Breaking News
Home / ਭਾਰਤ / ਕੇਜਰੀਵਾਲ ਦੇ ‘ਮਹਿਲ’ ਉਤੇ 45 ਨਹੀਂ 171 ਕਰੋੜ ਰੁਪਏ ਖਰਚੇ ਗਏ : ਕਾਂਗਰਸ

ਕੇਜਰੀਵਾਲ ਦੇ ‘ਮਹਿਲ’ ਉਤੇ 45 ਨਹੀਂ 171 ਕਰੋੜ ਰੁਪਏ ਖਰਚੇ ਗਏ : ਕਾਂਗਰਸ

ਕਾਂਗਰਸੀ ਆਗੂ ਅਜੇ ਮਾਕਨ ਨੇ ਦਿੱਤਾ ਖਰਚੇ ਦਾ ਬਿਓਰਾ
ਨਵੀਂ ਦਿੱਲੀ: ਕਾਂਗਰਸ ਪਾਰਟੀ ਨੇ ਆਰੋਪ ਲਗਾਇਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਨਵੀਨੀਕਰਨ ‘ਤੇ 45 ਕਰੋੜ ਰੁਪਏ ਨਹੀਂ ਬਲਕਿ 171 ਕਰੋੜ ਰੁਪਏ ਦਾ ਖਰਚਾ ਆਇਆ ਹੈ ਕਿਉਂਕਿ ਦਿੱਲੀ ਦੀ ‘ਆਪ’ ਸਰਕਾਰ ਨੂੰ ਉਨ੍ਹਾਂ ਅਫਸਰਾਂ ਲਈ ਵਾਧੂ ਫਲੈਟ ਖਰੀਦਣੇ ਪਏ, ਜਿਨ੍ਹਾਂ ਦੇ ਘਰ ਜਾਂ ਤਾਂ ਮੁੱਖ ਮੰਤਰੀ ਦੇ ਰਿਹਾਇਸ਼ੀ ਕੰਪਲੈਕਸ ਦੇ ਵਿਸਤਾਰ ਲਈ ਢਾਹੁਣੇ ਪਏ ਜਾਂ ਖਾਲੀ ਕਰਨੇ ਪਏ।
ਕੇਜਰੀਵਾਲ ‘ਤੇ ਝੂਠੀ ਸਾਦੀ ਜੀਵਨਸ਼ੈਲੀ ਦੇ ਬਾਵਜੂਦ ਘਰ ‘ਤੇ ਕਰੋੜਾਂ ਰੁਪਏ ਖਰਚਣ ਦਾ ਆਰੋਪ ਲਗਾਉਂਦੇ ਹੋਏ ਕਾਂਗਰਸ ਦੇ ਬੁਲਾਰੇ ਤੇ ਸੀਨੀਅਰ ਆਗੂ ਅਜੇ ਮਾਕਨ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਦੇ ਉਲਟ ਦਿੱਲੀ ‘ਚ ਸਾਦਗੀ ਦੀ ਮੂਰਤ ਉਨ੍ਹਾਂ ਦੀ ਪਾਰਟੀ ਦੀ ਆਗੂ ਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਸੀ।
ਮਾਕਨ ਨੇ ਆਰੋਪ ਲਾਇਆ ਕਿ ਸ਼ੀਲਾ ਦੀਕਸ਼ਿਤ ਦੀ ਪੂਰੀ ਕੈਬਨਿਟ ਵਲੋਂ ਆਪਣੇ ਸ਼ਾਸਨ ਦੇ 15 ਸਾਲਾਂ ‘ਚ ਆਪਣੇ ਘਰਾਂ ‘ਤੇ ਖਰਚ ਕੀਤੀ ਰਕਮ ਦਾ ਅਰਵਿੰਦ ਕੇਜਰੀਵਾਲ ਵਲੋਂ ਆਪਣੇ ਮਹਿਲ ਦੇ ਨਵੀਨੀਕਰਨ ‘ਤੇ ਖਰਚ ਕੀਤੀ ਰਕਮ ਨਾਲ ਕੋਈ ਮੇਲ ਨਹੀਂ।
