Breaking News
Home / ਭਾਰਤ / ਕੇਜਰੀਵਾਲ ਨੇ ਟਾਈਟਲਰ ਮੁੱਦੇ ‘ਤੇ ਮੋਦੀ ਨੂੰ ਭੇਜੀ ਚਿੱਠੀ

ਕੇਜਰੀਵਾਲ ਨੇ ਟਾਈਟਲਰ ਮੁੱਦੇ ‘ਤੇ ਮੋਦੀ ਨੂੰ ਭੇਜੀ ਚਿੱਠੀ

Modi copy copyਸੀਬੀਆਈ ਉਪਰ ਟਾਈਟਲਰ ਨੂੰ ਬਚਾਉਣ ਦੇ ਦੋਸ਼
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਦਿੱਲੀ ਦੇ ਸਿੱਖ ਵਿਰੋਧੀ ਕਤਲੇਆਮ ਦੇ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਬਚਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਕਦਮ ਚੁੱਕਣ ਦੀ ਮੰਗ ਕੀਤੀ ਹੈ।ਕੇਜਰੀਵਾਲ ਦੀ ਟਾਈਟਲਰ ਨਾਲ ਇਕ ਤਸਵੀਰ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਟਾਈਟਲਰ ਨਾਲ ਮਿਲੇ ਹੋਣ ਦੇ ਲੱਗ ਰਹੇ ਦੋਸ਼ਾਂ ਤੋਂ ਬਚਣ ਦਾ ਯਤਨ ਕਰਦਿਆਂ ਹੀ ਉਨ੍ਹਾਂ ਨੇ ਪੱਤਰ ਪ੍ਰਧਾਨ ਮੰਤਰੀ ਨੂੰ ਭੇਜਿਆ ਹੈ। ਮੋਦੀ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ ਹੈ ਕਿ 1984 ਦਾ ਸਿੱਖ ਵਿਰੋਧੀ ਕਤਲੇਆਮ ਭਾਰਤ ਦੇ ਇਤਿਹਾਸ ਉਪਰ ਇਕ ਧੱਬਾ ਹਨ।ਉਨ੍ਹਾਂ ਦੋਸ਼ ਲਾਇਆ ਹੈ ਕਿ ਮੌਜੂਦਾ ਐਨਡੀਏ ਸਰਕਾਰ ਮੌਕੇ ਵੀ ਸੀਬੀਆਈ ਲਗਾਤਾਰ ਇਸ ਮਾਮਲੇ ਦੇ ਇਕ ਮੁੱਖ ਮੁਲਜ਼ਮ ਟਾਈਟਲਰ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। 24 ਦਸੰਬਰ-2014 ਨੂੰ ਦੇਸ਼ ਵਿੱਚ ਐਨਡੀਏ ਸਰਕਾਰ ਬਣਨ ਤੋਂ ਬਾਅਦ ਵੀ ਸੀਬੀਆਈ ਨੇ ਟਾਈਟਲਰ ਨੂੰ ਤੀਸਰੀ ਵਾਰ ਕਲੀਨ ਚਿੱਟ ਦਿੱਤੀ ਸੀ। ਦਿੱਲੀ ਦੀ ਇਕ ਅਦਾਲਤ ਨੇ 4 ਦਸੰਬਰ-2015 ਨੂੰ ਸੀਬੀਆਈ ਵੱਲੋਂ ਟਾਈਟਲਰ ਨੂੰ ਦਿੱਤੀ ਕਲੀਨ ਚਿੱਟ ਰੱਦ ਕਰਦਿਆਂ ਇਸ ਏਜੰਸੀ ਦੀ ਭਾਰੀ ਨੁਕਤਾਚੀਨੀ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਧੀਨ ਆਉਂਦੀ ਸੀਬੀਆਈ ਨੇ ਜਗਦੀਸ਼ ਟਾਈਟਲਰ ਨੂੰ ਬਚਾਉਣ ਲਈ ਇਹ ਮਾਮਲਾ ਠੱਪ ਕਰਨ ਦਾ ਕੇਸ ਅਦਾਲਤ ਵਿੱਚ ਪੇਸ਼ ਕੀਤਾ ਸੀ ਪਰ ਜੱਜ ਨੇ ਇਸ ਨੂੰ ਰੱਦ ਕਰ ਦਿੱਤਾ ਸੀ।