-19.4 C
Toronto
Friday, January 30, 2026
spot_img
Homeਭਾਰਤਦੇਸ਼ ਧ੍ਰੋਹ ਦੇ ਕੇਸ 'ਚ ਕਨ੍ਹੱਈਆ ਤੇ ਹੋਰਨਾਂ ਵਿਰੁੱਧ ਦੋਸ਼ ਪੱਤਰ ਦਾਖਲ

ਦੇਸ਼ ਧ੍ਰੋਹ ਦੇ ਕੇਸ ‘ਚ ਕਨ੍ਹੱਈਆ ਤੇ ਹੋਰਨਾਂ ਵਿਰੁੱਧ ਦੋਸ਼ ਪੱਤਰ ਦਾਖਲ

ਅਫਜ਼ਲ ਗੁਰੂ ਦੀ ਬਰਸੀ ‘ਤੇ ਜੀ.ਐਨ.ਯੂ. ਵਿਚ ਲੱਗੇ ਸਨ ਭਾਰਤ ਵਿਰੋਧੀ ਨਾਅਰੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਪੁਲਿਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਜੇਐਨਯੂਐਸਯੂ) ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਤੇ ਹੋਰਨਾਂ ਖ਼ਿਲਾਫ਼ ਦਾਇਰ ਦੇਸ਼ ਧਰੋਹ ਦੇ ਮਾਮਲੇ ਵਿਚ ਦੋਸ਼ ਪੱਤਰ ਦਾਇਰ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਇਹ ਕੇਸ 2016 ਵਿੱਚ ਦਰਜ ਕੀਤਾ ਸੀ। ਪੁਲਿਸ ਨੇ ਜੇਐਨਯੂ ਦੇ ਸਾਬਕਾ ਵਿਦਿਆਰਥੀਆਂ ਉਮਰ ਖਾਲਿਦ ਤੇ ਅਨਿਰਬਨ ਭੱਟਾਚਾਰੀਆ ਖ਼ਿਲਾਫ਼ ਵੀ ਕਥਿਤ ਭਾਰਤ ਵਿਰੋਧੀ ਨਾਅਰੇ ਲਾਉਣ ਲਈ ਦੋਸ਼ ਆਇਦ ਕੀਤੇ ਸਨ। ਪੁਲਿਸ ਮੁਤਾਬਕ ਸੰਸਦ ‘ਤੇ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਅਫ਼ਜ਼ਲ ਗੁਰੂ ਨੂੰ ਫਾਂਸੀ ਦੇਣ ਦੀ ਯਾਦਗਾਰ ਵਜੋਂ 9 ਫਰਵਰੀ 2016 ਨੂੰ ਯੂਨੀਵਰਸਿਟੀ ਕੈਂਪਸ ਵਿਚ ਕਰਵਾਏ ਸਮਾਗਮ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੇ ਦੇਸ਼ ਵਿਰੋਧੀ ਨਾਅਰੇਬਾਜ਼ੀ ਕੀਤੀ।
ਜਿਨ੍ਹਾਂ ਹੋਰਨਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ, ਉਨ੍ਹਾਂ ਵਿੱਚ ਕਸ਼ਮੀਰੀ ਵਿਦਿਆਰਥੀ ਆਕਿਬ ਹੁਸੈਨ, ਮੁਜੀਬ ਹੁਸੈਨ, ਮੁਨੀਬ ਹੁਸੈਨ, ਉਮਰ ਗੁਲ, ਰਈਆ ਰਾਸੋਲ, ਬਸ਼ੀਰ ਭੱਟ ਤੇ ਬਸ਼ਰਤ ਸ਼ਾਮਲ ਹਨ।
ਪੁਲਿਸ ਸੂਤਰਾਂ ਨੇ ਕਿਹਾ ਕਿ ਚਾਰਜਸ਼ੀਟ ਦੇ ਕਾਲਮ 12 ਵਿੱਚ ਸੀਪੀਆਈ ਆਗੂ ਡੀ.ਰਾਜਾ ਦੀ ਧੀ ਅਪਰਾਜਿਤਾ, ਸ਼ਹਿਲਾ ਰਾਸ਼ਿਦ (ਜੇਐਨਯੂ ਵਿਦਿਆਰਥੀ ਯੂਨੀਅਨ ਦੀ ਤਤਕਾਲੀਨ ਉਪ ਪ੍ਰਧਾਨ), ਰਾਮਾ ਨਾਗਾ, ਆਸ਼ੂਤੋਸ਼ ਕੁਮਾਰ ਤੇ ਬਨੋਜਿਓਤਸਨਾ ਲਹਿਰੀ ਸਮੇਤ 36 ਹੋਰਨਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਖਿਲਾਫ਼ ਲੋੜੀਂਦੇ ਸਬੂਤ ਮੌਜੂਦ ਨਹੀਂ ਹਨ।
