕੜ ਜ਼ਮੀਨ ‘ਤੇ ਹਾਈਟੈਕ ਸਾਈਕਲ ਵੈਲੀ ਸਥਾਪਤ ਕਰਨ ਦੀ ਗੱਲ ਕਹੀ ਗਈ ਹੈ। ਉਥੇ ਪਟਿਆਲਾ-ਰਾਜਪੁਰਾ ਦੇ ਨੇੜੇ 200 ਏਕੜ ਵਿਚ ਉਦਯੋਗਿਕ ਉਤਪਾਦਨ ਕਲਸਟਰ ਵੀ ਸਥਾਪਿਤ ਕੀਤਾ ਜਾਵੇਗਾ।
ਵਿੱਤ ਮੰਤਰੀ ਨੇ ਆਪਣੇ ਬਜਟ ਵਿਚ ਮੋਦੀ ਵਿਜਨ ਦਾ ਵੀ ਖਾਸਾ ਸੁਮੇਲ ਕੀਤਾ। ਸਵੱਛ ਭਾਰਤ ਮੁਹਿੰਮ ਤਹਿਤ ਸਵੱਛ ਪੰਚਾਇਤ ਮੁਕਾਬਲੇ ਕਰਵਾਉਣ ਦਾ ਵਿਜ਼ਨ ਰੱਖਿਆ। ਇਹੀ ਨਹੀਂ 200 ਸਮਾਰਟ ਪਿੰਡ ਬਣਾਉਣ ਦੀ ਤਜਵੀਜ਼ ਰੱਖੀ। ਵਿੱਤ ਮੰਤਰੀ ਨੇ ਪਿੰਡਾਂ ਦੇ ਸ਼ਮਸ਼ਾਨਘਾਟ ਸਬੰਧੀ ਜਾਤ-ਪਾਤ ਦੀਆਂ ਦੂਰੀਆਂ ਮਿਟਾਉਣ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਪਿੰਡਾਂ ਵਿਚ ਇਕ ਤੋਂ ਜ਼ਿਆਦਾ ਸ਼ਮਸ਼ਾਨਘਾਟ ਹਨ ਤੇ ਜੇਕਰ ਉਹ ਜਾਤ-ਪਾਤ ਤੋਂ ਉਠ ਕੇ ਸ਼ਮਸ਼ਾਨਘਾਟ ਨੂੰ ਇਕ ਕਰਨਗੇ ਤਾਂ ਉਨ੍ਹਾਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਬਜਟ ਵਿਚ ਵਿੱਤ ਮੰਤਰੀ ਨੇ ਭਾਵੇਂ ਸਕੀਮਾਂ ‘ਤੇ ਜ਼ਿਆਦਾ ਧਿਆਨ ਦਿੱਤਾ ਪਰ ਉਸ ਲਈ ਫੰਡ ਦੀ ਵੰਡ ਕਰਨ ਵਿਚ ਕੰਜੂਸੀ ਵਰਤੀ। ਕਸਬਿਆਂ ਤੇ ਪਿੰਡਾਂ ਵਿਚ 4000 ਆਧੁਨਿਕ ਜਿੰਮ ਸਥਾਪਿਤ ਕਰਨ ਲਈ ਜਿਥੇ ਵਿੱਤ ਮੰਤਰੀ ਨੇ 200 ਕਰੋੜ ਰੁਪਏ ਰੱਖੇ ਉਥੇ ਯੂਥ ਕਲੱਬਾਂ ਨੂੰ ਮੁਫ਼ਤ ਸਪੋਰਟਸ ਕਿੱਟਾਂ ਦੇਣ ਲਈ 75 ਕਰੋੜ ਰੁਪਏ ਰਾਖਵੇਂ ਰੱਖੇ। ਵਿੱਤ ਮੰਤਰੀ ਨੇ ਪਹਿਲੀ ਵਾਰ ਬਜਟ ਵਿਚ ਆਰਥਿਕ ਤੇ ਕਮਜ਼ੋਰ ਵਰਗਾਂ ਦੇ ਨੌਜਵਾਨਾਂ ਦੀ ਉਚ ਸਿੱਖਿਆ ਪ੍ਰਤੀ ਆਪਣਾ ਵਿਜ਼ਨ ਦਿਖਾਇਆ।
ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਲਈ 50 ਕਰੋੜ
