ਹੁਣ ਸ਼ਸ਼ੀ ਥਰੂਰ ਨੇ ਵੀ ਵੋਟਰ ਸੂਚੀ ਜਨਤਕ ਕਰਨ ਦੀ ਕੀਤੀ ਮੰਗ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਪਾਰਟੀ ਦੇ ਸੀਨੀਅਰ ਆਗੂਆਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਇਸੇ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਪਾਰਟੀ ਦੀ ਕੇਂਦਰੀ ਚੋਣ ਅਥਾਰਟੀ ਦੇ ਮੁਖੀ ਮਧੂਸੂਦਨ ਮਿਸਤਰੀ ਨੂੰ ਪੱਤਰ ਲਿਖ ਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਲਈ ਵੋਟਰ ਸੂਚੀ ਪ੍ਰਕਾਸ਼ਿਤ ਕਰਨ ਦੀ ਅਪੀਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਸਾਮ ਦੇ ਸੰਸਦ ਮੈਂਬਰ ਪ੍ਰਦਯੁਤ ਬੋਰਦੋਲੋਈ ਨੇ ਵੀ ਮਿਸਤਰੀ ਨੂੰ ਪੱਤਰ ਲਿਖ ਕੇ ਵੋਟਰ ਸੂਚੀ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਹ ਪੱਤਰ ਅਜਿਹੇ ਸਮੇਂ ’ਚ ਲਿਖੇ ਹਨ ਜਦੋਂ ਵੋਟਰ ਸੂਚੀਆਂ ਨੂੰ ਜਨਤਕ ਕਰਨ ਦੀ ਮੰਗ ਦਿਨੋਂ-ਦਿਨ ਜ਼ੋਰ ਫੜਦੀ ਜਾ ਰਹੀ ਹੈ ਅਤੇ ਪਾਰਟੀ ਅੰਦਰ ਇਸ ’ਤੇ ਬਹਿਸ ਤੇਜ਼ ਹੋ ਗਈ ਹੈ। ਇਸ ਤੋਂ ਪਹਿਲਾਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਾਰਟੀ ਪ੍ਰਧਾਨ ਦੀ ਚੋਣ ਨਾਲ ਸਬੰਧਤ ਡੈਲੀਗੇਟਾਂ ਦੀ ਸੂਚੀ ਦਾ ਖੁਲਾਸਾ ਨਾ ਕਰਨ ’ਤੇ ਸਵਾਲ ਉਠਾਏ ਸਨ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਲਈ ਨਿਰਪੱਖ ਅਤੇ ਆਜ਼ਾਦ ਚੋਣ ਜ਼ਰੂਰੀ ਹੈ ਅਤੇ ਇਸ ਸਬੰਧੀ ਸੂਚੀ ਪਾਰਟੀ ਦੀ ਵੈੱਬਸਾਈਟ ’ਤੇ ਪਾਈ ਜਾਵੇ। ਲੋਕ ਸਭਾ ਮੈਂਬਰ ਤਿਵਾੜੀ ਨੇ ਕਿਹਾ ਕਿ ਕਲੱਬ ਚੋਣਾਂ ਵਿੱਚ ਵੀ ਅਜਿਹਾ ਨਹੀਂ ਹੁੰਦਾ। ਧਿਆਨ ਰਹੇ ਕਿ ਕਾਂਗਰਸ ਵਿੱਚ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਲਈ ਚੋਣਾਂ ਹੋਣੀਆਂ ਹਨ। ਨਵੇਂ ਪ੍ਰਧਾਨ ਦੀ ਚੋਣ ਲਈ ਵੋਟਾਂ 17 ਅਕਤੂਬਰ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ।
Check Also
ਕਾਂਗਰਸ ਪਾਰਟੀ ਦਾ ਦੋ ਦਿਨਾ 84ਵਾਂ ਸੈਸ਼ਨ ਗੁਜਰਾਤ ਦੇ ਅਹਿਮਦਾਬਾਦ ’ਚ ਹੋਇਆ ਸ਼ੁਰੂ
ਮਲਿਕਾ ਅਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਕੀਤੀ ਸ਼ਮੂਲੀਅਤ ਅਹਿਮਦਾਬਾਦ/ਬਿਊਰੋ ਨਿਊਜ਼ : ਕਾਂਗਰਸ …