ਉਨ੍ਹਾਂ ਆਰੋਪ ਲਾਇਆ ਕਿ ਕੇਜਰੀਵਾਲ ਦੀ ਰਿਹਾਇਸ਼ ‘ਤੇ ਖਰਚ ਕੀਤੀ ਗਈ ਰਕਮ 45 ਕਰੋੜ ਰੁਪਏ ਨਹੀਂ ਬਲਕਿ 171 ਕਰੋੜ ਰੁਪਏ ਹੈ ਤੇ ਇਹ ਰਕਮ ਕੋਵਿਡ ਮਹਾਂਮਾਰੀ ਦੇ ਉਸ ਸਮੇਂ ਦੌਰਾਨ ਖਰਚ ਕੀਤੀ ਗਈ ਜਦੋਂ ਲੋਕ ਹਸਪਤਾਲ ਦੇ ਬੈੱਡਾਂ ਤੇ ਆਕਸੀਜਨ ਦੀ ਘਾਟ ਲਈ ਇਧਰ-ਉਧਰ ਭੱਜ ਰਹੇ ਸਨ। ਮਾਕਨ ਨੇ ਕਿਹਾ ਕਿ ਮੈਂ ਦੱਸਾਂਗਾ ਕਿ 171 ਕਰੋੜ ਰੁਪਏ ਕਿਵੇਂ ਖਰਚੇ ਗਏ। ਕੇਜਰੀਵਾਲ ਦੀ ਸਰਕਾਰੀ ਰਿਹਾਇਸ਼-6 ਫਲੈਗਸਟਾਫ ਰੋਡ ਸਿਵਲ ਲਾਈਨ ਕੋਲ 4 ਰਿਹਾਇਸ਼ੀ ਕੰਪਲੈਕਸ ਹਨ। ਇਨ੍ਹਾਂ ਚਾਰ ਰਿਹਾਇਸ਼ੀ ਕੰਪਲੈਕਸਾਂ ‘ਚ ਮਿਲ ਕੇ 22 ਅਫਸਰਾਂ ਦੇ ਫਲੈਟ ਹਨ। ਇਨ੍ਹਾਂ 22 ‘ਚੋਂ 15 ਜਾਂ ਤਾਂ ਪ੍ਰਾਪਤ ਕੀਤੇ ਗਏ, ਖਾਲੀ ਕੀਤੇ ਗਏ ਜਾਂ ਢਾਹ ਦਿੱਤੇ ਗਏ ਤੇ ਬਾਕੀ 7 ਲਈ ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਦੁਬਾਰਾ ਅਲਾਟ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਰੋਪ ਲਾਇਆ ਕਿ ਇਨ੍ਹਾਂ ਫਲੈਟਾਂ ਦੀ ਭਰਪਾਈ ਲਈ ਕੇਜਰੀਵਾਲ ਸਰਕਾਰ ਨੇ ਰਾਸ਼ਟਰਮੰਡਲ ਖੇਡਾਂ ਦੇ ਪਿੰਡ ‘ਚ 126 ਕਰੋੜ ਰੁਪਏ ਦੇ 21 ਟਾਈਪ-5 ਫਲੈਟ ਖਰੀਦੇ।
ਕਾਂਗਰਸੀ ਆਗੂ ਨੇ ਕਿਹਾ ਕਿ ਇਸ ਲਈ ਇਨ੍ਹਾਂ 21 ਫਲੈਟਾਂ ਦੀ ਕੀਮਤ ਨੂੰ ਵੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਖਰਚ ਹੋਈ ਕੁੱਲ ਕੀਮਤ ‘ਚ ਜੋੜ ਲੈਣਾ ਚਾਹੀਦਾ ਹੈ ਕਿਉਂਕਿ ਰਿਹਾਇਸ਼ ਨੂੰ ਵਧਾਉਣ ਲਈ ਇਹ ਜ਼ਰੂਰੀ ਸੀ।

 

Check Also

ਭਾਰਤ ਕ੍ਰਿਕਟ ਟੀ-20 ਵਰਲਡ ਕੱਪ ਦੇ ਫਾਈਨਲ ’ਚ ਪਹੁੰਚਿਆ

ਭਲਕੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ ਫਾਈਨਲ ਮੁਕਾਬਲਾ ਨਵੀਂ ਿਦੱਲੀ/ਬਿਊਰੋ ਨਿਊਜ਼ ਭਾਰਤ ਨੇ …