ਮੈਟਰੋਪੋਲਿਟਨ ਮੈਜਿਸਟਰੇਟ ਸੁਮਿਤ ਆਨੰਦ ਨੇ ਦੋਸ਼-ਪੱਤਰ ਸੋਚ ਵਿਚਾਰ ਲਈ ਸਮਰੱਥ ਅਦਾਲਤ ਕੋਲ ਭੇਜ ਦਿੱਤਾ ਹੈ। ਦੋਸ਼-ਪੱਤਰ ਵਿੱਚ ਵਿਦਿਆਰਥੀਆਂ ਖ਼ਿਲਾਫ਼ ਜਿਹੜੀਆਂ ਧਾਰਾਵਾਂ ਆਇਦ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ 124ਏ (ਦੇਸ਼ ਧਰੋਹ), 323, 465, 471, 143, 149, 147 ਤੇ 120ਬੀ (ਅਪਰਾਧਿਕ ਸਾਜ਼ਿਸ਼) ਸ਼ਾਮਲ ਹਨ। ਦੋਸ਼-ਪੱਤਰ ਨਾਲ ਸੀਸੀਟੀਵੀ ਫੁਟੇਜ, ਮੋਬਾਈਲ ਫੁਟੇਜ ਤੇ ਦਸਤਾਵੇਜ਼ੀ ਸਬੂਤ ਵੀ ਲਾਏ ਗਏ ਹਨ। ਪੁਲਿਸ ਦਾ ਦੋਸ਼ ਹੈ ਕਿ ਕਨ੍ਹੱਈਆ ਕੁਮਾਰ ਨੇ ਭੀੜ ਪ੍ਰੋਗਰਾਮ ਵਿਚ ਮੌਜੂਦ ਲੋਕਾਂ ਦੀ ਭੀੜ ਨੂੰ ਦੇਸ਼ ਵਿਰੋਧੀ ਨਾਅਰੇਬਾਜ਼ੀ ਲਈ ਉਕਸਾਇਆ ਸੀ। ਜਾਂਚ ਵਿਚ ਪਾਇਆ ਗਿਆ ਕਿ ਕਨ੍ਹੱਈਆ ਨੇ ਨੌਂ ਫਰਵਰੀ 2016 ਦੀ ਸ਼ਾਮ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕੀਤੀ। ਜੇ.ਐਨ.ਯੂ. ਕੈਂਪਸ ਵਿਚ ਇਸ ਪ੍ਰੋਗਰਾਮ ਦੀ ਪ੍ਰਵਾਨਗੀ ਨਹੀਂ ਲਈ ਗਈ ਸੀ। 11 ਫਰਵਰੀ 2016 ਨੂੰ ਇਸ ਮਾਮਲੇ ਵਿਚ ਦਿੱਲੀ ਦੇ ਵਸੰਤ ਕੁੰਜ ਥਾਣੇ ਵਿਚ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।
ਦੋਸ਼-ਪੱਤਰ ਸਿਆਸਤ ਤੋਂ ਪ੍ਰੇਰਿਤ: ਕਨ੍ਹੱਈਆ ਕੁਮਾਰ
ਨਵੀਂ ਦਿੱਲੀ: ਜੇਐਨਯੂ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਨੇ ਦੇਸ਼ ਧਰੋਹ ਮਾਮਲੇ ਵਿਚ ਦਾਇਰ ਦੋਸ਼-ਪੱਤਰ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਇਸ ਨੂੰ ਸੰਸਦੀ ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਜਾਣ ‘ਤੇ ਉਜ਼ਰ ਜਤਾਇਆ ਹੈ। ਕੁਮਾਰ ਨੇ ਕਿਹਾ, ‘ਦੋਸ਼ ਪੱਤਰ ਸਿਆਸਤ ਤੋਂ ਪ੍ਰੇਰਿਤ ਹਨ। ਪਰ ਅਸੀਂ ਚਾਹੁੰਦੇ ਹਾਂ ਕਿ ਇਸ ਕੇਸ ਵਿਚ ਦੋਸ਼ ਆਇਦ ਹੋਣ ਅਤੇ ਤੇਜ਼ੀ ਨਾਲ ਅਦਾਲਤੀ ਕਾਰਵਾਈ ਚਲਾਈ ਜਾਵੇ ਤਾਂ ਕਿ ਸੱਚ ਸਾਹਮਣੇ ਆ ਸਕੇ। ਅਸੀਂ ਉਹ ਵੀਡੀਓ ਵੀ ਵੇਖਣਾ ਚਾਹੁੰਦੇ ਹਾਂ, ਜੋ ਪੁਲਿਸ ਨੇ ਸਬੂਤ ਵਜੋਂ ਰਿਕਾਰਡ ਨਾਲ ਨੱਥੀ ਕੀਤੀ ਹੈ।’

RELATED ARTICLES
POPULAR POSTS