ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਚੋਟੀ ਦੇ ਡੈਮੋਕਰੈਟਸ ਆਗੂਆਂ ਨੇ ਨਵੀਂ ਸਮਾਲ ਬਿਜ਼ਨਸ ਐਡਮਨਿਸਟ੍ਰੇਸ਼ਨ (ਐਸ ਬੀ ਏ) ਨੀਤੀ ਦੀ ਅਲੋਚਨਾ ਕੀਤੀ ਹੈ ਜਿਸ ਤਹਿਤ ਕਾਨੂੰਨੀ ਸਥਾਈ ਵਾਸੀ ਪ੍ਰਵਾਸੀਆਂ ਉਪਰ ਕਰਜ਼ਾ ਲੈਣ ‘ਤੇ ਰੋਕ ਲਾਈ ਗਈ ਹੈ। ਸੈਨੇਟਰ ਐਡਵਰਡ ਜੇ ਮਾਰਕੇ (ਐਮ ਏ) ਤੇ ਪ੍ਰਤੀਨਿੱਧ ਨਾਇਡੀਆ ਵੇਲਾਜ਼ਕੁਏਜ਼ (ਐਨ ਵਾਈ) ਨੇ ਕਿਹਾ ਹੈ ਕਿ ਇਸ ਨੀਤੀ ਨਾਲ ਪ੍ਰਵਾਸੀ ਉੱਦਮੀ ਪ੍ਰਭਾਵਿਤ ਹੋਣਗੇ ਤੇ ਸਥਾਨਕ ਅਰਥ ਵਿਵਸਥਾ ਉਪਰ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਇਸ ਨੀਤੀ ਤਹਿਤ ਦਹਾਕਿਆਂ ਪੁਰਾਣੇ ਅਮਲ ਨੂੰ ਪੁੱਠਾ ਗੇੜਾ ਦੇ ਦਿੱਤਾ ਗਿਆ ਹੈ ਤੇ ਕਾਨੂੰਨੀ ਪ੍ਰਵਾਸੀ ਜੋ ਛੋਟੇ ਕਾਰੋਬਾਰ ਕਰਦੇ ਹਨ, ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ। ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਟਰੰਪ ਪ੍ਰਸਾਸ਼ਨ ਪ੍ਰਵਾਸੀਆਂ ਤੇ ਛੋਟੇ ਕਾਰੋਬਾਰੀਆਂ ਵਿਚ ਨਫਰਤ, ਡਰ ਤੇ ਭੰਬਲਭੂਸਾ ਪੈਦਾ ਕਰ ਰਿਹਾ ਹੈ। ਚਾਹੀਦਾ ਤਾਂ ਇਹ ਸੀ ਕਿ ਟਰੰਪ ਪ੍ਰਸਾਸ਼ਨ ਕਾਨੂੰਨੀ ਪ੍ਰਵਾਸੀਆਂ ਦੀ ਕਾਰੋਬਾਰ ਵਧਾਉਣ ਵਿੱਚ ਮੱਦਦ ਕਰਦਾ ਪਰੰਤੂ ਹੋ ਇਸ ਦੇ ਉਲਟ ਰਿਹਾ ਹੈ। ਐਸ ਬੀ ਏ ਵੱਲੋਂ ਪ੍ਰਕਾਸ਼ਿਤ ਨਵੀਂ ਨੀਤੀ ਪਹਿਲੀ ਮਾਰਚ ਤੋਂ ਲਾਗੂ ਹੋਵੇਗੀ। ਨਵੇਂ ਨਿਯਮ ਤਹਿਤ ਛੋਟੇ ਕਾਰੋਬਾਰ ਦਾ ਮਾਲਕ ਸੌ ਪ੍ਰਤੀਸ਼ਤ ਅਮਰੀਕੀ ਨਾਗਰਿਕ ਹੋਣਾ ਚਾਹੀਦਾ ਹੈ ਤੇ ਕਾਨੂੰਨੀ ਤੌਰ ‘ਤੇ ਪੀ ਆਰ ਜਿਨਾਂ ਨੂੰ ਗਰੀਨ ਕਾਰਡਧਾਰਕ ਵੀ ਕਿਹਾ ਜਾਂਦਾ ਹੈ, ਦਾ ਐਸਬੀਏ ਤੋਂ ਲਏ ਕਰਜੇ ਵਾਲੇ ਕਾਰੋਬਾਰ ਵਿੱਚ ਕੋਈ ਹਿੱਸਾ ਨਹੀਂ ਹੋਣਾ ਚਾਹੀਦਾ।

