ਭਾਰਤ ਸਰਕਾਰ ਨੇ 13 ਹਜ਼ਾਰ ਹੈਲਮਟ ਖਰੀਦਣ ਦਾ ਦਿੱਤਾ ਆਰਡਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਭਾਰਤੀ ਸਿੱਖ ਫੌਜੀਆਂ ਦੀ ਸੁਰੱਖਿਆ ਦਾ ਦਾਅਵਾ ਕਰਦਿਆਂ ਉਨ੍ਹਾਂ ਨੂੰ ਹੈਲਮਟ ਪਵਾਉਣ ਦਾ ਮਨ ਬਣਾ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਸਿੱਖ ਫੌਜੀਆਂ ਦੀ ਸੁਰੱਖਿਆ ਦੇ ਹਵਾਲੇ ਨਾਲ 13 ਹਜ਼ਾਰ ਦੇ ਕਰੀਬ ਹੈਲਮਟ ਖਰੀਦਣ ਜਾ ਰਹੀ ਹੈ। ਵੱਖੋ-ਵੱਖ ਸਾਈਜ਼ ਦੇ ਹੈਲਮਟ ਖਰੀਦਣ ਦੇ ਲਈ ਆਰਡਰ ਦਿੱਤੇ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। 13 ਹਜ਼ਾਰ ਦੇ ਕਰੀਬ ਹੈਲਮਟ ਖਰੀਦਣ ਦੇ ਆਰਡਰ ਦਿੱਤੇ ਗਏ ਹਨ। ਇਹ ਵੀ ਤੱਥ ਸਾਹਮਣੇ ਆ ਰਹੇ ਹਨ ਕਿ ਕੇਂਦਰ ਸਰਕਾਰ ਨੇ ਕੁੱਲ 12730 ਹੈਲਮਟ ਖਰੀਦਣ ਦੇ ਲਈ ‘ਰਿਕਵੈਸਟ ਫਾਰ ਪਰਪੋਜ਼ਲ’ ਤਿਆਰ ਕਰ ਲਿਆ ਹੈ ਜਿਸ ਵਿਚ 8911 ਵੱਡੇ (ਲਾਰਜ) ਹੈਲਮਟ ਅਤੇ 3819 ਬਹੁਤ ਵੱਡੇ (ਐਕਸਟਰਾ ਲਾਰਜ) ਹੈਲਮਟ ਖਰੀਦਣ ਦੀ ਯੋਜਨਾ ਬਣਾਈ ਹੈ ਅਤੇ ਇਨ੍ਹਾਂ ਦਾ ਸਵਦੇਸ਼ੀ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਹੈਲਮਟ ਸਿੱਖ ਫੌਜੀ ਪੱਗ ਦੇ ਉਪਰੋਂ ਵੀ ਪਹਿਨ ਸਕਦੇ ਹਨ। ਜ਼ਿਕਰਯੋਗ ਹੈ ਕਿ ਸਿੱਖ ਪੰਥ ਨੂੰ ਮੰਨਣ ਵਾਲੇ ਪੰਥਕ ਮਰਿਆਦਾ ਅਨੁਸਾਰ ਲੋਹ ਟੋਪ ਨਹੀਂ ਪਾਉਂਦੇ। ਸਿੱਖ ਸੈਨਿਕ ਪ੍ਰੈਕਟਿਸ ਦੇ ਦੌਰਾਨ ਵੀ ਪੱਗ ਦੇ ਥੱਲਿਓਂ ਇਕ ਬੁਲਟ ਪਰੂਫ ਪਟਕਾ ਜ਼ਰੂਰ ਪਾਉਂਦੇ ਹਨ ਪਰ ਹੁਣ ਸੁਰੱਖਿਆ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਉਹ ਬੁਲਟ ਪਰੂਫ ਪਟਕਾ ਪੂਰੇ ਸਿਰ ਨੂੰ ਸਹੀ ਸੁਰੱਖਿਆ ਨਹੀਂ ਦੇ ਪਾਉਂਦੇ ਇਸ ਲਈ ਇਹ ਵਿਸ਼ੇਸ਼ ਤਰ੍ਹਾਂ ਦੇ ਹੈਲਮਟ ਪਾਉਣੇ ਸਿੱਖ ਫੌਜੀਆਂ ਲਈ ਵੀ ਲਾਜ਼ਮੀ ਹੋ ਸਕਦੇ ਹਨ। ਇਹ ਖ਼ਬਰਾਂ ਨਸਰ ਹੋਣ ਤੋਂ ਬਾਅਦ ਪੰਥਕ ਹਲਕਿਆਂ ਵਿਚ ਜਿੱਥੇ ਰੋਸਾ ਪਣਪ ਰਿਹਾ ਹੈ ਉਥੇ ਹੀ ਇਹ ਫਿਕਰਮੰਦੀ ਵੀ ਘਰ ਕਰਦੀ ਜਾ ਰਹੀ ਹੈ ਕਿ ਇਸ ਪਿੱਛੇ ਸਿੱਖ ਨੌਜਵਾਨਾਂ ਨੂੰ ਭਾਰਤੀ ਫੌਜ ਤੋਂ ਬਾਹਰ ਰੱਖਣ ਦੀ ਕੋਈ ਸਾਜ਼ਿਸ਼ ਤਾਂ ਨਹੀਂ। ਸਿੱਖ ਫੌਜੀਆਂ ਨੂੰ ਹੈਲਮਟ ਪਵਾਉਣ ਵਾਲੀ ਖਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੇ ਵੱਖੋ-ਵੱਖ ਨੁਮਇੰਦਿਆਂ ਅਤੇ ਹੋਰ ਪੰਥਕ ਸੰਗਠਨਾਂ ਵੱਲੋਂ ਨਿਖੇਧੀ ਭਰੇ ਬਿਆਨ ਸਾਹਮਣੇ ਆ ਰਹੇ ਹਨ। ਪ੍ਰੰਤੂ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਜਾਂ ਰੱਖਿਆ ਮੰਤਰਾਲੇ ਵੱਲੋਂ ਜਾਂ ਭਾਰਤੀ ਫੌਜ ਦੇ ਮੁਖੀਆਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।