ਕੇਜਰੀਵਾਲ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਅਦਾਲਤ ਖੁਦ ਮਹਿਸੂਸ ਕਰ ਰਹੀ ਹੈ ਕਿ ਸੀਬੀਆਈ ਵਾਰ-ਵਾਰ ਇਸ ਕੇਸ ਨੂੰ ਠੱਪ ਕਰਨ ਦਾ ਯਤਨ ਕਰ ਰਹੀ ਹੈ। ਇਸੇ ਤਹਿਤ 2 ਫਰਵਰੀ-2016 ਨੂੰ ਸੀਬੀਆਈ ਨੇ ਨਾ ਤਾਂ ਇਸ ਮਾਮਲੇ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਅਤੇ ਨਾ ਹੀ ਇਸ ਏਜੰਸੀ  ਦਾ ਕੋਈ ਅਧਿਕਾਰੀ ਅਦਾਲਤ ਵਿੱਚ ਪੁੱਜਾ। ਉਨ੍ਹਾਂ ਪੱਤਰ ਰਾਹੀਂ ਮੋਦੀ ਨੂੰ ਬੇਨਤੀ ਕੀਤੀ ਕਿ ਸਰਕਾਰ 1984 ਦੇ ਕਤਲੇਆਮ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਦੇਣ ਲਈ ਠੋਸ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਸੀਬੀਆਈ ਵੱਲੋਂ 24 ਦਸੰਬਰ-2014 ਨੂੰ ਅਦਾਲਤ ਵਿੱਚ ਪੇਸ਼ ਕੀਤੀ ਦਾਖਲ ਦਫਤਰ ਰਿਪੋਰਟ ਤੋਂ ਸਾਫ ਹੈ ਕਿ ਟਾਈਟਲਰ ਇਸ ਮਾਮਲੇ ਦੀ ਪੜਤਾਲ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ। ਮੁੱਖ ਮੰਤਰੀ ਨੇ ਹੈਰਾਨੀ ਜ਼ਾਹਰ ਕੀਤੀ ਕਿ ਸੀਬੀਆਈ ਇਸ ਗੰਭੀਰ ਮਾਮਲੇ ਵਿੱਚ ਟਾਈਟਲਰ ਨੂੰ ਜੇਲ੍ਹ ਵਿੱਚ ਕਿਉਂ ਨਹੀਂ ਬੰਦ ਕਰ ਰਹੀ? ਉਨ੍ਹਾਂ ਮੋਦੀ ਨੂੰ ਸੀਬੀਆਈ ਵੱਲੋਂ ਸਿੱਖ ਕਤਲੇਆਮ ਦੇ ਮੁਲਜ਼ਮਾਂ ਨੂੰ ਬਚਾਉਣ ਲਈ ਕੀਤੀਆਂ ਜਾ ਰਹੀਆਂ ਸਾਜ਼ਿਸ਼ਾਂ ਰੋਕਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

Check Also

ਭਾਰਤ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਿਆ

ਫਾਈਨਲ ਮੁਕਾਬਲੇ ਵਿਚ ਦੱਖਣੀ ਅਫ਼ਰੀਕਾ ਨੂੰ ਹਰਾਇਆ ਬਿ੍ਰਜਟਾਊਨ/ਬਿਊਰੋ ਨਿਊਜ਼ : ਭਾਰਤ ਨੇ ਕ੍ਰਿਕਟ ਟੀ-20 ਵਿਸ਼ਵ …