ਖ਼ਜ਼ਾਨਾ ਮੰਤਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਲਈ ਬਜਟ ਵਿਚ 50 ਕਰੋੜ ਰੱਖੇ ਹਨ। ਮੁੱਖ ਮੰਤਰੀ ਤੀਰਥ ਯਾਤਰਾ ਪ੍ਰੋਗਰਾਮ ਲਈ ਵੀ ਬਜਟ ਵਿਚ 140 ਕਰੋੜ ਰੁਪਏ ਰੱਖਣ ਦਾ ਐਲਾਨ ਕੀਤਾ।
ਪੰਜਾਬੀ ਫਿਲਮਾਂ ‘ਤੇ ਮਨੋਰੰਜਨ ਕਰ ਖਤਮ ਕਰਨ ਦੀ ਤਜਵੀਜ਼
ਖ਼ਜ਼ਾਨਾ ਮੰਤਰੀ ਨੇ ਇਹ ਵੀ ਤਜਵੀਜ਼ ਰੱਖੀ ਕਿ ਹਰੇਕ ਥੀਏਟਰ ਲਈ ਇਹ ਲਾਜ਼ਮੀ ਬਣਾਇਆ ਜਾਵੇ ਕਿ ਉਹ ਰੋਜ਼ਾਨਾ ਇੱਕ ਪੰਜਾਬੀ ਫ਼ਿਲਮ ਜ਼ਰੂਰ ਦਿਖਾਵੇ। ਉਨ੍ਹਾਂ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਪੰਜਾਬੀ ਦੇ ਸੱਭਿਆਚਾਰਕ, ਸੰਗੀਤਕ ਸ਼ੋਆਂ ਤੇ ਫ਼ਿਲਮਾਂ ‘ਤੇ ਮਨੋਰੰਜਨ ਕਰ ਨੂੰ ਖ਼ਤਮ ਕਰਨ ਦੀ ਵੀ ਤਜਵੀਜ਼ ਰੱਖੀ।
ਬਾਕਮਾਲ ਬਜਟ: ਬਾਦਲઠ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪੇਸ਼ ਕੀਤੇ ਸਾਲ 2016-17 ਦੇ ਬਜਟ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਸੰਤੁਲਿਤ, ਵਿਕਾਸ ਮੁਖੀ ਅਤੇ ਲੋਕ ਪੱਖੀ ਦੱਸਿਆ ਹੈ। ਉਨ੍ਹਾਂ ਆਖਿਆ ਕਿ ਬਜਟ ਸੂਬੇ ਦੀ ਕਾਇਆ ਕਲਪ ਕਰਨ ਵਾਲਾ ਹੈ।
ਬੇਕਾਰ ਬਜਟ: ਅਮਰਿੰਦਰ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦਾ ਬਜਟ ਵਿੱਤੀ ਮਾਮਲਿਆਂ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਦੀਵਾਲੀਆਪਣ ਦਾ ਪ੍ਰਤੀਕ ਹੈ। ਇਹ ઠਨਿਰਾਸ਼ਾਜਨਕ ਅਤੇ ਨਾਉਮੀਦੀ  ਵਾਲਾ ਹੈ। ਉਨ੍ਹਾਂ ਕਿਹਾ ਕਿ ਬਜਟ ਕਰਜ਼ਾ, ਘਾਟਾ ਅਤੇ ਧੋਖਾ ਹੈ।

Check Also

ਕਾਂਗਰਸ ਪਾਰਟੀ ਨੇ ਪੰਜਾਬ ‘ਚ 6 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਤੇ ਸੰਗਰੂਰ ਤੋਂ ਖਹਿਰਾ ਨੂੰ ਦਿੱਤੀ ਟਿਕਟ ਚੰਡੀਗੜ੍ਹ : …